ਮੁੱਖ ਮੰਤਰੀ ਖ਼ੁਦ ਕਰ ਰਹੇ ਹਨ ਕਣਕ ਦੀ ਖਰੀਦ ਪ੍ਰਕ੍ਰਿਆ ਦੀ ਨਿਗਰਾਨੀ-ਡਿਪਟੀ ਕਮਿਸ਼ਨਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇੱਕ ਵਟਸਐਪ ਗਰੁੱਪ ਨਾਲ ਜੋੜਕੇ ਸਮੁੱਚੇ ਪ੍ਰਬੰਧ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।

captain amrinder singh

ਰਾਜਪੁਰਾ: 'ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ ਗਈ ਕਣਕ ਦੀ ਖਰੀਦ ਏਜੰਸੀਆਂ ਵੱਲੋਂ ਖਰੀਦ ਕਰਨ ਮਗਰੋਂ ਉਸ ਦੇ ਉਚਿਤ ਭੰਡਾਰਨ ਲਈ ਮੰਡੀਆਂ 'ਚੋਂ ਜਿਣਸ ਦੀ ਢੋਆ-ਢੁਆਈ ਦਾ ਕਾਰਜ ਅੱਜ ਰਾਜਪੁਰਾ ਮੰਡੀ 'ਚੋਂ ਸ਼ੁਰੂ ਹੋ ਗਿਆ।' ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕਣਕ ਦੀ ਸਮੁੱਚੀ ਖਰੀਦ ਪ੍ਰਕ੍ਰਿਆ 'ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਨਿਗਰਾਨੀ ਰੱਖ ਰਹੇ ਹਨ, ਤਾਂਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਖਰੀਦੀ ਕਣਕ ਦੀ ਲਿਫ਼ਟਿੰਗ ਸੁਚਾਰੂ ਢੰਗ ਨਾਲ ਕਰਵਾਉਣ ਲਈ ਟਰਾਂਸਪੋਰਟ ਦੇ ਹੋਏ ਟੈਂਡਰਾਂ ਰਾਹੀਂ ਕਣਕ ਦੀ ਢੋਆ-ਢੁਆਈ ਦੇ ਉਚਿਤ ਪ੍ਰਬੰਧਾਂ ਤੇ ਸਾਧਨਾਂ ਰਾਹੀਂ ਮੰਡੀਆਂ 'ਚੋਂ ਖਰੀਦੀ ਕਣਕ ਦੀ ਲਿਫ਼ਟਿੰਗ ਨਾਲੋ-ਨਾਲ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਦੇ ਸੁਚੱਜੇ ਪ੍ਰਬੰਧਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਡੀਆਂ 'ਚ ਕਣਕ ਦੀ ਖਰੀਦ ਪ੍ਰਕ੍ਰਿਆ ਸੁਖਾਵੇਂ ਢੰਗ ਨਾਲ ਨੇਪਰੇ ਚਾੜ੍ਹਨ ਲਈ ਐਸ.ਡੀ.ਐਮਜ ਦੀ ਅਗਵਾਈ ਹੇਠ, ਹਰ ਮੰਡੀ 'ਚ ਦੋ-ਦੋ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ| ਜਿਨ੍ਹਾਂ 'ਚ ਪੁਲਿਸ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ, ਬੀ.ਡੀ.ਪੀ.ਓਜ, ਖੇਤੀਬਾੜੀ ਵਿਕਾਸ ਅਫ਼ਸਰਾਂ ਤੇ ਕਾਰਜ ਸਾਧਕ ਅਫ਼ਸਰ ਸ਼ਾਮਲ ਹਨ | ਜਿਨ੍ਹਾਂ ਨੂੰ ਇੱਕ ਵਟਸਐਪ ਗਰੁੱਪ ਨਾਲ ਜੋੜਕੇ ਸਮੁੱਚੇ ਪ੍ਰਬੰਧ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲੋਂ ਵਚਨਬੱਧ ਹੈ ਕਿ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿਖੇ ਆਪਣੀ ਜਿਣਸ ਵੇਚਣ ਲਈ ਲੈਕੇ ਆਉਂਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਮੰਡੀਆਂ ਵਿੱਚ ਪੂਰੀ ਤਰ੍ਹਾਂ ਸੁਕਾਈ ਹੋਈ ਫਸਲ ਹੀ ਲੈਕੇ ਆਉਣ ਤਾਂ ਜੋ ਉਨ੍ਹਾਂ ਦੀ ਜਿਣਸ ਦੀ ਖਰੀਦ ਸਮੇਂ ਸਿਰ ਹੋ ਸਕੇ ਅਤੇ ਉਨ੍ਹਾਂ ਦੀ ਫਸਲ ਦਾ ਪੂਰਾ ਮੁੱਲ ਮਿਲ ਸਕੇ।  
ਰਾਜਪੁਰਾ 'ਚ ਕਣਕ ਦੀ ਲਿਫਟਿੰਗ ਸ਼ੁਰੂ ਕਰਨ ਸਮੇਂ ਐਸ.ਡੀ.ਐਮ. ਰਾਜਪੁਰਾ ਸ਼੍ਰੀ ਸੰਜੀਵ ਕੁਮਾਰ, ਡੀ.ਐਫ.ਐਸ.ਸੀ ਸ. ਨਰਿੰਦਰ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਗੁਰਿੰਦਰਪਾਲ ਸਿੰਘ ਤੇ ਖਰੀਦ ਏਜੰਸੀਆਂ ਦੇ ਹੋਰ ਅਧਿਕਾਰੀ ਹਾਜਰ ਸਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੱਤੀ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ ਕਣਕ ਦੀ 680 ਮੀਟਰਿਕ ਟਨ ਆਮਦ ਹੋਈ ਹੈ, ਜਿਸ 'ਚੋਂ 498 ਮੀਟਰਿਕ ਟਨ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗ੍ਰੇਨ ਨੇ 57 ਐਮ.ਟੀ., ਮਾਰਕਫੈਡ ਨੇ 158 ਐਮ.ਟੀ., ਪਨਸਪ ਨੇ 38 ਐਮ.ਟੀ., ਵੇਅਰਹਾਊਸ ਨੇ 100 ਐਮ.ਟੀ., ਪੰਜਾਬ ਐਗਰੋ ਨੇ 135 ਐਮ.ਟੀ. ਅਤੇ ਵਪਾਰੀਆਂ ਵੱਲੋਂ 10 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਜਦੋਂਕਿ ਐਫ.ਸੀ.ਆਈ. ਨੇ ਅਜੇ ਤੱਕ ਕੋਈ ਖਰੀਦ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਖਰੀਦੀ ਕਣਕ ਦੀ ਨਾਲੋ-ਨਾਲ ਲਿਫਟਿੰਗ ਯਕੀਨੀ ਬਣਾਈ ਜਾ ਰਹੀ ਹੈ।