ਖੇਤਾਂ 'ਚ ਲੱਗੇ ਟਰਾਂਸਫਾਰਮਰ ਦੇ ਆਲੇ ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖਿਆ ਜਾਵੇ: ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

 ਐੱਸ.ਡੀ.ਓ. ਸ. ਬਾਜਵਾ ਨੇ ਦੱਸਿਆ ਕਿ ਟਰਾਂਸਫਾਰਮਰ ਦੇ ਆਲੇ ਦੁਆਲੇ ਦੀ ਇਕ ਮਰਲਾ ਕਣਕ ਪਹਿਲਾਂ ਹੀ ਕੱਟ ਲਈ ਜਾਵੇ

wheat

ਬਟਾਲਾ, 6 ਅਪ੍ਰੈਲ ( ਗੋਰਾਇਆ/ਰਿੰਕੂ ਰਾਜਾ/ਗੋਰਾ ਚਾਹਲ ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪਾਵਰਕਾਮ ਫਤਹਿਗੜ ਚੂੜੀਆਂ ਦੇ ਐੱਸ.ਡੀ.ਓ. ਇੰਜੀਨੀਅਰ ਜਗਦੀਸ਼ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਕੱਟੀ ਹੋਈ ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਹਾਰਵੈਸਟ ਕੰਬਾਈਨ ਸਿਰਫ਼ ਦਿਨ ਵੇਲੇ ਹੀ ਚਲਾਈ ਜਾਵੇ ਅਤੇ ਹਾਰਵੈਸਟ ਕੰਬਾਈਨ ਦੇ ਪੁਰਜ਼ਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ 'ਤੇ ਧਿਆਨ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਹਾਰਵੈਸਟ ਕੰਬਾਈਨ ਖੰਭਿਆਂ, ਬਿਜਲੀ ਦੀਆਂ ਤਾਰਾਂ ਅਤੇ ਖਿੱਚਾਂ ਨਾਲ ਨਹੀਂ ਟਕਰਾਉਣੀ ਚਾਹੀਦੀ ਅਤੇ ਕੱਟੀ ਹੋਈ ਕਣਕ ਬਿਜਲੀ ਦੀਆਂ ਤਾਰਾਂ ਦੇ ਹੇਠਾਂ ਜਾਂ ਟਰਾਂਸਫਾਰਮਰ ਅਤੇ ਜੀ.ਓ. (ਗੈਂਗ ਓਪਰੇਟਿੰਗ) ਸਵਿੱਚ ਦੇ ਨਜ਼ਦੀਕ ਨਾ ਰੱਖੀ ਜਾਵੇ।  ਐੱਸ.ਡੀ.ਓ. ਸ. ਬਾਜਵਾ ਨੇ ਦੱਸਿਆ ਕਿ ਟਰਾਂਸਫਾਰਮਰ ਦੇ ਆਲੇ ਦੁਆਲੇ ਦੀ ਇਕ ਮਰਲਾ ਕਣਕ ਪਹਿਲਾਂ ਹੀ ਕੱਟ ਲਈ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬਿਜਲੀ ਦੀ ਲਾਈਨ ਤੋਂ ਸਪਾਰਕ ਹੋ ਰਿਹਾ ਹੈ, ਤਾਂ ਇਸ ਦੀ ਸੂਚਨਾ ਨੋਡਲ ਸੈਂਟਰ, ਸਬੰਧਤ ਬਿਜਲੀ ਘਰ, ਜੇ.ਈ., ਲਾਇਨਮੈਨ ਜਾਂ ਪਾਵਰਕਾਮ ਦੀ ਹੈਲਪਲਾਈਨ 1912 'ਤੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਅਣ-ਅਧਿਕਾਰਤ ਵਿਅਕਤੀ ਨੂੰ ਜੀ.ਓ. ਸਵਿੱਚ ਨਾ ਕੱਟਣ ਦਿੱਤਾ ਜਾਵੇ। ਉਨ੍ਹਾਂ ਹੋਰ ਕਿਹਾ ਕਿ ਬਾਂਸ ਜਾਂ ਸੋਟੀ ਨਾਲ ਬਿਜਲੀ ਦੀ ਲਾਈਨ ਨੂੰ ਨਾ ਛੇੜਿਆ ਜਾਵੇ ਅਤੇ ਕੱਟੀ ਹੋਈ ਕਣਕ ਦੇ ਕਚਰੇ, ਨਾੜ ਨੂੰ ਅੱਗ ਨਾ ਲਾਈ ਜਾਵੇ। ਕਣਕ ਦੇ ਨੇੜੇ ਕਿਸੇ ਮਜ਼ਦੂਰ ਨੂੰ ਬੀੜੀ, ਸਿਗਰਟ ਆਦਿ ਨਾ ਪੀਣ ਦਿੱਤੀ ਜਾਵੇ। ਕਣਕ ਨੂੰ ਅੱਗ ਤੋਂ ਬਚਾਉਣ ਲਈ ਸ਼ਰਾਰਤੀ ਅਨਸਰਾਂ 'ਤੇ ਨਿਗਰਾਨੀ ਰੱਖੀ ਜਾਵੇ।  ਸ. ਬਾਜਵਾ ਨੇ ਦੱਸਿਆ ਕਿ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਦੇ ਆਲੇ-ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਰੱਖਿਆ ਜਾਵੇ, ਤਾਂ ਕਿ ਜੇਕਰ ਕੋਈ ਚੰਗਿਆੜੀ ਡਿੱਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ। ਟਿਊਬਵੈੱਲਾਂ ਦੇ ਚੁਬੱਚਿਆਂ ਨੂੰ ਪਾਣੀ ਨਾਲ ਭਰ ਕੇ ਰੱਖਿਆ ਜਾਵੇ ਅਤੇ ਕੁਝ ਬਾਲਟੀਆਂ ਦਾ ਵੀ ਇੰਤਜ਼ਾਮ ਕੀਤਾ ਜਾਵੇ, ਤਾਂ ਜੋ ਅੱਗ ਤੋਂ ਬਚਾਅ ਕੀਤਾ ਜਾ ਸਕੇ।