ਭਾਜਪਾ ਦੇ ਪੋਸਟਰ ਤੋਂ ਭੜਕਿਆ ਰਾਜਸਥਾਨ ਦਾ ਕਿਸਾਨ, ਕਾਨੂੰਨੀ ਕਾਰਵਾਈ ਦੀ ਦਿਤੀ ਧਮਕੀ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਭਾਜਪਾ ਵਲੋਂ ਰਾਜਸਥਾਨ ’ਚ ਕਿਸਾਨਾਂ ਦੀਆਂ ਜ਼ਮੀਨਾਂ ਨੀਲਾਮ ਕਰਨ ਬਾਰੇ ਕਈ ਪੋਸਟਰ ਲਾਏ ਗਏ

Farmer Maduram Jaipal

ਸਾਡੀ ਕੋਈ ਜ਼ਮੀਨ ਨੀਲਾਮ ਨਹੀਂ ਹੋਈ ਅਤੇ ਨਾ ਹੀ ਅਸੀਂ ਕਰਜ਼ ਹੇਠ ਹਾਂ : ਕਿਸਾਨ ਜੁਗਤਾਰਾਮ

ਜੈਸਲਮੇਰ/ਜੈਪੁਰ: ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਰਾਜਸਥਾਨ ’ਚ ਅਪਣੀ ਵਿਧਾਨ ਸਭਾ ਚੋਣ ਮੁਹਿੰਮ ‘ਨਹੀਂ ਸਹੇਗਾ ਰਾਜਸਥਾਨ’ ਤਹਿਤ ਜਾਰੀ ਕੀਤੇ ਗਏ ਇਕ ਪੋਸਟਰ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਜੈਸਲਮੇਰ ਦੇ ਇਕ ਬਜ਼ੁਰਗ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਇਸ ਪੋਸਟਰ ’ਚ ਵਰਤੀ ਗਈ ਤਸਵੀਰ ਉਸ ਦੀ ਹੈ ਅਤੇ ਇਸ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਇਹ ਪੋਸਟਰ ਕਿਸਾਨਾਂ ਦੇ ਮੁੱਦੇ ਨਾਲ ਸਬੰਧਤ ਹੈ, ਜਿਸ ’ਚ ਪਾਰਟੀ ਨੇ 19 ਹਜ਼ਾਰ ਤੋਂ ਵੱਧ ਕਿਸਾਨਾਂ ਦੀ ਜ਼ਮੀਨ ਨਿਲਾਮ ਹੋਣ ਦਾ ਦਾਅਵਾ ਕੀਤਾ ਹੈ। ਇਹ ਪੋਸਟਰ ਕਈ ਥਾਵਾਂ ’ਤੇ ਹੋਰਡਿੰਗਜ਼ ਦੇ ਰੂਪ ਵਿਚ ਲਗਾਇਆ ਗਿਆ ਹੈ। ਪੋਸਟਰ ’ਚ ਇਕ ਕਿਸਾਨ ਦੀ ਤਸਵੀਰ ਹੈ। ਜੈਸਲਮੇਰ ਦੇ ਇਕ ਪਿੰਡ ਦੇ 70 ਵਰ੍ਹਿਆਂ ਦੇ ਬਜ਼ੁਰਗ ਮਧੂਰਾਮ ਜੈਪਾਲ ਨੇ ਦਾਅਵਾ ਕੀਤਾ ਕਿ ਪੋਸਟਰ ’ਚ ਵਰਤੀ ਗਈ ਤਸਵੀਰ ਉਨ੍ਹਾਂ ਦੀ ਹੈ। ਉਨ੍ਹਾਂ ਕਿਹਾ ਕਿ ਪੋਸਟਰ ’ਚ ਕੀਤੇ ਗਏ ਭਾਜਪਾ ਦੇ ਦਾਅਵਿਆਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਉਨ੍ਹਾਂ ਦੀ ਤਸਵੀਰ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਥਾਨਕ ਭਾਜਪਾ ਆਗੂਆਂ ਨੂੰ ਤਸਵੀਰ ਹਟਾਉਣ ਲਈ ਕਿਹਾ ਹੈ ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।

ਮਧੂਰਾਮ ਦੇ ਬੇਟੇ ਜੁਗਤਾਰਾਮ ਨੇ ਕਿਹਾ, ‘‘ਅਸੀਂ ਭਾਜਪਾ ਨੂੰ ਮੇਰੇ ਪਿਤਾ ਦੀ ਤਸਵੀਰ ਹਟਾਉਣ ਦੀ ਬੇਨਤੀ ਕਰਦੇ ਹਾਂ। ਸੋਸ਼ਲ ਮੀਡੀਆ ’ਤੇ ਲੋਕ ਗਲਤ ਟਿਪਣੀਆਂ ਕਰ ਰਹੇ ਹਨ। ਸਾਡੀ ਕੋਈ ਜ਼ਮੀਨ ਨੀਲਾਮ ਨਹੀਂ ਹੋਈ ਅਤੇ ਨਾ ਹੀ ਸਾਡੇ ਸਿਰ ਕੋਈ ਕਰਜ਼ਾ ਹੈ। ਅਸੀਂ ਅਪਣੇ ਖੇਤ ਵਿੱਚ ਬੈਠੇ ਹਾਂ।’’ ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਪੋਸਟਰ ’ਚ ਕੀਤਾ ਗਿਆ ਦਾਅਵਾ ਝੂਠਾ ਹੈ। 

ਜਦਕਿ ਕਾਂਗਰਸ ਦੇ ਸਥਾਨਕ ਬੁਲਾਰੇ ਰੁਗਦਾਨ ਝਿਬਾ ਨੇ ਕਿਹਾ, ‘‘ਭਾਜਪਾ ਨੇ ਇਕ ਪੋਸਟਰ ਬਣਾਇਆ ਹੈ, ਜਿਸ ’ਚ ਇਕ ਵਿਅਕਤੀ ਦੀ ਤਸਵੀਰ ਲਗਾਈ ਗਈ ਸੀ, ਜਿਸ ਰਾਹੀਂ ਇਹ ਉਜਾਗਰ ਕੀਤਾ ਗਿਆ ਸੀ ਕਿ ਉਸ ਦੀ ਜ਼ਮੀਨ ਕਰਜ਼ੇ ਕਾਰਨ ਨਿਲਾਮ ਕੀਤੀ ਗਈ ਸੀ, ਜਦਕਿ ਉਸ ਵਿਅਕਤੀ (ਮਧੂਰਾਮ ਜੈਪਾਲ) ਦਾ ਕੋਈ ਕਰਜ਼ਾ ਨਹੀਂ ਹੈ। ਨਾ ਹੀ ਉਸ ਦੀ ਜ਼ਮੀਨ ਦੀ ਨਿਲਾਮੀ ਹੋਈ ਹੈ।’’

ਜੈਸਲਮੇਰ ’ਚ ਭਾਜਪਾ ਦੇ ਸਥਾਨਕ ਨੇਤਾਵਾਂ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜੈਪੁਰ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਭਾਜਪਾ ਦਾ ਪਰਦਾਫਾਸ਼ ਹੋ ਗਿਆ ਹੈ।