ਬਾਰਸ਼ ਅਤੇ ਤੇਜ਼ ਹਵਾ ਨਾਲ ਕਣਕ ਦੀ ਫ਼ਸਲ ਦਾ ਕੋਈ ਨੁਕਸਾਨ ਨਹੀਂ : ਪੰਨੂ ਅਤੇ ਐਰੀ ਦਾ ਦਾਅਵਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਜਿਨ੍ਹਾਂ ਖੇਤਾਂ ਨੂੰ ਪਾਣੀ ਲੱਗਾ ਸੀ ਉਨ੍ਹਾਂ ਦੀ ਕਣਕ ਹਵਾ ਨਾਲ ਵਿਛੀ : ਕਿਸਾਨ  

File Photo

ਚੰਡੀਗੜ੍ਹ  (ਐਸ.ਐਸ.ਬਰਾੜ):  ਪੰਜਾਬ ਖੇਤੀਬਾੜੀ ਮਹਿਕਮੇ ਦਾ ਮੰਨਣਾ ਹੈ ਕਿ ਪਿਛਲੇ ਦੋ ਦਿਨਾਂ ਵਿਚ ਹੋਈ ਬਾਰਸ਼ ਅਤੇ ਚੱਲੀਆਂ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਦਾ ਮਾਮੂਲੀ ਨੁਕਸਾਨ ਹੋਇਆ ਹੈ। ਕਿਸੇ ਵੀ ਇਲਾਕੇ ਵਿਚ ਤੇਜ਼ ਹਵਾ ਅਤੇ ਗੜ੍ਹੇਮਾਰੀ ਨਾਲ ਕਿਸੇ ਵਧੇਰੇ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ।
ਪਰ ਕਿਸਾਨਾਂ ਦਾ ਕਹਿਣਾ ਹੈ ਕਿ ਬਾਰਸ਼ ਅਤੇ ਤੇਜ਼ ਹਵਾ ਨਾਲ ਉਨ੍ਹਾਂ ਖੇਤਾਂ ਵਿਚ ਕਣਕ ਦੀ ਫ਼ਸਲ ਨੂੰ ਨੁਕਸਾਨ ਜਿਨ੍ਹਾਂ ਖੇਤਾਂ ਵਿਚ ਪਹਿਲਾਂ ਪਾਣੀ ਲਗਾ ਸੀ

ਅਤੇ ਫਿਰ ਬਾਰਸ਼ ਅਤੇ ਤੇਜ਼ ਹਵਾ ਨਾਲ ਉਨ੍ਹਾਂ ਖੇਤਾਂ ਵਿਚ ਕਣਕ ਦੀ ਫ਼ਸਲ ਲੰਮੀ ਪੈ ਗਈ। ਮਾਲਵੇ ਦੇ ਕੁੱਝ ਇਲਾਕਿਆਂ ਦੇ ਕਿਸਾਨਾਂ ਨਾਲ ਫ਼ੋਨ ਉਤੇ ਗਲ ਹੋਈ ਤਾਂ ਉਨ੍ਹਾਂ ਦਸਿਆ ਕਿ ਜੋ ਕਣਕ ਲੰਮੀ ਪੈ ਗਈ ਹੈ, ਉਹ ਹੁਣ ਸਿਧੀ ਨਹੀਂ ਹੋ ਸਕੇਗੀ। ਕਣਕ ਜੇ ਬੂਟਿਆਂ ਨੂੰ ਆਏ ਸਿਟੇ ਜ਼ਮੀਨ ਨਾਲ ਲਗ ਗਏ ਹਨ ਅਤੇ ਹੁਣ ਇਨ੍ਹਾਂ ਸਿਟਿਆਂ ਨੂੰ ਧੁੱਪ ਅਤੇ ਹਵਾ ਨਹੀਂ ਮਿਲੇਗੀ ਅਤੇ ਦੂਸਰਾ, ਸਿਟਿਆਂ ਨੂੰ ਪਾਣੀ ਲਗਦਾ ਰਹੇਗਾ। ਇਸ ਨਾਲ ਕਣਕ ਦਾ ਝਾੜ ਜ਼ਰੂਰ ਘੱਟ ਨਿਕਲੇਗਾ।

ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਵਾਰ ਦਸੰਬਰ ਤੋਂ ਫ਼ਰਵਰੀ ਦੇ ਅੰਤ ਤਕ ਜ਼ਿਆਦਾ ਠੰਢ ਪੈਣ ਅਤੇ ਧੁੱਪ ਘਟ ਨਿਕਲਣ ਕਾਰਨ ਕਣਕ ਦੇ ਬੂਟਿਆਂ ਦਾ ਕਦ ਛੋਟਾ ਰਹਿ ਗਿਆ ਹੈ। ਇਸ ਨਾਲ ਝਾੜ ਉਪਰ ਕੋਈ ਮਾੜਾ ਅਸਰ ਤਾਂ ਨਹੀਂ ਪਵੇਗਾ, ਪਰ ਇਸ ਦਾ ਫ਼ਾਇਦਾ ਇਹ ਹੋਇਆ ਹੈ ਕਿ ਛੋਟੇ ਕਦ ਵਾਲੀ ਕਣਕ ਤੇਜ਼ ਹਵਾਵਾਂ ਦੀ ਮਾਰ ਤੋਂ ਬਚ ਗਈ ਅਤੇ ਕਣਕ ਲੰਮੀ ਨਹੀਂ ਪਈ।

ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਇਲਾਕਿਆਂ ਵਿਚ ਵੀ ਤੇਜ਼ ਹਵਾ ਨਾਲ ਕਣਕ ਲੰਮੀ ਪੈਣ ਅਤੇ ਨੁਕਸਾਨ ਦੀਆਂ ਖ਼ਬਰਾਂ ਮਿਲੀਆ ਹਨ। ਇਸ ਸਬੰਧੀ ਜਦ ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਸੁਰੇਸ਼ ਕੁਮਾਰ ਐਰੀ ਨਾਲ ਗਲ ਹੋਈ ਤਾਂ ਉਨ੍ਹਾਂ ਕਿਹਾ ਕਿ ਬਾਰਸ਼ ਅਤੇ ਤੇਜ਼ ਹਵਾ ਨਾਲ ਕਣਕ ਦੀ ਫ਼ਸਲ ਨੂੰ ਕੋਈ ਖਾਸ ਨੁਕਸਾਨ ਨਹੀਂ ਹੋਇਆ। ਜਿਨ੍ਹਾਂ ਖੇਤਾਂ ਨੂੰ ਪਹਿਲਾਂ ਪਾਣੀ ਲਗਾ ਸੀ, ਉਥੇ ਅਮੂਲੀ ਨੁਕਸਾਨ ਹੋ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜੋ ਕਣ ਕ ਲੰਮੀ ਪਈ ਹੈ, ਉਹ ਠੀਕ ਹੋ ਜਾਵੇਗੀ ਅਤੇ ਪੰਜਾਬ ਵਿਚ ਫ਼ਸਲ ਨੂੰ ਕੋਈ ਨੁਕਸਾਨ ਨਹੀਂ। ਉਨ੍ਹਾਂ ਦਸਿਆ ਕਿ ਇਸ ਸਾਲ 34:90 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਦਾ ਟੀਚਾ ਮਿਥਿਆ ਗਿਆ ਸੀ ਪਰ ਬਿਜਾਈ 35:08 ਲੱਖ ਹੈਕਟੇਅਰ ਵਿਚ ਕੀਤੀ ਗਈ ਹੈ। 182 ਲੱਖ ਟਨ ਕਣਕ ਉਤਪਾਟਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਅਤੇ ਉਤਾਪਦਨ ਵਿਚ ਕਿਸੀ ਕਿਸਮ ਦੀ ਕਮੀ ਨਹੀਂ ਆਵੇਗੀ।

ਪੰਜਾਬ ਸਰਕਾਰ ਦੇ ਸਕੱਤਰ ਕਾਹਨ ਸਿੰਘ ਪੰਨੂੰ ਨਾਲ ਗੱਲ ਹੋਈ ਤਾਂ ਉਨ੍ਹਾਂ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਖੇਤਰ ਵਿਚ ਫ਼ਸਲ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਜਿਥੋਂ ਤਕ ਹਵਾ ਅਤੇ ਬਾਰਸ਼ ਨਾਲ ਕੁੱਝ ਖੇਤਾਂ ਵਿਚ ਕਣਕ ਲੰਮੀ ਪੈਣ ਦਾ ਸਬੰਧੀ ਹੈ, ਉਹ ਬਹੁਤ ਹੀ ਮਾਮੂਲੀ ਖੇਤਰ ਹੈ ਅਤੇ ਇਹ ਫ਼ਸਲ ਵੀ ਕੁੱਝ ਦਿਨਾਂ ਬਾਅਦ ਠੀਕ ਹੋ ਜਾਵੇਗੀ।