ਕਿਸਾਨਾਂ ਲਈ ਸਰ੍ਹੋਂ ਦੀ ਖੇਤੀ ਬਣੀ ਪ੍ਰਮੁੱਖ ਫ਼ਸਲ, ਜਾਣੋ ਬਿਜਾਈ ਦਾ ਸਹੀ ਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਨੂੰ ਸਰ੍ਹੋਂ ਹੇਠਾਂ ਰਕਬਾ ਵਧਾਉਣਾ ਚਾਹੀਦਾ ਹੈ। ਇਸ ਨਾਲ ਉਹ ਘਰ ਲਈ ਤੇਲ ਅਤੇ ਪਸ਼ੂਆਂ ਲਈ ਖਲ਼ ਬਣਾ ਸਕਦੇ ਹਨ।

Mustard farming has become a major crop for farmers

 

ਸਰ੍ਹੋਂ ਭਾਰਤ ਦੀ ਚੌਥੇ ਨੰਬਰ ਦੀ ਤੇਲ ਬੀਜ ਫਸਲ ਹੈ ਅਤੇ ਤੇਲ ਬੀਜ ਫਸਲਾਂ ਵਿਚ ਸਰ੍ਹੋਂ ਦਾ ਹਿੱਸਾ 28.6 % ਹੈ। ਵਿਸ਼ਵ ਵਿਚ ਇਹ ਸੋਇਆਬੀਨ ਅਤੇ ਪਾਮ ਦੇ ਤੇਲ ਤੋਂ ਬਾਅਦ ਤੀਜੀ ਸਭ ਤੋ ਵੱਧ ਮਹੱਤਵਪੂਰਨ ਫਸਲ ਹੈ। ਸਰ੍ਹੋਂ ਦੇ ਬੀਜ ਅਤੇ ਇਸ ਦਾ ਤੇਲ ਮੁੱਖ ਤੌਰ ’ਤੇ ਰਸੋਈ ਵਿਚ ਕੰਮ ਆਉਂਦਾ ਹੈ। ਸਰ੍ਹੋਂ ਦੇ ਪੱਤੇ ਸਬਜ਼ੀ ਬਣਾਉਣ ਦੇ ਕੰਮ ਆਉਂਦੇ ਹਨ। ਸਰ੍ਹੋਂ ਦੀ ਖਲ਼ ਵੀ ਬਣਦੀ ਹੈ ਜੋ ਕਿ ਦੁਧਾਰੂ ਪਸ਼ੂਆਂ ਨੂੰ ਖਵਾਉਣ ਦੇ ਕੰਮ ਆਉਦੀ ਹੈ। 

ਕਿਸਾਨਾਂ ਨੂੰ ਸਰ੍ਹੋਂ ਹੇਠਾਂ ਰਕਬਾ ਵਧਾਉਣਾ ਚਾਹੀਦਾ ਹੈ। ਇਸ ਨਾਲ ਉਹ ਘਰ ਲਈ ਤੇਲ ਅਤੇ ਪਸ਼ੂਆਂ ਲਈ ਖਲ਼ ਬਣਾ ਸਕਦੇ ਹਨ। ਘਰ ਲਈ ਕਨੌਲਾ ਸਰ੍ਹੋਂ ਦਾ ਤੇਲ ਸਿਹਤ ਪੱਖੋਂ ਬਹੁਤ ਵਧੀਆ ਹੈ। ਸਰ੍ਹੋਂ ਜਾਤੀ ਦੀਆਂ ਫ਼ਸਲਾਂ ਜਿਵੇਂ ਕਿ ਰਾਇਆ ਅਤੇ ਅਫ਼ਰੀਕਨ ਸਰ੍ਹੋਂ ਨੂੰ ਮਸਟਰਡ ਵਿਚ ਗਿਣਿਆ ਜਾਂਦਾ ਹੈ। ਤੋਰੀਆਂ, ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰੋ੍ਹਂ ਸੇਂਜੂ ਹਾਲਾਤ ਵਿਚ ਹੀ ਬੀਜੇ ਜਾਂਦੇ ਹਨ ਜਦਕਿ ਰਾਇਆ ਸੇਂਜੂ ਅਤੇ ਬਰਾਨੀ ਹਾਲਾਤ ਵਿਚ ਬੀਜਿਆ ਜਾ ਸਕਦਾ ਹੈ।

 

ਤਾਰਾਮੀਰਾ ਆਮ ਤੌਰ ’ਤੇ ਰੇਤਲੀਆਂ ਜ਼ਮੀਨਾਂ ਤੇ ਘੱਟ ਬਾਰਸ਼ ਵਾਲੇ ਇਲਾਕੇ ਲਈ ਢੁਕਵਾਂ ਹੈ। ਇਸ ਵਿਚ 2 ਫ਼ੀ ਸਦੀ ਤੋਂ ਘੱਟ ਇਰੁਸਿਕ ਐਸਿਡ ਤੇ ਖਲ ਵਿਚ 30 ਮਾਈਕਰੋ ਮੋਲ ਪ੍ਰਤੀ ਗ੍ਰਾਮ ਤੋਂ ਘੱਟ ਗਲੁਕੋਸਿਨੋਲੇਟਸ ਹੁੰਦੇ ਹਨ। ਜ਼ਿਆਦਾ ਇਰੁਸਿਕ ਐਸਿਡ ਵਾਲੇ ਤੇਲ ਦੀ ਵਰਤੋਂ ਨਾਲ ਨਾੜਾਂ ਦੇ ਮੋਟੇ ਹੋਣ ਕਾਰਨ ਦਿਲ ਦੇ ਰੋਗਾਂ ਦੇ ਵਧਣ ਦੀ ਸੰਭਾਵਨਾ ਹੁੰਦੀ ਹੈ।

ਖਲ ਵਿਚਲੇ ਜ਼ਿਆਦਾ ਗਲੂਕੋਸਿਨੋਲੇਟਸ ਜਾਨਵਰਾਂ ਵਿਚ ਭੁੱਖ ਅਤੇ ਜਣਨ ਸਮਰੱਥਾ ਨੂੰ ਘਟਾਉਣ ਦੇ ਨਾਲ-ਨਾਲ ਗੱਲੜ੍ਹ ਰੋਗ ਨੂੰ ਵਧਾਉਂਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੀ ਗਈ ਰਾਇਆ ਦੀ ਕਿਸਮ ਆਰ ਐਲ ਸੀ - 3, ਆਰ ਸੀ ਐਚ - 1 ਤੇ ਗੋਭੀ ਸਰ੍ਹੋਂ ਦੀਆਂ ਜੀ ਐਸ ਸੀ - 6, ਜੀ ਐਸ ਸੀ - 7, ਪੀ ਜੀ ਐਸ ਐਚ - 1707 ਤੇ ਹਾਇਉਲਾ ਪੀ ਏ ਸੀ 401 ਕਨੌਲਾ ਕਿਸਮਾਂ ਹਨ।

ਤੋਰੀਆਂ ਦੀਆਂ ਉਨਤ ਕਿਸਮਾਂ ਟੀ.ਐਲ-15, ਟੀ.ਐਲ-17, ਰਾਇਆ ਦੀਆਂ ਆਰ ਸੀ ਐਚ-1, ਪੀ ਐਚ ਆਰ-126, ਗਿਰੀਰਾਜ, ਆਰ ਐਲ ਸੀ-3, ਪੀ ਬੀ ਆਰ-357, ਪੀ ਬੀ ਆਰ-97, ਪੀ ਬੀ ਆਰ-91, ਆਰ ਐਲ ਐਮ-1 ਹਨ। ਗੋਭੀ ਸਰ੍ਹੋਂ ਦੀਆਂ ਕਿਸਮਾਂ ਪੀ ਜੀ ਐਸ ਐਚ- 1707, ਜੀ ਐਸ ਸੀ- 6, ਹਾਇਉਲਾ ਪੀ ਏ ਸੀ- 401, ਜੀ ਐਸ ਐਲ- 2, ਜੀ ਐਸ ਐਲ- 1 ਤੇ ਅਫ਼ਰੀਕਨ ਸਰ੍ਹੋਂ ਦੀ ਕਿਸਮ ਪੀ ਸੀ -6 ਤੇ ਤਾਰਾਮੀਰਾ ਦੀ ਟੀ ਐਮ ਐਲ ਸੀ- 2 ਹਨ।

ਗੋਭੀ ਸਰ੍ਹੋਂ 10 ਤੋਂ 30 ਅਕਤੂਬਰ, ਰਾਇਆ ਤੇ ਅਫ਼ਰੀਕਨ ਸਰ੍ਹੋਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਪਨੀਰੀ ਰਾਹੀਂ, ਗੋਭੀ ਸਰ੍ਹੋਂ ਤੇ ਅਫ਼ਰੀਕਨ ਸਰ੍ਹੋਂ ਨਵੰਬਰ ਤੋਂ ਅੱਧ ਦਸੰਬਰ ਤੇ ਤਾਰਾਮੀਰਾ ਸਾਰਾ ਅਕਤੂਬਰ ਬੀਜਿਆ ਜਾ ਸਕਦਾ ਹੈ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਜੇ ਅਜਿਹਾ ਨਾ ਹੋ ਸਕੇ ਤਾਂ ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿਚ ਸੇਂਜੂ ਹਾਲਾਤ ਵਿਚ ਰਾਇਆ, ਗੋਭੀ ਸਰ੍ਹੋਂ ਅਤੇ ਅਫ਼ਰੀਕਨ ਸਰ੍ਹੋਂ ’ਚ ਚੰਗੇ ਝਾੜ ਲਈ 40 ਕਿਲੋ ਨਾਈਟ੍ਰੋਜਨ ਤੇ 12 ਕਿਲੋ ਫ਼ਾਸਫ਼ੋਰਸ ਪ੍ਰਤੀ ਏਕੜ ਵਰਤਣੀ ਚਾਹੀਦੀ ਹੈ। ਤੋਰੀਆ ਵਿਚ 25 ਕਿਲੋ ਨਾਈਟ੍ਰੋਜਨ ਅਤੇ 8 ਕਿਲੋ ਫ਼ਾਸਫ਼ੋਰਸ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਬਰਾਨੀ ਹਾਲਾਤ ਵਿਚ ਰਾਇਆ ਤੇ ਤਾਰਾਮੀਰਾ ਨੂੰ ਘੱਟ ਖਾਦਾਂ ਦੀ ਲੋੜ ਪੈਂਦੀ ਹੈ। ਰਾਇਆ ਨੂੰ 15 ਕਿਲੋ ਨਾਈਟ੍ਰੋਜਨ ਤੇ 8 ਕਿਲੋ ਫ਼ਾਸਫ਼ੋਰਸ ਪ੍ਰਤੀ ਏਕੜ, ਤਾਰਾਮੀਰਾ ਨੂੰ 12 ਕਿਲੋ ਨਾਈਟ੍ਰੋਜਨ ਹੀ ਕਾਫ਼ੀ ਹੈ। ਸਿੱਧੀ ਤੇ ਪਨੀਰੀ ਰਾਹੀਂ ਕਾਸ਼ਤ ਕੀਤੀ ਗਈ ਫ਼ਸਲ ਨੂੰ ਸਾਰੀ ਫ਼ਾਸਫ਼ੋਰਸ ਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਉ। ਬਾਕੀ ਦੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਨਾਲ ਪਾਉ। ਬਰਾਨੀ ਹਾਲਾਤ ’ਚ ਰਾਇਆ ਤੇ ਤਾਰਾਮੀਰਾ ਨੂੰ ਬਿਜਾਈ ਤੋਂ ਪਹਿਲਾਂ ਸਾਰੀ ਖਾਦ ਪੋਰ ਦਿਉ। ਤੋਰੀਆ ਦੀ ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕੀਤੀ ਜਾਵੇ।

ਤੋਰੀਆ ਨੂੰ ਜ਼ਰੂਰਤ ਅਨੁਸਾਰ ਫੁੱਲ ਪੈਣ ਸਮੇਂ ਇਕ ਸਿੰਚਾਈ ਕੀਤੀ ਜਾ ਸਕਦੀ ਹੈ। ਜੇ ਰਾਇਆ, ਗੋਭੀ ਸਰ੍ਹੋਂ ਅਫ਼ਰੀਕਨ ਸਰ੍ਹੋਂ ਦੀ ਬਿਜਾਈ ਭਾਰੀ ਰੌਣੀ (10-12 ਸੈਂਟੀਮੀਟਰ) ਤੋਂ ਬਾਅਦ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਚਾਈ ਤਿੰਨ ਤੋਂ ਚਾਰ ਹਫ਼ਤਿਆਂ ਬਾਅਦ ਕਰਨੀ ਚਾਹੀਦੀ ਹੈ। ਇਸ ਨਾਲ ਪੌਦਿਆਂ ਦੀਆਂ ਜੜ੍ਹਾਂ ਡੂੰਘੀਆਂ ਹੋ ਜਾਣਗੀਆਂ, ਜੋ ਕਿ ਖਾਦ ਦੀ ਯੋਗ ਵਰਤੋਂ ਲਈ ਜ਼ਰੂਰੀ ਹਨ। ਰਾਇਆ ਅਤੇ ਅਫ਼ਰੀਕਨ ਸਰ੍ਹੋਂ ਦੀ ਫ਼ਸਲ ਨੂੰ ਜੇ ਜ਼ਰੂਰਤ ਹੋਵੇ ਤਾਂ ਦੂਜਾ ਪਾਣੀ ਫੁੱਲ ਪੈਣ ’ਤੇ ਦਿਉ। ਜੇ ਕੋਰਾ ਪੈਣ ਦਾ ਡਰ ਹੋਵੇ ਤਾਂ ਦੂਜਾ ਪਾਣੀ ਪਹਿਲਾਂ ਵੀ ਦਿਤਾ ਜਾ ਸਕਦਾ ਹੈ।

ਗੋਭੀ ਸਰ੍ਹੋਂ ਦੀ ਫ਼ਸਲ ਨੂੰ ਦੂਜਾ ਪਾਣੀ ਦਸੰਬਰ ਅਖ਼ੀਰ ਜਾਂ ਜਨਵਰੀ ਦੇ ਸ਼ੁਰੂ ’ਚ ਦਿਉ। ਤੀਜੀ ਤੇ ਆਖ਼ਰੀ ਸਿੰਚਾਈ ਫ਼ਰਵਰੀ ਦੇ ਦੂਜੇ ਪੰਦਰਵਾੜੇ ਵਿਚ ਦਿਤੀ ਜਾ ਸਕਦੀ ਹੈ। ਇਸ ਤੋਂ ਬਾਅਦ ਪਾਣੀ ਨਹੀਂ ਦੇਣਾ ਚਾਹੀਦਾ ਨਹੀਂ ਤਾਂ ਫ਼ਸਲ ਦੇ ਡਿੱਗਣ ਦਾ ਡਰ ਰਹਿੰਦਾ ਹੈ। ਫੁੱਲ ਪੈਣ ਦੀ ਸ਼ੁਰੂਆਤੀ ਅਵਸਥਾ, ਫਲੀਆਂ ਬਣਨ ਅਤੇ ਦਾਣੇ ਬਣਨ ਸਮੇਂ ਸਿੰਚਾਈ ਦਾ ਖ਼ਾਸ ਖ਼ਿਆਲ ਰੱਖੋ।