ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਦਾ ਰੁਝਾਨ ਪਹਿਲਾਂ ਦੇ ਮੁਕਾਬਲੇ ਘਟਿਆ
ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲੇ 80,000 ਤੋਂ ਘਟ ਕੇ 10 ਤੋਂ 12 ਹਜ਼ਾਰ ’ਤੇ ਆਏ
ਚੰਡੀਗੜ੍ਹ : ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਹੁਣ ਝੋਨੇ ਦੀ ਕਟਾਈ ਦਾ ਕੰਮ ਜ਼ੋਰਾਂ ’ਤੇ ਹੈ। ਝੋਨੇ ਦੀ ਕਟਾਈ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜਨ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਜਿਸ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਪ੍ਰਦੂਸ਼ਣ ਵਧਣ ਦਾ ਮਸਲਾ ਖੜ੍ਹਾ ਹੁੰਦਾ ਹੈ। ਪਰਾਲੀ ਸਾੜਨ ਦੇ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਸੁਮੀਤ ਸਿੰਘ ਵੱਲੋਂ ਡਾ. ਰਵਿੰਦਰ ਗਰੇਵਾਲ ਨਾਲ ਗੱਲਬਾਤ ਕੀਤੀ ਗਈ। ਡਾ.ਗਰੇਵਾਲ ਨੇ ਅੰਕੜੇ ਦਿਖਾਉਂਦੇ ਹੋਏ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਵਿਚ ਪਿਛਲੇ ਸਾਲਾਂ ਤੋਂ ਲਗਾਤਾਰ ਪਰਾਲੀ ਸਾੜਨ ਦੇ ਮਾਮਲੇ ਘਟਦੇ ਜਾ ਰਹੇ ਹਨ।
ਡਾ. ਗਰੇਵਾਲ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਣ ’ਤੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਓਵਰਆਲ ਪਰਾਲੀ ਸਾੜਨ ਦੇ ਮਾਮਲਿਆਂ ਵਿਚ 80 ਫ਼ੀ ਸਦੀ ਕਮੀ ਆਈ ਹੈ, ਪਹਿਲਾਂ ਪੰਜਾਬ ਵਿਚ ਪਰਾਲੀ ਸਾੜਨ ਦੇ 80000 ਹਜ਼ਾਰ ਦੇ ਲਗਭਗ ਮਾਮਲੇ ਸਾਹਮਣੇ ਆਉਂਦੇ ਸਨ ਜੋ ਹੁਣ ਘਟ ਕੇ 10 ਤੋਂ 12 ਹਜ਼ਾਰ ਮਾਮਲੇ ਰਹਿ ਗਏ ਹਨ। ਸਾਲ 2012 ਦੇ ਮੁਕਾਬਲੇ ਪੰਜਾਬ ਅੰਦਰ 48 ਫ਼ੀਸਦੀ ਪਰਾਲੀ ਸਾੜਨ ਦੇ ਮਾਮਲੇ ਘਟੇ ਹਨ ਜੇਕਰ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀ ਗੱਲ ਕਰੀਏ ਤਾਂ ਪੰਜਾਬ ਅੰਦਰ ਪਰਾਲੀ ਸਾੜਨ ਦੇ ਮਾਮਲੇ 54 ਫ਼ੀ ਸਦੀ ਘਟੇ ਹਨ। ਇਸ ਵਾਰ ਪੰਜਾਬ ਅਤੇ ਹਰਿਆਣਾ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਸਖਤੀ ਕਰਨੀ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਹਰਿਆਣਾ ਸਰਕਾਰ ਵੱਲੋਂ ਤਾਂ ਇਥੋਂ ਤੱਕ ਕਿਹਾ ਗਿਆ ਹੈ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਐਮ.ਐਸ.ਪੀ. ਦੇ ਹੱਕ ਤੋਂ ਵਾਂਝਾ ਕਰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਪੰਜਾਬ ਅੰਦਰ ਵੀ ਟੀਮਾਂ ਬਣਾ ਕੇ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟਾਉਣ ਲਈ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘੱਟ ਕਰਨ ਲਈ ਏਅਰ ਕੁਆਲਿਟੀ ਮੈਨੇਜਮੈਂਟ ਅਥਾਰਟੀ, ਕੇਂਦਰ ਸਰਕਾਰ, ਸੂਬਾ ਸਰਕਾਰ, ਕਾਰਪੋਰੇਟ ਸੁਸਾਇਟੀਆਂ, ਸਾਡੀਆਂ ਐਨਜੀਓਜ਼ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ ਤਾਂ ਜੋ ਅੱਗ ਲਾਉਣ ਦੀ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਸਾਡੇ ਕਿਸਾਨ ਭਰਾ ਵੀ ਬਹੁਤ ਸਿਆਣੇ ਹੋ ਚੁੱਕੇ ਹਨ ਕਿਉਂਕਿ ਕਿਸਾਨ ਜਾਣਦੇ ਹਨ ਕਿ ਪਰਾਲੀ ਸਾੜਨ ਨਾਲ ਉਨ੍ਹਾਂ ਦੇ ਖੇਤਾਂ ਨੂੰ, ਉਨ੍ਹਾਂ ਦੇ ਪਸ਼ੂਆਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈਂਦਾ ਹੈ। ਜਿਸ ਦੇ ਚਲਦਿਆਂ ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲੇ ਬਹੁਤ ਘਟੇ ਹਨ ਅਤੇ ਇਸ ਦਾ ਸਾਰਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ।
ਡਾ.ਗਰੇਵਾਲ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਨਾਲ ਲੋਕਾਂ ਸਾਹ ਲੈਣ ’ਚ ਦਿੱਕਤ, ਅੱਖਾਂ ’ਚ ਜਲਣ, ਧੂੰਏਂ ਕਾਰਨ ਹੋਣ ਵਾਲੇ ਐਕਸੀਡੈਂਟ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਪਰਾਲੀ ਤੋਂ ਹੋਣ ਵਾਲਾ ਧੂੰਆਂ ਲੰਬੇ ਸਮੇਂ ਤੱਕ ਰਹਿੰਦਾ ਹੈ ਤਾਂ ਇਹ ਬੱਚਿਆਂ ਅਤੇ ਬਜ਼ੁਰਗਾਂ ’ਚ ਸਾਹ ਦੀਆਂ ਬਿਮਾਰੀਆਂ ਪੈਦਾ ਕਰ ਦਿੰਦਾ ਹੈ। ਜੇਕਰ ਅਸੀਂ ਆਪਣੇ ਪਰਿਵਾਰਾਂ ਨੂੰ ਪਰਾਲੀ ਤੋਂ ਹੋਣ ਪ੍ਰਦੂਸ਼ਣ ਤੋਂ ਬਚਾਉਣਾ ਹੈ ਤਾਂ ਸਾਨੂੰ ਪਰਾਲੀ ਨੂੰ ਖੇਤਾਂ ਵਿਚ ਹੀ ਮਿਲਾਉਣਾ ਪਵੇਗਾ। ਵੱਖ-ਵੱਖ ਯਤਨਾਂ ਰਾਹੀਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਯਤਨ ਲਗਾਤਾਰ ਜਾਰੀ ਹਨ। ਪੰਜਾਬ ਦੇ ਬਹੁਤ ਸਾਰੇ ਖੇਤਰ ਤਾਂ ਅਜਿਹੇ ਹਨ ਜਿੱਥੇ ਕਿਸਾਨਾਂ ਵੱਲੋਂ ਪਰਾਲੀ ਬਿਲਕੁਲ ਵੀ ਨਹੀਂ ਸਾੜੀ ਜਾਂਦੀ। ਇਸ ਸਾਲ ਹੁਣ ਤੱਕ ਪੰਜਾਬ ਅੰਦਰ ਕੁੱਝ ਹੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਆਉਂਦੇ ਕੁੱਝ ਸਾਲਾਂ ਦੌਰਾਨ ਪਰਾਲੀ ਸਾੜਨ ਦੇ ਮਾਮਲੇ ਬਿਲਕੁਲ ਹੀ ਖਤਮ ਹੋ ਜਾਣਗੇ।