Punjab News: ਕਣਕ ਦੀ ਪੈਦਾਵਾਰ 160 ਲੱਖ ਟਨ ਦੀ, ਖ਼ਰੀਦ ਟੀਚਾ 132 ਲੱਖ ਟਨ ਦਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸਟੋਰੇਜ ਦੀ ਕਮੀ ਕਾਰਨ ਐਤਕੀਂ ਬਾਹਰ ਹੀ ਪੱਕੇ ਪਲੰਥ ਬਣਾਏ; ਮੰਡੀਆਂ ਵਿਚ ਆਮਦ ਚੌਥੇ ਦਿਨ ਵੀ ਨਾਂਹ ਦੇ ਬਰਾਬਰ

Wheat

Punjab News: ਕੇਂਦਰ ਸਰਕਾਰ ਨੇ ਇਸ ਕਣਕ ਖ਼ਰੀਦ ਦੇ ਸੀਜ਼ਨ ਲਈ ਪੰਜਾਬ ਦੀਆਂ ਮੰਡੀਆਂ ਵਿਚੋਂ 132 ਲੱਖ ਟਨ ਦੀ ਖ਼ਰੀਦ ਦਾ ਟੀਚਾ ਮਿਥਿਆ ਹੈ ਜਿਸ ਵਾਸਤੇ ਐਫ਼.ਸੀ.ਆਈ. ਨੇ ਸਟੋਰੇਜ ਦੀ ਕਮੀ ਕਾਰਨ ਐਤਕੀਂ ਬਾਹਰ ਹੀ ਪੱਕੇ ਪਲੰਥਾਂ ’ਤੇ ਤਰਪਾਲਾਂ ਨਾਲ ਢੱਕ ਕੇ, ਸਟੋਰ ਕਰਨ ਦੀ ਇਜਾਜ਼ਤ ਦੇ ਦਿਤੀ ਹੈ।

ਪੰਜਾਬ ਦੇ ਅਨਾਜ ਸਪਲਾਈ ਮਹਿਕਮੇ ਨੇ 4 ਸਰਕਾਰੀ ਏਜੰਸੀਆਂ ਪਨਸਪ, ਪਨਗਰੇਨ, ਮਾਰਕਫ਼ੈੱਡ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਰਾਹੀਂ ਖ਼ਰੀਦ ਕਰਨ ਵਾਸਤੇ 1, 50,000 ਦਾ ਸਟਾਫ਼ ਯਾਨੀ ਮੈਨੇਜਰ, ਅਧਿਕਾਰੀ, ਇੰਸਪੈਕਟਰ, ਮੰਡੀ ਬੋਰਡ ਦੇ ਸਬੰਧਤ ਕਰਮਚਾਰੀ ਵੱਖ ਵੱਖ ਥਾਵਾਂ ’ਤੇ ਤੈਨਾਤ ਕਰ ਦਿਤੇ ਹਨ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਕੁਲ 30,700 ਕਰੋੜ ਦੀ ਕੈਸ਼ ਕੈ੍ਰਡਿਟ ਲਿਮਟ ਮੰਜ਼ੂਰ ਕੀਤੀ ਹੈ ਜਿਸ ਵਿਚੋਂ ਪਹਿਲੀ ਕਿਸ਼ਤ 27,000 ਕਰੋੜ ਦੀ ਅਪ੍ਰੈਲ ਮਹੀਨੇ ਵਾਸਤੇ ਜਾਰੀ ਹੋ ਚੁੱਕੀ ਹੈ ਤਾਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਖ਼ਰੀਦ ਦੀ ਅਦਾਇਗੀ 48 ਘੰਟੇ ਅੰਦਰ ਹੋ ਸਕੇ। ਇਸ ਸੀਜ਼ਨ ਲਈ ਭਾਵੇਂ ਕਣਕ ਖ਼ਰੀਦ 1 ਅਪ੍ਰੈਲ ਤੋਂ ਕਰਨ ਦੀ ਮੰਜ਼ੂਰੀ ਹੋਈ ਹੈ

ਪਰ ਪੱਕੀਆਂ ਮੰਡੀਆਂ ਤੇ ਆਰਜ਼ੀ ਖ਼ਰੀਦ ਕੇਂਦਰਾਂ ਵਿਚ ਅਜੇ ਆਮਦ ਬਹੁਤ ਘੱਟ ਹੀ ਹੈ। ਪਹਿਲੇ 4 ਦਿਨਾਂ ਦੇ ਅੰਕੜੇ ਦਸਦੇ ਹਨ ਕਿ ਕੇਵਲ 1000 ਟਨ ਹੀ ਕਣਕ ਦੀ ਆਮਦ ਹੋਈ ਹੈ। ਅਨਾਜ ਸਪਲਾਈ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿਚੋਂ ਅਗਲੇ ਹਫ਼ਤੇ ਕਣਕ ਦੀ ਆਮਦ ਅਤੇ ਬਾਅਦ ਵਿਚ ਦੋਆਬਾ ਅਤੇ ਮਾਝੇ ਦੀਆਂ ਮੰਡੀਆਂ ਵਿਚ ਵਿਕਣ ਲਈ ਕਣਕ ਪਹੁੰਚੇਗੀ।

ਖੇਤੀਬਾੜੀ ਮਹਿਕਮੇ ਦੇ ਬੁਲਾਰੇ ਮੁਤਾਬਕ ਕੁਲ 86 ਲੱਖ ਏਕੜ ਰਕਬੇ ’ਤੇ ਬੀਜੀ ਕਣਕ ਦੀ ਪੈਦਾਵਾਰ 160 ਲੱਖ ਟਨ ਹੋਣ ਦੀ ਉਮੀਦ ਹੈ ਜਿਸ ਵਿਚੋਂ 135 ਲੱਖ ਟਨ, ਮੰਡੀਆਂ ਰਾਹੀਂ ਜਾਂ ਪ੍ਰਾਈਵੇਟ ਵਪਾਰੀ ਖ਼ਰੀਦ ਕਰਨਗੇ। ਇਸ ਵੇਲੇ ਪੰਜਾਬ ਸਰਕਾਰ ਕੋਲ ਕੇਵਲ 6 ਲੱਖ ਟਨ ਭੰਡਾਰ ਕਰਨ ਦੀ ਸਮਰਥਾ ਹੈ, 167 ਲੱਖ ਟਨ ਹੋਰ ਸਟੋਰੇਜ ਦੀ ਥਾਂ ਹੈ ਜਿਸ ਵਿਚੋਂ ਐਫ਼ਸੀਆਈ ਕੋਲ 48 ਲੱਖ ਟਨ ਦੀ ਸਟੋਰੇਜ ਹੈ। ਕੇਂਦਰ ਸਰਕਾਰ ਨੇ ਤਾੜਨਾ ਕੀਤੀ ਕਿ ਅਗਲੇ ਸਾਲ ਤੋਂ ਪੰਜਾਬ ਸਰਕਾਰ ਪੱਕੇ ਸਟੋਰ ਯਾਨੀ ਵੱਡੇ ਵੱਡੇ ਸਾਈਲੋ ਬਣਾਵੇ, ਨਹੀਂ ਤਾਂ ਬਾਹਰ ਖੁਲ੍ਹੇ ਅਸਮਾਨ ਹੇਠ ਤਰਪਾਲਾਂ ਨਾਲ ਢੱਕਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।