ਰੇਲ ਰੋੋਕੋ ਅੰਦੋਲਨ 12ਵੇਂ ਦਿਨ 'ਚ ਦਾਖਲ , ਅੰਦੋਲਨ 8 ਅਕਤੂਬਰ ਤੱਕ ਵਧਾਇਆ
ਰੇਲ ਰੋੋਕੋ ਅੰਦੋਲਨ ਅੱਜ 12ਵੇਂ ਦਿਨ ਵਿਚ ਦਾਖਲ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਰੇਲਵੇ ਟਰੈਕ ਦੇਵੀਦਾਸਪੁਰਾ ਤੇ ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਤੇ ਭਾਜਪਾ ਦੇ ਪ੍ਰਧਾਨ ਜੇ ਪੀ ਨੱਡਾ ਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਦੇ ਕਿਸਾਨਾਂ ਬਾਰੇ ਦਿੱਤੇ ਬਿਆਨ ਦੀ ਸਖਤ ਨਿੰਦਾ ਕੀਤੀ ਗਈ। ਦੱਸ ਦਈਏ ਕਿ ਰੇਲ ਰੋੋਕੋ ਅੰਦੋਲਨ ਅੱਜ 12ਵੇਂ ਦਿਨ ਵਿਚ ਦਾਖਲ ਹੋ ਗਿਆ ਹੈ ਅਤੇ ਕਿਸਾਨਾਂ ਨੇ ਇਹ ਅੰਦੋਲਨ 8 ਅਕਤੂਬਰ ਤੱਕ ਵਧਾ ਦਿੱਤਾ ਹੈ।
ਸਾਂਝੇ ਅੰਦੋਲਨ ਨੂੰ ਸਮਰਪਿਤ ਚੌਥੇ ਦਿਨ ਵਿਚ ਦਾਖਲ ਹੋਣ ਤੇ ਕਿਸਾਨ ਆਗੂਆਂ ਨੇ ਕਿਹਾ ਕਿ 6 ਅਕਤੂਬਰ ਨੂੰ ਹਰਿਆਣਾ ਦੀਆਂ 17 ਜਥੇਬੰਦੀਆਂ ਤੇ 14 ਅਕਤੂਬਰ ਦੇ ਦੇਸ਼ ਵਿਆਪੀ ਅੰਦੋਲਨ ਦਾ ਪੂਰਨ ਸਮਰਥਨ, ਸੰਭੂ ਬਾਰਡਰ ਦੇ ਮੋਰਚੇ ਦੀ ਹਮਾਇਤ ਕਰਦਿਆਂ ਰੇਲਵੇ ਟਰੈਕ ਦੇਵੀਦਾਸਪੁਰਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੁਖਵਿੰਦਰ ਸਿੰਘ ਸਭਰਾ,ਗੁਰਬਚਨ ਸਿੰਘ ਚੱਬਾ,ਲਖਵਿੰਦਰ ਸਿੰਘ ਵਰਿਆਮਨੰਗਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਬਿਆਨ ਕਿ ਖੇਤੀ ਸੁਧਾਰ ਬਿੱਲ ਦੇਸ਼ ਦੇ ਹਿੱਤ ਵਿੱਚ ਫੈਸਲਾ ਹੈ,ਕਿਸਾਨ ਮਜ਼ਦੂਰ ਆਗੂਆਂ ਨਾਲ ਗੱਲਬਾਤ ਵਿੱਚ ਵੱਡਾ ਅੜਿੱਕਾ ਇਸ ਬਿਆਨ ਤੋ ਬਾਅਦ ਗੱਲਬਾਤ ਲਈ ਕੋਈ ਜਗਾ ਨਹੀ ਬਚਦੀ।ਗੱਲਬਾਤ ਕਰਨ ਤੋ ਪਹਿਲਾਂ ਸ਼ਾਂਤਮਈ ਮਾਹੌਲ ਪੈਦਾ ਕੀਤਾ ਜਾਵੇ।
ਭਾਜਪਾ ਆਗੂ ਤਰੁਣ ਚੁੱਘ ਦੇ ਬਿਆਨ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੇ ਹਨ। ਰਾਹੁਲ ਗਾਂਧੀ ਦਾ ਪੰਜਾਬ ਦਾ ਦੌਰਾ ਜਿਥੇ ਮੀਡੀਆ ਨੂੰ ਅੱਗੇ ਰੱਖੇਗਾ, ਉਥੇ ਮੀਡੀਆ ਵਿਚ ਕਿਸਾਨ ਮਜ਼ਦੂਰ ਅੰਦੋਲਨ ਦੀ ਜਗ੍ਹਾ ਘਟਾਏਗਾ। ਕਾਂਗਰਸ ਇਨ੍ਹਾਂ ਨੀਤੀਆਂ ਲਈ ਬਰਾਬਰ ਦੀ ਜ਼ਿੰਮੇਵਾਰ ਹੈ। ਇਹ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਬਿਆਨਬਾਜ਼ੀ ਕਰਨ ਦੀ ਥਾਂ ਕਿਸਾਨ ਵਿਰੋਧੀ ਬਿਲ ਰੱਦ ਕਰਨ ਵਲ ਧਿਆਨ ਦੇਣ ਦੀ ਲੋੜ ਹੈ। ਜਿਨ੍ਹਾਂ ਦੇ ਲਾਗੂ ਹੋਣ ਨਾਲ ਦੇਸ਼ ਦੀ ਮੰਡੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਜਾਣ ਨਾਲ ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨ ਤਬਾਹੀ ਵਲ ਧੱਕਿਆ ਜਾਵੇਗਾ। ਵੱਡੇ ਵਪਾਰੀਆਂ ਨੂੰ ਲੁੱਟ ਕਰਨ ਦੀ ਖੁਲ੍ਹ ਮਿਲ ਜਾਵੇਗੀ। ਇਸ ਮੌਕੇ ਗੁਰਦੇਵ ਸਿੰਘ ਵਰਪਾਲ, ਜਰਮਨਜੀਤ ਸਿੰਘ ਬੰਡਾਲਾ, ਕੰਵਲਜੀਤ ਸਿੰਘ ਵੰਨਚੜੀ,ਨਿਸ਼ਾਨ ਸਿੰਘ,ਕੁਲਦੀਪ ਸਿੰਘ ਚੱਬਾ,ਅਜੀਤ ਸਿੰਘ ਠੱਠੀਆਂ,ਚਰਨ ਸਿੰਘ ਕਲੇਰ ਘੁਮਾਣ, ਅਮਰਦੀਪ ਸਿੰਘ ਗੋਪੀ, ਮੁਖਬੈਨ ਸਿੰਘ, ਕੰਵਲਜੀਤ ਸਿੰਘ ਜੋਧਾਨਗਰੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।