ਕਿਸਾਨਾਂ ਦੀ ਕਰਜ਼ ਮਾਫੀ ਦੀ ਨੀਤੀ ਇੰਨੀ ਗਲਤ ਨਹੀ, ਜਿੰਨੀ ਸੋਚੀ ਜਾ ਰਹੀ : ਅਮ੍ਰਿਤਯਾ ਸੇਨ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਨੂੰ ਜਿਆਦਾ ਕਰਜ਼ ਕਾਰਨ ਅਪਣੀਆਂ ਜ਼ਮੀਨਾਂ ਵੇਚਣੀਆਂ ਪਈਆਂ। ਕਰਜ਼ ਮਾਫੀ ਇੰਨੀ ਵੀ ਮੂਰਖਤਾਪੂਰਨ ਨੀਤੀ ਨਹੀਂ ਹੈ ਜਿੰਨੀ ਕਿ ਲੋਕ ਸਮਝਦੇ ਹਨ। 

Indian farmers

ਨਵੀਂ ਦਿੱਲੀ : ਕਾਂਗਰਸ ਪਾਰਟੀ ਨੇ ਤਿੰਨ ਰਾਜਾਂ ਵਿਚ ਮਿਲੀ ਜਿੱਤ ਤੋਂ ਬਾਅਦ ਕਿਸਾਨਾਂ ਨੂੰ ਵੱਡੀ ਰਾਹਤ ਦਿਤੀ। ਪਾਰਟੀ ਨੇ ਕਿਸਾਨਾਂ ਦੀ ਮੰਗ ਨੂੰ ਪੂਰੀ ਕਰਦੇ ਹੋਏ ਉਹਨਾਂ ਦਾ ਕਰਜ਼ ਮਾਫ ਕਰ ਦਿਤਾ। ਇਸ ਗੱਲ ਦਾ ਵਿਰੋਧੀ ਪਾਰਟੀ ਨੇ ਵਿਰੋਧ ਵੀ ਕੀਤਾ ਅਤੇ ਕਿਹਾ ਕਿ ਕਰਜ਼ ਮਾਫ ਕਰਨਾ ਹੀ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਨਹੀਂ ਹੈ। ਪਰ ਹੁਣ ਮਸ਼ਹੂਰ ਅਰਥਸ਼ਾਸਤਰੀ ਅਤੇ ਨੋਬੇਲ ਪੁਰਸਕਾਰ ਜੇਤੂ ਅਮ੍ਰਿਤਯਾ ਸੇਨ ਨੇ ਕਰਜ਼ ਮਾਫੀ ਦੀ ਇਸ ਨੀਤੀ ਦਾ ਬਚਾਅ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਕਿਸਾਨ ਕਰਜ਼ ਮਾਫੀ ਦੀ ਨੀਤੀ ਇੰਨੀ ਗਲਤ ਜਾਂ ਮੂਰਖਤਾਪੂਰਨ ਨਹੀਂ ਹੈ ਜਿੰਨੀ ਲੋਕ ਸਮਝਦੇ ਹਨ।

ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਇਹ ਨੀਤੀ ਪੂਰੀ ਤਰ੍ਹਾਂ ਗਲਤ ਹੈ। ਉਹਨਾਂ ਕਿਹਾ ਕਿ ਕਿਸਾਨਾਂ  ਦੀ ਪਰੇਸ਼ਾਨੀ ਕਈ ਪਰੇਸ਼ਾਨੀਆਂ ਵਿਚੋਂ ਇਕ ਹੈ। ਇਸ ਤੇ ਅਸੀਂ ਸਾਲ 1920 ਤੋਂ ਹੀ ਵਿਚਾਰ-ਵਟਾਂਦਰਾ ਕਰ ਰਹੇ ਹਾਂ। ਮੈਂ ਉਹਨਾਂ ਲੋਕਾਂ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਕਿ ਕਰਜ਼ਮਾਫੀ ਪੂਰੀ ਤਰ੍ਹਾਂ ਨਾਲ ਗਲਤ ਚੀਜ਼ ਹੈ। ਉਹਨਾਂ ਕਿਹਾ ਕਿ ਭਾਰਤ ਵਿਚ ਵੀ ਗਰੀਬ ਹੁੰਦੇ ਹਨ ਅਤੇ ਚੀਨ ਵਿਚ ਵੀ ਹਨ। ਪਰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਭਾਰਤ ਦੇ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ ਉਹ ਸਮੱਸਿਆਵਾਂ ਚੀਨ ਦੇ ਗਰੀਬਾਂ ਨੂੰ ਨਹੀਂ ਝੇਲਣੀਆਂ ਪੈਂਦੀਆਂ।

ਚੀਨ ਦੀ ਪ੍ਰਾਇਮਰੀ ਸਿੱਖਿਆ ਅਤੇ ਪ੍ਰਾਇਮਰੀ ਸਿਹਤ ਸੇਵਾ ਗਰੀਬਾਂ ਲਈ ਉਪਲਬਧ ਹੁੰਦੀ ਹੈ, ਪਰ ਭਾਰਤ ਵਿਚ ਅਜਿਹਾ ਨਹੀਂ ਹੈ। ਇਥੇ ਤਾਂ ਗਰੀਬਾਂ ਨੂੰ ਦੋ ਵੇਲ੍ਹੇ ਦੀ ਰੋਟੀ ਹੀ ਬਹੁਤ ਮੁਸ਼ਕਲ ਨਾਲ ਨਸੀਬ ਹੁੰਦੀ ਹੈ। ਕਈ ਬੱਚੇ ਅਜਿਹੇ ਹਨ ਜੋ ਗਰੀਬੀ ਕਾਰਨ ਪ੍ਰਾਇਮਰੀ ਸਿੱਖਿਆ ਵੀ ਹਾਸਲ ਨਹੀਂ ਕਰ ਪਾਉਂਦੇ। ਸੇਨ ਦਾ ਕਹਿਣਾ ਹੈ ਕਿ ਮੇਰੇ ਘਰ ਤੋਂ ਕੁਝ ਦੂਰੀ 'ਤੇ ਝੋਨੇ ਦੇ ਖੇਤਾਂ ਤੋਂ ਇਲਾਵਾ ਕੁਝ ਨਹੀਂ ਸੀ, ਜੋ ਆਦਿਵਾਸੀਆਂ ਦੇ ਛੋਟੇ ਪਲਾਟ ਸਨ।

ਹੁਣ ਉਹ ਥਾਂ ਕਈ ਘਰਾਂ ਨਾਲ ਭਰ ਚੁੱਕੀ ਹੈ। ਕਿਉਂਕਿ ਕਿਸਾਨ ਕਰਜ਼ ਵਿਚ ਡੁੱਬ ਗਏ ਅਤੇ ਉਹਨਾਂ ਨੂੰ ਅਪਣੀ ਜ਼ਮੀਨ ਵੇਚਣੀ ਪਈ। ਇਸ 'ਤੇ ਇਕ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਕਿਸਾਨਾਂ ਨੂੰ ਜਿਆਦਾ ਕਰਜ਼ ਕਾਰਨ ਅਪਣੀਆਂ ਜ਼ਮੀਨਾਂ ਵੇਚਣੀਆਂ ਪਈਆਂ। ਕਰਜ਼ ਮਾਫੀ ਇੰਨੀ ਵੀ ਮੂਰਖਤਾਪੂਰਨ ਨੀਤੀ ਨਹੀਂ ਹੈ ਜਿੰਨੀ ਕਿ ਲੋਕ ਸਮਝਦੇ ਹਨ।