ਫ਼ਸਲੀ ਵਿਭਿੰਨਤਾ ਵਿਚ ਪੈ ਕੇ ਹੁਣ ਪਛਤਾ ਰਹੇ ਹਨ ਕਿਸਾਨ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਗੰਨਾ ਉਤਪਾਦਕਾਂ ਦੀ 700 ਕਰੋੜ ਦੀ ਅਦਾਇਗੀ ਮਿੱਲਾਂ ਵਲ ਖੜੀ

SugarCane

 ਪੰਜਾਬ ਦੇ ਕਿਸਾਨਾਂ ਨੂੰ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਸਹਿਕਾਰੀ ਅਤੇ ਨਿਜੀ ਮਿਲਾਂ ਦੀ ਤਰਫ਼ੋਂ ਗੰਨੇ ਦੀ ਫ਼ਸਲ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। 
ਜਾਣਕਾਰੀ ਅਨੁਸਾਰ ਸਰਕਾਰ ਅਤੇ ਖੰਡ ਮਿੱਲਾਂ ਵਲ ਕਿਸਾਨਾਂ ਦੀ ਕਰੀਬ 700 ਕਰੋੜ ਰੁਪਏ ਦੀ ਅਦਾਇਗੀ ਖੜੀ ਹੈ। ਕਿਸਾਨਾਂ ਦੀ ਅਜਿਹੀ ਹਾਲਤ ਵਿਚ ਵੀ ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਦੀ ਪੰਜਾਬ ਸਰਕਾਰ ਵਲੋਂ ਬਾਂਹ ਨਹੀਂ ਫੜੀ ਜਾ ਰਹੀ। ਇਕ ਪਾਸੇ ਤਾਂ ਖੇਤੀਬਾੜੀ ਮਾਹਰਾਂ ਅਤੇ ਸਰਕਾਰਾਂ ਵਲੋਂ ਕਿਸਾਨਾਂ ਨੂੰ ਕਣਕ ਝੋਨੇ ਦੀਆਂ ਰਿਵਾਇਤੀ ਫ਼ਸਲਾਂ ਦੀ ਫ਼ਸਲੀ ਵਿਭਿੰਨਤਾ ਦੀ ਬਿਜਾਈ ਕਰਨ ਦੀਆਂ ਸਲਾਹਾਂ ਦਿਤੀਆਂ ਜਾਂਦੀਆਂ ਹਨ ਪਰ ਦੂਸਰੇ ਪਾਸੇ ਫ਼ਸਲੀ ਵਿਭਿੰਨਤਾ ਦੇ ਰਾਹ ਪੈ ਕੇ ਗੰਨੇ ਦੀ ਬਿਜਾਈ ਸ਼ੁਰੂ ਕੀਤੀ ਹੈ ਤਾਂ ਕਿਸਾਨਾਂ ਦੀ ਹਾਲਤ ਤਾਂ ਸਗੋਂ ਹੋਰ ਬਦ ਤੋਂ ਬਦਤਰ ਬਣਦੀ ਜਾ ਰਹੀ ਹੈ। ਗੰਨਾ ਉਤਪਾਦਕ ਕਿਸਾਨਾਂ ਸਰਕਾਰ ਦੇ ਆਖੇ ਲੱਗ ਕੇ ਫ਼ਸਲੀ ਵਿਭਿੰਨਤਾ ਦਾ ਮਾਰਗ ਫੜਿਆ ਹੋਇਆ ਹੈ ਤਾਂ ਕਿਸਾਨਾਂ ਨੂੰ ਮਿੱਲਾਂ ਨੂੰ ਵੇਚੇ ਅਪਣੇ ਗੰਨੇ ਦੀ ਅਦਾਇਗੀ ਲੈਣ ਵਾਸਤੇ ਹੀ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ। ਇਕ ਪਾਸੇ ਤਾਂ ਸਰਕਾਰ ਨੇ ਕਿਸਾਨਾਂ ਦਾ ਹੁਣ ਤਕ ਸਿਰਫ਼ 320 ਕਰੋੜ ਦਾ ਕਰਜ਼ਾ ਮਾਫ਼ ਕੀਤਾ ਹੈ ਅਤੇ ਦੂਸਰੇ ਪਾਸੇ ਕਿਸਾਨਾਂ ਦੇ ਮਿੱਲਾਂ ਵਲ ਬਕਾਇਆ ਪਏ ਗੰਨੇ ਦੇ ਖੜੇ 700 ਕਰੋੜ ਰੁਪਏ ਨਹੀਂ ਦਿਤੇ ਜਾ ਰਹੇ। ਜਾਣਕਾਰੀ ਅਨੁਸਾਰ ਕਿਸਾਨਾਂ ਸਹਿਕਾਰੀ ਖੰਡ ਮਿੱਲਾਂ ਵੱਟ ਕਿਸਾਨਾਂ ਦੀ ਇਸੇ ਸਾਲ ਦੀ 290 ਕਰੋੜ ਰੁਪਏ ਦੀ ਰਕਮ ਬਕਾਇਆ ਖੜੀ ਹੈ।

ਜਦਕਿ ਨਿਜੀ ਮਿੱਲ ਮਾਲਕਾਂ ਵਲ ਕਿਸਾਨਾਂ ਦੀ ਕਰੀਬ 400 ਕਰੋੜ ਰੁਪਏ ਦੀ ਅਦਾਇਗੀ ਬਕਾਇਆ ਪਈ ਹੈ। ਦਸਿਆ ਜਾ ਰਿਹਾ ਹੈ ਇਸ ਵਰ੍ਹੇ ਦੇ ਸ਼ੁਰੂ ਤੋਂ ਸਿਰਫ਼ ਦਸੂਹਾ ਖੰਡ ਮਿੱਲ ਹੀ ਕਿਸਾਨਾਂ ਨੂੰ ਨਾਲੋ ਨਾਲ ਗੰਨੇ ਦੀ ਅਦਾਇਗੀ ਕਰ ਰਹੀ ਹੈ। ਜਦਕਿ ਪੰਜਾਬ ਦੀ ਹੋਰ ਕਿਸੇ ਵੀ ਸਹਿਕਾਰੀ ਜਾਂ ਨਿਜੀ ਮਿੱਲ ਵਲੋਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਕਿਸਾਨ ਅਪਣੀਆਂ ਸਾਰੀਆਂ ਦੀ ਫ਼ਸਲਾਂ ਅਪਣੇ ਧੀਆਂ ਪੁੱਤਾਂ ਵਾਂਗ ਪਾਲਦਾ ਹੈ ਅਤੇ ਸਿਰਫ਼ ਇਸ ਆਸ ਨਾਲ ਟਰੈਕਟਰਾਂ ਰਾਹੀਂ ਕਿਸਾਨ ਅਪਣਾ ਗੰਨਾ ਮਿੱਲਾਂ ਵਿਚ ਸੁੱਟ ਰਹੇ ਹਨ ਕਿ ਚਲੋ ਕਦੇ ਨਾ ਕਦੇ ਤਾਂ ਵੇਚੇ ਗੰਨੇ ਦੇ ਪੈਸੇ ਮਿਲਣਗੇ ਹੀ। ਇਕ ਆਰਥਕ ਮਾਹਰ ਨੇ ਦਸਿਆ ਕਿ ਆਲੂ ਅਤੇ ਹੋਰ ਫ਼ਸਲਾਂ ਦੀ ਬਜਾਏ ਗੰਨੇ ਹੇਠ ਕਾਸ਼ਤ ਵੱਧ ਕੀਤੀ ਤੇ ਮੌਸਮ ਚੰਗਾ ਰਹਿਣ ਕਾਰਨ ਗੰਨੇ ਦੀ ਪਿੜਾਈ ਵਲ ਕੋਈ ਧਿਆਨ ਨਹੀਂ ਦਿਤਾ ਜਿਸ ਕਾਰਨ ਗੰਨਾ ਮਿੱਲਾਂ ਪਿੜਾਈ ਕਰਨ ਤੋਂ ਅਸਮਰੱਥ ਰਹੀਆਂ ਹਨ। ਹਾਲਤ ਇਹ ਹੈ ਕਿ ਮਾਰਚ ਮਹੀਨੇ ਦੇ ਅੰਤ ਤਕ ਗੰਨੇ ਦੀ ਪੜਾਈ ²ਖ਼ਤਮ ਹੋ ਜਾਂਦੀ ਹੈ ਪਰ ਕਿਸਾਨਾਂ ਨਾਲ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਪਿੜਾਈ ਦਾ ਸੀਜ਼ਨ ਅਪ੍ਰੈਲ ਮਹੀਨੇ ਵੀ ਚੱਲਣਾ ਹੈ। ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਅਜਿਹੀ ਹਾਲਤ ਵਿਚ ਖੰਡ ਵੇਚੇ ਬਗ਼ੈਰ ਅਸੀਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਕਿਸ ਤਰ੍ਹਾਂ ਕਰ ਸਕਾਂਗੇ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਅਜੇ ਵੀ ਇਸ ਮਾਮਲੇ ਪ੍ਰਤੀ ਸੰਜੀਦਾ ਨਹੀਂ ਹੈ। ਪਰ ਕਸੂਤੀ ਸਥਿਤੀ ਵਿਚ ਫਸੇ ਕਿਸਾਨ ਇਸ ਗੱਲ ਨੂੰ ਲੈ ਕੇ ਜ਼ਰੂਰ ਝੂਰ ਰਹੇ ਹਨ ਕਿ ਫ਼ਸਲੀ ਵਿਭਿੰਨਤਾ ਤਾਂ ਉਨ੍ਹਾਂ ਨੂੰ ਪੁੱਠੀ ਹੀ ਪੈ ਗਈ ਹੈ। ਕਿਸਾਨ ਸਰਕਾਰ ਅਤੇ ਖੇਤੀ ਬਾੜੀ ਮਾਹਰਾਂ ਦੀ ਸਿਫ਼ਾਰਸ਼ਾਂ ਨੂੰ ਮੰਨ ਕੇ ਹੁਣ ਪਛਤਾ ਰਹੇ ਹਨ।