ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰ ਦਾ ਕਿਸਾਨ ਕੈਂਪ ਲਗਾਇਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਟੀ ਕਮਿਸ਼ਨਰ ਬਠਿੰਡਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵਲੋਂ ਹਾੜੀ ਦੀਆਂ ਫਸਲਾਂ ਦੀ ਸੁਚੱਜੀ ਖਰੀਦ ਲਈ ਢੁੱਕਵੇ ਪ੍ਰਬੰਧ ਕੀਤੇ ਜਾ ਚੁੱਕੇ ਹਨ

image

ਬਠਿੰਡਾ, 05 ਅਪ੍ਰੈਲ (ਸੁਖਜਿੰਦਰ ਮਾਨ):-ਅੱਜ ਸਥਾਨਕ ਖੇਤੀ ਭਵਨ ਡੱਬਵਾਲੀ ਰੋਡ ਵਿਖੇ ਸਾਉਣੀ ਦੀਆਂ ਫਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਆਤਮਾ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰ ਦਾ ਕਿਸਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ  ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਗਵਰਨਿੰਗ ਬੋਰਡ ਆਤਮਾ ਦੀਪਰਵਾ ਲਾਕਰਾ ਵਲੋਂ ਕੀਤਾ ਗਿਆ । ਜਦੋਂ ਕਿ ਇਸ ਕੈਂਪ ਦੀ ਪ੍ਰਧਾਨਗੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਜਸਬੀਰ ਸਿੰਘ ਬੈਂਸ ਵਲੋਂ ਕੀਤੀ ਗਈ । ਇਸ ਕੈਂਪ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵਿਸ਼ੇਸ਼ ਤੌਰ 'ਤੇ ਪਹੁੰਚੇ । ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵਲੋਂ ਹਾੜੀ ਦੀਆਂ ਫਸਲਾਂ ਦੀ ਸੁਚੱਜੀ ਖਰੀਦ ਲਈ ਢੁੱਕਵੇ ਪ੍ਰਬੰਧ ਕੀਤੇ ਜਾ ਚੁੱਕੇ ਹਨ । ਉਨ੍ਹਾਂ  ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਦੀ ਸਮੇਂ-ਸਿਰ ਬਿਜਾਈ ਕਰਨ ਲਈ ਨਹਿਰੀ ਪਾਣੀ ਦੀ ਸਪਲਾਈ 20 ਅਪ੍ਰੈਲ ਤੋਂ ਲਗਾਤਰ ਜਾਰੀ ਰੱਖਣ ਸਬੰਧੀ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਨਰਮੇ ਦੀ ਬਿਜਾਈ ਕਰਨ ਵਾਲੇ ਪਿੰਡਾਂ ਵਿਚ ਪਾਵਰ ਕਾਰਪੋਰੇਸ਼ਨ ਨਾਲ ਸੰਪਰਕ ਕਰਕੇ ਬਿਜਲੀ ਦੀ ਸਪਲਾਈ 8 ਘੰਟੇ ਦੇਣ ਬਾਰੇ ਸੁਨਿਸ਼ਚਿਤ ਕੀਤਾ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਫਸਲਾਂ ਦੇ ਵੱਧ ਝਾੜ ਲੈਣ ਲਈ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਕਿਸਾਨਾਂ ਨੂੰ ਜ਼ਮੀਨ ਦੀ ਸਿਹਤ-ਸੰਭਾਲ, ਖਾਦਾਂ ਅਤੇ ਪਾਣੀ ਦੀ ਸਹੀ ਵਰਤੋਂ, ਵਰਮੀ-ਕੰਪੋਸਟ ਖਾਦ ਤਿਆਰ ਕਰਨਾ, ਐਗਰੋ ਫੌਰੈਸਟਰੀ ਅਤੇ ਬੀ-ਕੀਪਿੰਗ, ਮੱਛੀ ਪਾਲਣ, ਡੈਅਰੀ ਆਦਿ ਧੰਦੇ ਅਪਨਾਉਣ ਵਾਸਤੇ ਪ੍ਰੇਰਿਤ ਕੀਤਾ ।
                    ਡਾ ਜਸਬੀਰ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਸਾਉਣੀ ਦੀਆਂ ਫਸਲਾਂ ਦੇ ਪ੍ਰਮਾਣਿਤ ਬੀਜਾਂ ਦੀ ਲੋੜ ਨੂੰ ਪੂਰਾ ਕਰਨ ਲਈ ਸਪਲਾਈ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਨਾਲ ਤਾਲਮੇਲ ਕਰਕੇ ਮੰਗ ਅਨੁਸਾਰ ਬੀਜ ਦੇ ਪ੍ਰਬੰਧ ਕੀਤੇ ਗਏ ਹਨ । ਖਾਦਾਂ ਦੇ ਸਬੰਧ ਵਿਚ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੰਤੁਲਿਤ ਖਾਦਾਂ ਦੀ ਵਰਤੋਂ, ਮਿੱਟੀ ਅਤੇ ਪਾਣੀ ਨੂੰ ਟੈਸਟ ਕਰਾਉਣ ਉਪਰੰਤ ਹੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਦਾ ਖਰਚ ਖਾਦਾਂ 'ਤੇ ਘੱਟ ਹੋਵੇ । ਸਾਉਣੀ ਦੀਆਂ ਫਸਲਾਂ ਲਈ ਕਿਸਾਨਾਂ ਨੂੰ ਸਮੇਂ-ਸਿਰ ਰਸਾਇਣਿਕ ਖਾਦਾਂ ਮੁਹੱਈਆ ਕਰਨ ਦੇ ਪ੍ਰਬੰਧ ਕੀਤੇ ਗਏ ਹਨ । ਖਾਦਾਂ ਦੀ ਸੀਜ਼ਨ ਦੌਰਾਨ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ।
         ਇਸ ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮਹਿਮਾਨ ਡਾ. ਸੁਖਦੇਵ ਸਿੰਘ ਸਿੱਧੂ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਵਲੋ ਪਿਛਲੇ ਸਾਲ ਨਰਮੇ ਦਾ ਚੰਗਾ ਝਾੜ ਲੈਣ ਲਈ ਕਿਸਾਨਾਂ ਨੂੰ ਮੁਬਾਰਕਬਾਦ ਦਿਤੀ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਾਲ ਪੀ.ਏ.ਯੂ. ਲੁਧਿਆਣਾ ਵਲੋਂ ਸਿਫਾਰਸ਼ਾਂ ਕੀਤੀਆਂ ਨਰਮੇ ਦੀਆਂ ਕਿਸਮਾਂ ਹੇਠ ਵੱਧ ਤੋ ਵੱਧ ਰਕਬੇ ਵਿਚ ਬਿਜਾਈ ਕੀਤੀ ਜਾਵੇ। ਉਨ੍ਹਾਂ ਵਲੋਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਗੁਜਰਾਤੀ ਅਤੇ ਅਣ-ਅਧਿਕਾਰਤ ਬੀਜ ਦੀ ਬਿਜਾਈ ਨਾ ਕੀਤੀ ਜਾਵੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਜ਼ਿਲ੍ਹੇ ਵਿਚ ਚੱਲ ਰਹੀਆਂ ਵਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਸਾਉਣੀ 2018 ਦੌਰਾਨ ਨਰਮੇ/ ਕਪਾਹ ਹੇਠ 110000 ਹੈਕ. ਅਤੇ ਝੋਨੇ ਹੇਠ 150000 ਹੈਕ. ਰਕਬੇ ਵਿਚ ਬਿਜਾਈ ਕਰਨ ਦਾ ਟੀਚਾ ਮਿਥਿਆ ਗਿਆ ਹੈ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਅਤੇ ਝੋਨੇ ਦੇ ਨਾੜ/ ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਣ ਨੂੰ ਦੂਸ਼ਿਤ ਨਾ ਕੀਤਾ ਜਾਵੇ ।
              ਇਸ ਮੌਕੇ ਸ੍ਰੀ ਗੁਰਤੇਜ ਸਿੰਘ ਖੇਤੀਬਾੜੀ ਸੂਚਨਾ ਅਫਸਰ ਬਠਿੰਡਾ ਵਲੋਂ ਪਿਛਲੇ ਸਾਲ ਵਿਭਾਗ ਦੀ ਨਿਗਰਾਨੀ ਹੇਠ ਨਰਮੇ ਦੀ ਫਸਲ ਦਾ ਚੰਗਾ ਝਾੜ ਲੈਣ ਵਾਲੇ ਕਿਸਾਨਾਂ ਸਬੰਧੀ ਆਪਣੇ ਨੁਕਤੇ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਵਿਭਾਗ ਦੀਆ ਸਿਫਾਰਸ਼ਾ ਅਨੁਸਾਰ ਹੀ ਸਪਰੇ ਕਰਨ ਦੇ ਸੁਝਾਅ ਦਿਤੇ । 
       ਇਸ ਮੌਕੇ ਡਾ. ਪਰਮਜੀਤ ਸਿੰਘ ਡਾਇਰੈਕਟਰ ਰਿਜਨਲ ਰਿਸਰਚ ਸੈਂਟਰ ਵਲੋਂ ਸਾਉਣੀ ਲਈ ਨਰਮੇ ਦੇ ਬੀ.ਟੀ. ਬੀਜ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿਤੀ ਗਈ । ਇਸ ਤੋ ਇਲਾਵਾ ਉਨਾਂ ਨਾਲ ਆਏ ਸਾਇੰਸਦਾਨਾਂ ਨੇ ਵੱਖ-ਵੱਖ ਵਿਸ਼ਿਆਂ ਬਾਰੇ ਤਕਨੀਕੀ ਜਾਣਕਾਰੀ ਦਿਤੀ ਅਤੇ ਕਿਸਾਨਾਂ ਵਲੋਂ ਪੁੱਛੇ ਗਏ ਸਵਾਲਾਂ ਬਾਰੇ ਤਸੱਲੀਬਖਸ਼ ਜਵਾਬ ਦਿਤੇ।