ਪੀ ਏ ਯੂ ਮਾਹਿਰਾਂ ਵਲੋਂ ਸਿੱਧੀ ਬਜਾਈ ਵਾਲੇ ਝੋਨੇ ਨੂੰ ਪਾਣੀ ਲੋੜ ਅਨੁਸਾਰ ਹੀ ਲਾਉਣ ਦੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਖੇਤ ਵਿਚ ਪਾਣੀ ਖੜ੍ਹਾ ਨਾ ਕਰੋ: ਪੀ ਏ ਯੂ ਮਾਹਿਰ

Paddy

ਲੁਧਿਆਣਾ: ਝੋਨੇ ਦੀ ਸਿੱਧੀ ਬਿਜਾਈ ਲੇਬਰ ਦੀ ਸਮੱਸਿਆ ਦਾ ਹੱਲ ਕਰਨ ਵਿਚ ਤਾਂ ਸਹਾਈ ਹੈ ਹੀ ਉਸਦੇ ਨਾਲ ਹੀ ਪਾਣੀ ਦੀ ਬੱਚਤ ਵੀ ਇਸ ਤਕਨੀਕ ਦਾ ਇਕ ਅਹਿਮ ਮੰਤਵ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੀ ਏ ਯੂ ਦੇ ਸੀਨੀਅਰ ਫਸਲ ਵਿਗਿਆਨੀ ਡਾ ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਤਰ ਵੱਤਰ ਖੇਤ ਵਿਚ 1-15 ਜੂਨ ਦੌਰਾਨ ਸਿੱਧੀ ਬਿਜਾਈ ਕਰਕੇ ਅਤੇ ਪਹਿਲਾ ਪਾਣੀ ਤਕਰੀਬਨ 21 ਦਿਨਾਂ 'ਤੇ ਲਾਉਣ ਨਾਲ ਫਸਲ ਖੁਸ਼ਕ ਮੌਸਮ ਦੇ ਪੜਾਅ ਤੋਂ ਘੱਟ ਪਾਣੀ ਲਾ ਕੇ ਹੀ ਅੱਗੇ ਨਿਕਲ ਜਾਂਦੀ ਹੈ।

ਇਸ ਦੇ ਨਾਲ ਹੀ ਪਹਿਲਾ ਪਾਣੀ ਦੇਰੀ ਨਾਲ ਲੱਗਣ ਤੇ ਬੂਟੇ ਦੀਆਂ ਜੜ੍ਹਾਂ ਡੂੰਘੀਆਂ ਚਲੀਆਂ ਜਾਂਦੀਆਂ ਹਨ ਜਿਸ ਕਰਕੇ ਝੋਨਾ ਬਾਅਦ ਵਿਚ ਜ਼ਿਆਦਾ ਔੜ ਨਹੀਂ ਮੰਨਦਾ ਕਿਉਂਕਿ ਉਹ ਜ਼ਮੀਨ ਦੀ ਹੇਠਲੇ ਤਹਿ ਤੋਂ ਵੀ ਪਾਣੀ ਲੈ ਕੇ ਸਮਰੱਥ ਹੋ ਜਾਂਦਾ ਹੈ। ਡਾ ਭੁੱਲਰ ਨੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਪਹਿਲੇ ਪਾਣੀ ਤੋਂ ਬਾਅਦ ਸਿਰਫ ਖੇਤ ਵਿਚ ਵੱਤਰ ਨੂੰ ਬਰਕਰਾਰ ਰੱਖਣ ਲਈ, ਮਿੱਟੀ ਦੀ ਕਿਸਮ ਅਤੇ ਮੌਸਮ ਅਨੁਸਾਰ 7 ਤੋਂ 10 ਦਿਨ ਦੇ ਵਕਫੇ ਤੇ ਹਲਕੇ ਪਾਣੀ ਦਿੰਦੇ ਰਹੋ। ਖੇਤ ਵਿਚ ਪਾਣੀ ਕਰਨ ਦੀ ਕੋਸ਼ਿਸ਼ ਨਾ ਕਰੋ।

ਇਸ ਨਾਲ ਫ਼ਸਲ ਨੂੰ ਕੋਈ ਫਾਇਦਾ ਨਹੀਂ ਹੁੰਦਾ, ਸਗੋਂ ਇਸ ਦੇ ਉਲਟ ਜ਼ਿਆਦਾ ਪਾਣੀ ਦੇਣ ਨਾਲ ਖੁਰਾਕੀ ਤੱਤ ਖਾਸ ਤੌਰ ਤੇ ਨਾਈਟ੍ਰੋਜਨ ਜ਼ਮੀਨ ਵਿਚ ਹੀ ਹੇਠਾਂ ਜ਼ੀਰ ਜਾਂਦੇ ਹਨ ਅਤੇ ਬੂਟਾ ਇਹਨਾਂ ਨੂੰ ਨਹੀਂ ਲੈ ਸਕਦਾ ਜਿਸ ਕਰਕੇ ਫਸਲ ਦੇ ਪੀਲਾ ਪੈਣ ਦੇ ਆਸਾਰ ਵੱਧ ਸਕਦੇ ਹਨ, ਦੂਸਰਾ ਜ਼ਿਆਦਾ ਪਾਣੀ ਦੇ ਨਾਲ ਖੇਤ ਵਿਚ ਨਦੀਨਾਂ ਦੀ ਸਮੱਸਿਆ ਵੱਧ ਸਕਦੀ ਹੈ, ਅਤੇ ਤੀਸਰਾ ਬਿਮਾਰੀਆਂ ਦਾ ਹਮਲਾ ਵੱਧ ਸਕਦਾ ਹੈ।

ਇਸ ਤੋਂ ਇਲਾਵਾ ਸਿੱਧੀ ਬਿਜਾਈ ਵਾਲੇ ਖੇਤ ਵਿਚ ਤਰੇੜਾਂ ਨਹੀਂ ਫਟਦੀਆਂ ਕਿਉਂਕਿ ਅਸੀਂ ਕੱਦੂ ਵਾਲੇ ਖੇਤ ਦੀ ਤਰ੍ਹਾਂ ਮਿੱਟੀ ਦੇ ਕਣਾਂ ਦੀ ਬਣਤਰ ਵਿਚ ਕੋਈ ਬਦਲਾਅ ਨਹੀਂ ਕਰਦੇ। ਡਾ ਭੁੱਲਰ ਨੇ ਦੱਸਿਆ ਕਿ ਇਸ ਤਰ੍ਹਾਂ ਸਿੱਧੀ ਬਿਜਾਈ ਵਾਲੇ ਖੇਤ ਨੂੰ ਲੋੜ ਮੁਤਾਬਕ ਪਾਣੀ ਦੇਣ ਨਾਲ ਫਸਲ ਨੂੰ ਵੀ ਫਾਇਦਾ ਹੋਵੇਗਾ, ਖਰਚਾ ਵੀ ਘੱਟ ਹੋਵੇਗਾ ਅਤੇ ਪਾਣੀ ਦੀ ਵੀ ਚੰਗੀ ਬਚਤ ਹੋਵੇਗੀ ਜੋ ਕਿ ਅਜੋਕੇ ਸਮੇਂ ਦੀ ਪ੍ਰਮੁੱਖ ਲੋੜ ਹੈ।