ਸ਼ੰਭੂ 'ਤੇ ਮਾਹੌਲ ਤਣਾਅਪੂਰਨ, ਵਾਪਸ ਪਰਤਿਆ 101 ਕਿਸਾਨਾਂ ਦਾ ਜਥਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਚਲਾਉਣ ਨਾਲ 5 ਕਿਸਾਨ ਹੋਏ ਜ਼ਖ਼ਮੀ

Punjab farmers shambhu border to delhi march update

ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਢਾਈ ਘੰਟੇ ਬਾਅਦ ਕਿਸਾਨ ਸ਼ੰਭੂ ਸਰਹੱਦ ਤੋਂ ਪਿੱਛੇ ਹਟ ਰਹੇ ਹਨ। ਕਿਸਾਨ ਆਗੂ ਸਰਵਣ ਸਿੰਘ ਨੇ ਕਿਹਾ ਕਿ ਸਾਡੇ ਕਈ ਆਗੂ ਜ਼ਖ਼ਮੀ ਹੋਏ ਹਨ। ਅਸੀਂ ਜਥੇ ਨੂੰ ਵਾਪਸ ਬੁਲਾ ਰਹੇ ਹਾਂ। ਦਿੱਲੀ ਮਾਰਚ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।

ਪਿਛਲੇ 9 ਮਹੀਨਿਆਂ ਤੋਂ ਪੰਜਾਬ-ਹਰਿਆਣਾ ਸਰਹੱਦ 'ਤੇ ਡੇਰੇ ਲਾਏ ਹੋਏ ਕਿਸਾਨਾਂ ਨੇ 101 ਕਿਸਾਨਾਂ ਦੇ ਜਥੇ ਨੂੰ ਦੁਪਹਿਰ 1 ਵਜੇ ਦਿੱਲੀ ਵੱਲ  ਨੂੰ ਕੂਚ ਕਰਨ ਲਈ ਭੇਜਿਆ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਬੈਰੀਕੇਡ ਅਤੇ ਕੰਡਿਆਲੀ ਤਾਰ ਨੂੰ ਉਖਾੜ ਦਿੱਤਾ। ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ 7 ਕਿਸਾਨ ਜ਼ਖਮੀ ਹੋ ਗਏ।

ਕਿਸਾਨਾਂ ਦੇ ਹੱਕ ਵਿਚ ਬੋਲੇ ਬਜਰੰਗ ਪੂਨੀਆ 
ਕਿਸਾਨਾਂ ਦੇ ਹੱਕ ਵਿਚ ਬੋਲਦਿਆਂ ਬਜਰੰਗ ਪੂਨੀਆ ਨੇ ਕਿਹਾ ਕਿ ਪਹਿਲਾਂ ਜਦੋਂ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਜਾ ਰਹੇ ਸਨ ਤਾਂ ਤੁਸੀਂ ਰੌਲਾ ਪਾਇਆ ਕਿ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਨਾ ਆਉਣ, ਹੁਣ ਜਦੋਂ ਕਿਸਾਨ ਪੈਦਲ ਜਾ ਰਹੇ ਸਨ ਤਾਂ ਹੁਣ ਵੀ ਤੁਹਾਨੂੰ ਪਰੇਸ਼ਾਨੀ ਹੈ। ਅਸਲ ਵਿਚ ਸਮੱਸਿਆ ਟਰੈਕਟਰ-ਟਰਾਲੀ ਦੀ ਨਹੀਂ, ਤੁਹਾਨੂੰ ਸਮੱਸਿਆ ਤਾਂ ਕਿਸਾਨਾਂ ਤੋਂ ਹੈ। ਸੱਚ ਤਾਂ ਇਹ ਹੈ ਕਿ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦੇਣਾ ਚਾਹੁੰਦੀ ਪਰ ਚਿੰਤਾ ਨਾ ਕਰੋ, ਕਿਸਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਦਾ ਹੱਕ ਕਿਵੇਂ ਲੈਣਾ ਹੈ।

ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਪੁਲਿਸ ਨੇ ਸ਼ੰਭੂ ਸਰਹੱਦ ਦੇ ਨਾਲ-ਨਾਲ ਖਨੌਰੀ ਸਰਹੱਦ ’ਤੇ ਵੀ ਸੁਰੱਖਿਆ ਵਧਾ ਦਿੱਤੀ ਸੀ। ਇੱਥੇ ਹਰਿਆਣਾ ਪੁਲੁਸ, ਆਰਏਐਫ ਅਤੇ ਆਈਆਰਬੀ ਤਾਇਨਾਤ ਸਨ ਪਰ ਹੁਣ ਸ਼ੰਭੂ ਸਰਹੱਦ ਤੋਂ ਕਿਸਾਨਾਂ ਦੇ ਪਿੱਛੇ ਹਟਣ ਮਗਰੋਂ ਪੁਲਿਸ ਇੱਥੋਂ ਵਾਪਸ ਪਰਤ ਰਹੀ ਹੈ।