''ਮੋਦੀਆ ਤੇਰੇ ਵਰਗੇ ਲੱਖਾਂ ਮੋਦੀ ਜੰਮ ਜਾਣ, ਕਿਸਾਨਾਂ ਦਾ ਸਿਰ ਨਹੀਂ ਝੁਕਾ ਸਕਦੇ''
ਲੀਡਰਾਂ ਨੂੰ ਧਰਨਿਆਂ ਤੋਂ ਦੂਰ ਰੱਖਣ ਦੀ ਕੀਤੀ ਅਪੀਲ
ਰਾਜਪੁਰਾ : ਮੋਦੀ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ । ਜਿੱਥੇ ਥਾਂ ਥਾਂ 'ਤੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਵਿਰੁੱਧ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਥੇ ਹੀ ਇਨ੍ਹਾਂ ਕਾਨੂੰਨਾਂ ਤੋਂ ਲਾਹਾ ਲੈਣ ਵਾਲੀਆਂ ਅੰਬਾਨੀ-ਅਡਾਨੀ ਦੀਆਂ ਕੰਪਨੀਆਂ ਦੇ ਟੋਲ ਪਲਾਜ਼ੇ, ਪੈਟਰੌਲ ਪੰਪ ਅਤੇ ਗੋਦਾਮ ਵੀ ਘੇਰੇ ਜਾ ਰਹੇ ਹਨ।
ਰਾਜਪੁਰਾ-ਪਟਿਆਲਾ ਰੋਡ 'ਤੇ ਬਣੇ ਟੋਲ ਪਲਾਜ਼ਾ ਨੂੰ ਵੀ ਕਿਸਾਨਾਂ ਨੇ ਬੰਦ ਕੀਤਾ ਹੋਇਆ, ਇਸ ਮੌਕੇ ਬੋਲਦਿਆਂ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਬਰਜਿੰਦਰ ਸਿੰਘ ਪਰਵਾਨਾ ਨੇ ਅਪਣੇ ਜੋਸ਼ ਭਰੀ ਤਕਰੀਰ ਵਿਚ ਕਿਸਾਨਾਂ ਨੂੰ ਇਸ ਅੰਦੋਲਨ ਦੇ ਲਈ ਲਾਮਬੰਦ ਕੀਤਾ।
ਉਨ੍ਹਾਂ ਆਖਿਆ ਕਿ ਜੇ ਅੰਦੋਲਨ ਨੂੰ ਸਿਰੇ ਚੜ੍ਹਾਉਣਾ ਹੈ ਤਾਂ ਲੀਡਰਾਂ ਵਿਚ ਧਰਨਿਆਂ ਵਿਚ ਨਾ ਵੜਨ ਦਿੱਤਾ ਜਾਵੇ, ਕਿਉਂਕਿ ਜੇ ਇਨ੍ਹਾਂ ਲੀਡਰਾਂ ਨੂੰ ਕਿਸਾਨਾਂ ਦਾ ਦਰਦ ਹੁੰਦਾ ਤਾਂ ਅੱਜ ਇਹ ਲੀਡਰ ਸੁੱਖ ਦੀ ਨੀਂਦ ਸੁੱਤੇ ਨਾ ਹੁੰਦੇ ਬਲਕਿ ਕਿਸਾਨਾਂ ਦੇ ਨਾਲ ਧਰਨਿਆਂ ਵਿਚ ਬੈਠੇ ਹੁੰਦੇ।
ਉਨ੍ਹਾਂ ਇਹ ਵੀ ਆਖਿਆ ਕਿ ਪੰਜਾਬੀ ਹਰ ਕਿਸੇ ਦੀ ਮਦਦ ਕਰਦੇ ਨੇ ਪਰ ਪੰਜਾਬੀਆਂ ਦੀ ਮਦਦ ਕਰਨ ਲਈ ਕੋਈ ਨਹੀਂ ਆਉਂਦਾ।