2.5 ਕਰੋੜ ਕਿਸਾਨਾਂ ਨੂੰ ਸਭ ਤੋਂ ਸਸਤਾ ਕਰਜ਼ਾ ਦੇਵੇਗੀ ਸਰਕਾਰ, ਸਿਰਫ਼ 4 ਫੀਸਦੀ ਲੱਗੇਗਾ ਵਿਆਜ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪੀਐਮ ਕਿਸਾਨ ਸਨਮਾਨ ਨਿਧੀ ਸਕੀਮ ਅਤੇ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੇ ਲਾਭਪਾਤਰੀਆਂ ਵਿਚ ਕਰੀਬ 2.5 ਕਰੋੜ ਦਾ ਅੰਤਰ ਹੈ।

Farmer

ਨਵੀਂ ਦਿੱਲੀ: ਪੀਐਮ ਕਿਸਾਨ ਸਨਮਾਨ ਨਿਧੀ ਸਕੀਮ ਅਤੇ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੇ ਲਾਭਪਾਤਰੀਆਂ ਵਿਚ ਕਰੀਬ 2.5 ਕਰੋੜ ਦਾ ਅੰਤਰ ਹੈ। ਸਰਕਾਰ ਇਹਨਾਂ ਕਿਸਾਨਾਂ ਨੂੰ ਕੇਸੀਸੀ ਉਪਲਬਧ ਕਰਵਾਉਣ ਦੀਆਂ ਤਿਆਰੀ ਵਿਚ ਜੁਟ ਗਈ ਹੈ। ਕੇਂਦਰੀ ਖੇਤਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਮੁਤਾਬਕ ਢਾਈ ਕਰੋੜ ਕਿਸਾਨਾਂ ਨੂੰ ਢਾਈ ਲੱਖ ਕਰੋੜ ਰੁਪਏ ਦਾ ਅਸਾਨ ਅਤੇ ਰਿਆਇਤੀ ਕਰਜ਼ਾ ਉਪਲਬਧ ਕਰਵਾਇਆ ਜਾਵੇਗਾ।

ਸਰਕਾਰ ਦੀ ਕੋਸ਼ਿਸ਼ ਹੈ ਕਿ ਕੋਈ ਵੀ ਕਿਸਾਨ ਸ਼ਾਹੂਕਾਰਾਂ ਕੋਲੋਂ ਕਰਜ਼ਾ ਨਾ ਲਵੇ ਕਿਉਂਕਿ ਉਸ ਦੀ ਵਿਆਜ ਦਰ ਕਾਫ਼ੀ ਜ਼ਿਆਦਾ ਹੁੰਦੀ ਹੈ ਅਤੇ ਕਿਸਾਨ ਇਸ ਕਰਜ਼ੇ ਵਿਚੋਂ ਅਸਾਨੀ ਨਾਲ ਬਾਹਰ ਨਹੀਂ ਆਉਂਦੇ। ਜਦਕਿ ਸਰਕਾਰੀ ਕਰਜ਼ਾ ਲੈਣ ‘ਤੇ ਸਲਾਨਾ ਸਿਰਫ 4 ਫੀਸਦੀ ਵਿਆਜ ਲੱਗਦਾ ਹੈ, ਜੋ ਦੇਸ਼ ਵਿਚ ਕਿਸੇ ਵੀ ਕਰਜ਼ੇ ‘ਤੇ ਸਭ ਤੋਂ ਘੱਟ ਦਰ ਹੈ। ਪਿਛਲੇ ਦਿਨੀਂ ਕੇਂਦਰ ਸਰਕਾਰ ਨੇ  111.98 ਲੱਖ ਨਵੇਂ ਕਿਸਾਨਾਂ ਨੂੰ ਕੇਸੀਸੀ ਸਕੀਮ ਨਾਲ ਜੋੜਿਆ ਹੈ, ਜਿਸ ਦੇ ਤਹਿਤ 89,810 ਕਰੋੜ ਰੁਪਏ ਦਾ ਸਸਤਾ ਕਰਜ਼ਾ ਦਿੱਤਾ ਗਿਆ।

ਅਸਾਨ ਹੋ ਗਿਆ ਹੈ ਕੇਸੀਸੀ ਬਣਵਾਉਣਾ

24 ਫਰਵਰੀ ਨੂੰ ਕੇਸੀਸੀ ਨੂੰ ਪੀਐਮ ਕਿਸਾਨ ਸਕੀਮ ਨਾਲ ਜੋੜ ਕੇ ਕਾਰਡ ਬਣਾਉਣਾ ਅਸਾਨ ਕਰ ਦਿੱਤਾ ਗਿਆ ਸੀ। ਕੇਂਦਰ ਸਰਕਾਰ ਨੇ ਇਸ ਸਾਲ 15 ਲੱਖ ਕਰੋੜ ਰੁਪਏ ਦਾ ਖੇਤੀਬਾੜੀ ਕਰਜ਼ਾ ਦੇਣ ਦਾ ਟੀਚਾ ਰੱਖਿਆ ਹੈ।

ਮਿਲੇਗਾ ਸਭ ਤੋਂ ਸਸਤਾ ਕਰਜ਼ਾ

ਕਿਸਾਨ ਕ੍ਰੈਡਿਟ ਕਾਰਡ ‘ਤੇ ਵਿਆਜ ਦੀ ਦਰ 4 ਫੀਸਦੀ ਹੈ। ਸਕਿਓਰਿਟੀ ਤੋਂ ਬਿਨਾਂ 1.60 ਲੱਖ ਰੁਪਏ ਤੱਕ ਦਾ ਕਰਜ਼ਾ ਲਿਆ ਜਾ ਸਕਦਾ ਹੈ। ਸਮੇਂ ‘ਤੇ ਭੁਗਤਾਨ ਕਰਨ ‘ਤੇ ਲੋਨ ਦੀ ਰਕਮ ਨੂੰ 3 ਲੱਖ ਰੁਪਏ ਤੱਕ ਵਧਾਇਆ ਜਾ ਸਕਦਾ ਹੈ।

ਕਿੱਥੋਂ ਮਿਲੇਗਾ ਕੇਸੀਸੀ ਫਾਰਮ

ਸਭ ਤੋਂ ਪਹਿਲਾਂ ਤੁਹਾਨੂੰ https://pmkisan.gov.in/ ‘ਤੇ ਜਾਣਾ ਹੋਵੇਗਾ। ਇਸ ਵੈੱਬਸਾਈਟ ਵਿਚ ਫਾਰਮਰ ਟੈਬ  ‘ਤੇ ਡਾਊਨਲੋਡ ਕੇਸੀਸੀ ਫਾਰਮ ਦਾ ਵਿਕਲਪ ਦਿੱਤਾ ਗਿਆ ਹੈ। ਇਸ ਦੇ ਜ਼ਰੀਏ ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਲਈ ਫਾਰਮ ਡਾਊਨਲੋਡ ਕੀਤਾ ਜਾ ਸਕਦਾ ਹੈ।

ਕਿੱਥੇ ਜਮ੍ਹਾਂ ਕਰਵਾਉਣਾ ਹੋਵੇਗਾ ਫਾਰਮ

ਉਸ ਤੋਂ ਬਾਅਦ ਕਿਸਾਨ ਅਪਣੇ ਨਜ਼ਦੀਕੀ ਸਥਿਤ ਵਪਾਰਕ ਬੈਂਕ ਵਿਚ ਇਹ ਫਾਰਮ ਭਰ ਕੇ ਜਮ੍ਹਾਂ ਕਰਵਾ ਸਕਦੇ ਹਨ। ਕਾਰਡ ਤਿਆਰ ਹੋ ਜਾਣ ‘ਤੇ ਬੈਂਕ ਕਿਸਾਨ ਨੂੰ ਸੂਚਿਤ ਕਰੇਗਾ। ਫਿਰ ਇਹ ਕਾਰਡ ਕਿਸਾਨ ਦੇ ਪਤੇ ‘ਤੇ ਭੇਜ ਦਿੱਤਾ ਜਾਵੇਗਾ।