ਸ਼ਕਰਕੰਦੀ ਦੀ ਖੇਤੀ, ਜਾਣੋ ਇਸ ਦੀਆਂ ਕਿਸਮਾਂ ਤੇ ਹੋਰ ਜਾਣਕਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸ਼ਕਰਕੰਦੀ ਦਾ ਬੋਟੈਨੀਕਲ ਨਾਮ ਇਪੋਮੋਈਆ ਬਟਾਟਸ ਹੈ।

Sweet Potato Farming

ਸ਼ਕਰਕੰਦੀ ਦਾ ਬੋਟੈਨੀਕਲ ਨਾਮ ਇਪੋਮੋਈਆ ਬਟਾਟਸ ਹੈ। ਇਹ ਫਸਲ ਮੁੱਖ ਤੌਰ 'ਤੇ ਇਸਦੇ ਮਿੱਠੇ ਸੁਆਦ ਅਤੇ ਸਟਾਰਚੀ ਜੜ੍ਹਾਂ ਕਾਰਨ ਉਗਾਈ ਜਾਂਦੀ ਹੈ। ਇਸ ਦੀਆਂ ਗੰਢੀਆਂ ਬੀਟਾ-ਕੈਰੋਟੀਨ ਦੀਆਂ ਸ੍ਰੋਤ ਹੁੰਦੀਆਂ ਹਨ ਅਤੇ ਐਂਟੀ-ਆੱਕਸੀਡੈਂਟ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਹਨ। ਇਹ ਜੜ੍ਹੀ-ਬੂਟੀ ਵਾਲੀ ਸਦਾਬਹਾਰ ਵੇਲ ਹੈ, ਜਿਸਦੇ ਪੱਤੇ ਖੰਡ-ਦਾਰ ਜਾਂ ਦਿਲ ਦੇ ਆਕਾਰ ਦੇ ਹੁੰਦੇ ਹਨ। ਇਸਦੇ ਫਲ ਖਾਣਯੋਗ, ਮੁਲਾਇਮ ਛਿਲਕੇ ਵਾਲੇ, ਪਤਲੇ ਅਤੇ ਲੰਬੇ ਹੁੰਦੇ ਹਨ।

ਇਸਦੇ ਫਲਾਂ ਦੇ ਛਿਲਕੇ ਦਾ ਰੰਗ ਵੱਖ-ਵੱਖ, ਜਿਵੇਂ ਕਿ ਜਾਮਨੀ, ਭੂਰਾ, ਚਿੱਟਾ ਹੁੰਦਾ ਹੈ ਅਤੇ ਇਸਦਾ ਗੁੱਦਾ ਪੀਲਾ, ਸੰਤਰੀ, ਚਿੱਟਾ ਅਤੇ ਜਾਮਨੀ ਹੁੰਦਾ ਹੈ। ਭਾਰਤ ਵਿੱਚ ਲਗਭਗ 2 ਲੱਖ ਹੈਕਟੇਅਰ ਜ਼ਮੀਨ 'ਤੇ ਸ਼ਕਰਕੰਦੀ ਉਗਾਈ ਜਾਂਦੀ ਹੈ। ਬਿਹਾਰ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਉੜੀਸਾ ਆਦਿ ਭਾਰਤ ਦੇ ਮੁੱਖ ਸ਼ਕਰਕੰਦੀ ਉਗਾਉਣ ਵਾਲੇ ਰਾਜ ਹਨ। 

ਮਿੱਟੀ - ਇਹ ਬਹੁਤ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੋਮਟ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਪਰ ਇਹ ਵਧੇਰੇ ਉਪਜਾਊ ਅਤੇ ਚੰਗੇ ਨਿਕਾਸ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸਦੀ ਖੇਤੀ ਹਲਕੀ ਰੇਤਲੀ ਅਤੇ ਭਾਰੀ ਚੀਕਣੀ ਮਿੱਟੀ ਵਿੱਚ ਨਾ ਕਰੋ, ਕਿਉਂਕਿ ਇਸ ਵਿੱਚ ਗੰਢੀਆਂ ਦਾ ਵਿਕਾਸ ਸਹੀ ਤਰ੍ਹਾਂ ਨਹੀਂ ਹੁੰਦਾ ਹੈ। ਇਸਦੇ ਲਈ ਮਿੱਟੀ ਦਾ pH 5.8-6.7 ਹੋਣਾ ਚਾਹੀਦਾ ਹੈ।

ਖੇਤ ਦੀ ਤਿਆਰੀ - ਸ਼ਕਰਕੰਦੀ ਦੀ ਖੇਤੀ ਲਈ, ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ, ਬਿਜਾਈ ਤੋਂ ਪਹਿਲਾਂ ਖੇਤ ਨੂੰ 3-4 ਵਾਰ ਵਾਹੋ ਅਤੇ ਫਿਰ ਸੁਹਾਗਾ ਫੇਰੋ। ਖੇਤ ਨਦੀਨ-ਮੁਕਤ ਹੋਣਾ ਚਾਹੀਦਾ ਹੈ।

ਬਿਜਾਈ ਦਾ ਸਮਾਂ - ਉਚਿੱਤ ਝਾੜ ਲਈ, ਗੰਢੀਆਂ ਨੂੰ ਨਰਸਰੀ ਬੈੱਡਾਂ 'ਤੇ ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਬੀਜੋ ਅਤੇ ਵੇਲਾਂ ਦੀ ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਤੋਂ ਜੁਲਾਈ ਦਾ ਹੁੰਦਾ ਹੈ।
ਫਾਸਲਾ - ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 30 ਸੈ.ਮੀ. ਰੱਖੋ।

ਬੀਜ ਦੀ ਡੂੰਘਾਈ - ਗੰਢੀਆਂ ਦੀ ਬਿਜਾਈ 20-25 ਸੈ.ਮੀ. ਡੂੰਘਾਈ 'ਤੇ ਕਰੋ।
ਬਿਜਾਈ ਦਾ ਢੰਗ - ਇਸਦਾ ਪ੍ਰਜਣਨ ਮੁੱਖ ਤੌਰ 'ਤੇ ਫਲਾਂ ਜਾਂ ਵੇਲਾਂ ਨੂੰ ਕੱਟ ਕੇ ਕੀਤਾ ਜਾਂਦਾ ਹੈ। ਵੇਲਾਂ ਕੱਟਣ ਵਾਲੇ ਤਰੀਕੇ ਵਿੱਚ(ਜੋ ਆਮ ਵਰਤਿਆ ਜਾਂਦਾ ਹੈ), ਪੁਰਾਣੀਆਂ ਵੇਲਾਂ ਤੋਂ ਫਲ ਲਏ ਜਾਂਦੇ ਹਨ ਅਤੇ ਤਿਆਰ ਕੀਤੇ ਨਰਸਰੀ ਬੈੱਡਾਂ 'ਤੇ ਬੀਜ ਦਿੱਤੇ ਜਾਂਦੇ ਹਨ। ਵੇਲਾਂ ਨੂੰ ਮੁੱਖ ਤੌਰ 'ਤੇ ਵੱਟਾਂ ਜਾਂ ਤਿਆਰ ਕੀਤੇ ਪੱਧਰੇ ਬੈੱਡਾਂ 'ਤੇ ਉਗਾਇਆ ਜਾਂਦਾ ਹੈ। ਇਹ ਦੇਖਿਆ ਗਿਆ ਹੈ ਕਿ ਵੇਲ ਦੇ ਉੱਪਰਲੇ ਭਾਗ ਨੂੰ ਕੱਟ ਕੇ ਵਰਤਣ ਨਾਲ ਵਧੀਆ ਪੈਦਾਵਾਰ ਹੁੰਦੀ ਹੈ। ਨਵੇਂ ਪੌਦੇ ਦੀਆਂ ਘੱਟ ਤੋਂ ਘੱਟ 4 ਟਾਹਣੀਆਂ ਹੋਣੀਆਂ ਚਾਹੀਦੀਆਂ ਹਨ। ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 30 ਸੈ.ਮੀ. ਰੱਖੋ। ਬਿਜਾਈ ਤੋਂ ਪਹਿਲਾਂ ਵਰਤੀਆਂ ਜਾਣ ਵਾਲੀਆਂ ਵੇਲਾਂ ਨੂੰ ਡੀ ਡੀ ਟੀ 50% ਦੇ ਘੋਲ ਨਾਲ 8-10 ਮਿੰਟਾਂ ਲਈ ਸੋਧੋ।

ਬੀਜ ਦੀ ਮਾਤਰਾ - ਇੱਕ ਏਕੜ ਵਿੱਚ ਬਿਜਾਈ ਲਈ 25,000 - 30,000 ਕੱਟੀਆਂ ਵੇਲਾਂ ਜਾਂ 280-320 ਕਿਲੋ ਗੰਢੀਆਂ ਦੀ ਵਰਤੋਂ ਕਰੋ।
ਬੀਜ ਦੀ ਸੋਧ - ਗੰਢੀਆਂ ਨੂੰ ਪਲਾਸਟਿਕ ਬੈਗ ਵਿੱਚ ਪਾ ਕੇ ਵਧੇਰੇ ਮਾਤਰਾ ਵਾਲੇ ਸਲਫਿਊਰਿਕ ਐਸਿਡ ਵਿੱਚ 10-40 ਮਿੰਟ ਲਈ ਡੋਬੋ।
ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ - ਫਲ 'ਤੇ ਕਾਲੇ ਧੱਬੇ: ਇਸ ਬਿਮਾਰੀ ਨਾਲ ਫਲਾਂ 'ਤੇ ਕਾਲੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ। ਨੁਕਸਾਨੇ ਪੌਦੇ ਸੁੱਕਣਾ ਸ਼ੁਰੂ ਹੋ ਜਾਂਦੇ ਹਨ। ਨੁਕਸਾਨੇ ਫਲਾਂ 'ਤੇ ਪੁੰਗਰਾਅ ਸਮੇਂ ਅੱਖਾਂ ਭੂਰੇ ਜਾਂ ਕਾਲੇ ਰੰਗ ਦੀਆਂ ਹੋ ਜਾਂਦੀਆਂ ਹਨ।

ਇਸ ਰੋਕਥਾਮ ਲਈ ਬਿਮਾਰੀ ਮੁਕਤ ਬੀਜ ਵਰਤੋ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਮਰਕਰੀ ਨਾਲ ਜ਼ਰੂਰ ਸੋਧੋ। ਇੱਕੋ ਜਗ੍ਹਾ 'ਤੇ ਬਾਰ ਬਾਰ ਇੱਕੋ ਫਸਲ ਨਾ ਉਗਾਓ, ਸਗੋਂ ਫਸਲੀ-ਚੱਕਰ ਅਪਨਾਓ। ਜੇਕਰ ਜ਼ਮੀਨ ਨੂੰ ਦੋ ਸਾਲ ਲਈ ਖਾਲੀ ਛੱਡ ਦਿੱਤਾ ਜਾਵੇ ਤਾਂ ਇਸ ਬਿਮਾਰੀ ਦੇ ਫੈਲਣ ਦਾ ਖਤਰਾ ਘੱਟ ਜਾਂਦਾ ਹੈ।
ਫਸਲ ਦੀ ਕਟਾਈ - ਇਹ ਫਸਲ 120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੀ ਪੁਟਾਈ ਆਮ ਤੌਰ 'ਤੇ ਫਲ ਪੱਕਣ ਅਤੇ ਪੱਤੇ ਪੀਲੇ ਹੋਣ 'ਤੇ ਕੀਤੀ ਜਾਂਦੀ ਹੈ। ਇਸਦੀ ਪੁਟਾਈ ਫਲ ਨੂੰ ਪੁੱਟ ਕੇ ਕੀਤੀ ਜਾਂਦੀ ਹੈ।  ਪੁੱਟੇ ਗਏ ਤਾਜ਼ਾ ਫਲ ਮੰਡੀਕਰਨ ਲਈ ਤਿਆਰ ਹੁੰਦੇ ਹਨ।