ਪਿੰਡ ਆਹਲੂਪੁਰ ਦੀ ਨਹਿਰ 'ਚ ਪਿਆ ਪਾੜ, ਕਿਸਾਨਾਂ ਦੀ 40 ਏਕੜ ਫ਼ਸਲ ਹੋਈ ਤਬਾਹ
ਨਹਿਰ ਬੀਤੀ ਰਾਤ ਬਾਰਾਂ ਵਜੇ ਦੇ ਕਰੀਬ ਟੁੱਟ ਚੁੱਕੀ ਹੈ ਜਿਸ ਕਾਰਨ ਕਿਸਾਨਾਂ ਦੀ 40 ਏਕੜ ਦੇ ਕਰੀਬ ਫ਼ਸਲ ਪਾਣੀ ਵਿਚ ਡੁੱਬੀ ਗਈ।
ਮਾਨਸਾ - ਸਰਦੂਲਗੜ੍ਹ ਦੇ ਨਜ਼ਦੀਕੀ ਪਿੰਡ ਆਹਲੂਪੁਰ ਵਿਚ ਨਿਊ ਢੰਡਾਲ ਨਹਿਰ ਵਿਚ ਪਾੜ ਪੈਣ ਕਾਰਨ ਕਿਸਾਨਾਂ ਦੀ 40 ਏਕੜ ਪੱਕੀ ਝੋਨੇ ਦੀ ਫ਼ਸਲ ਵਿਚ ਪਾਣੀ ਭਰ ਜਾਣ ਕਾਰਨ ਸਾਰੀ ਫ਼ਸਲ ਤਬਾਹ ਹੋ ਗਈ ਹੈ। ਪਿੰਡ ਦੇ ਕਿਸਾਨਾਂ ਨੇ ਅਪਣਾ ਦੁੱਖੜਾ ਸੁਣਾਉਂਦੇ ਹੋਏ ਕਿਹਾ ਕਿ ਹਰ ਵਾਰ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਉਨ੍ਹਾਂ ਨੂੰ ਘਾਟਾ ਸਹਿਣਾ ਪੈਦਾ ਹੈ। ਉਨ੍ਹਾਂ ਕਿਹਾ ਦੋ ਤਿੰਨ ਮਹੀਨੇ ਬਾਅਦ ਨਹਿਰ ਟੁੱਟ ਜਾਂਦੀ ਹੈ ਅਤੇ ਹੁਣ ਫਿਰ ਇਹ ਨਹਿਰ ਬੀਤੀ ਰਾਤ ਬਾਰਾਂ ਵਜੇ ਦੇ ਕਰੀਬ ਟੁੱਟ ਚੁੱਕੀ ਹੈ ਜਿਸ ਕਾਰਨ ਕਿਸਾਨਾਂ ਦੀ 40 ਏਕੜ ਦੇ ਕਰੀਬ ਫ਼ਸਲ ਪਾਣੀ ਵਿਚ ਡੁੱਬੀ ਗਈ।
ਕਿਸਾਨਾਂ ਨੇ ਦੱਸਿਆ ਕਿ ਇਸ ਨਹਿਰ ਵੱਲ ਪ੍ਰਸ਼ਾਸਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਜਦੋਂ ਕਿ ਇਹ ਨਹਿਰ ਨਵੀਂ ਬਣਨੀ ਚਾਹੀਦੀ ਹੈ ਅਤੇ ਇਸ ਦਾ ਬਹੁਤ ਹੀ ਬੁਰਾ ਹਾਲ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਸਾਨਾਂ ਦਾ ਸਾਥ ਦਿੱਤਾ ਜਾਵੇ ਕਿਉਂਕਿ ਕਿਸਾਨ ਸਵੇਰ ਤੋਂ ਖ਼ੁਦ ਹੀ ਦਰਾਰ ਨੂੰ ਬੰਦ ਕਰਨ ਵਿਚ ਲੱਗੇ ਹੋਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਠੇਕੇ ਉੱਤੇ ਜ਼ਮੀਨ ਲੈ ਕੇ ਝੋਨੇ ਦੀ ਬਿਜਾਈ ਕੀਤੀ ਗਈ ਸੀ ਪਰ ਨਹਿਰ ਟੁੱਟਣ ਕਾਰਨ ਉਨ੍ਹਾਂ ਦੀ ਫ਼ਸਲ ਡੁੱਬ ਗਈ ਅਤੇ ਕੋਈ ਅਧਿਕਾਰੀ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ ਅਤੇ ਉਹ ਖ਼ੁਦ ਹੀ ਨਹਿਰ ਵਿਚ ਪਏ ਪਾੜ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਅਫ਼ਸਰ ਫੋਨ ਤੱਕ ਨਹੀਂ ਚੁੱਕ ਰਹੇ।
ਪੀੜਤ ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਤੁਰੰਤ ਪਾਣੀ ਬੰਦ ਕਰਵਾਇਆ ਜਾਵੇ ਅਤੇ ਉਨ੍ਹਾਂ ਦੀਆਂ ਫ਼ਸਲਾਂ ਦਾ ਨਹਿਰੀ ਵਿਭਾਗ ਜਾਂ ਪੰਜਾਬ ਸਰਕਾਰ ਤੁਰੰਤ ਮੁਆਵਜ਼ਾ ਦੇਵੇ ਅਤੇ ਇਸ ਨਹਿਰ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ।