ਨਵੀਨਤਮ ਤਕਨੀਕੀ ਖੇਤੀਬਾੜੀ ਲਈ ਲਾਇਆ ਗਿਆ ਸਿਖਲਾਈ ਕੈਂਪ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਮੀਨ ਹੇਠਲੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ

fire in field

ਬਰਨਾਲਾ (ਰਾਮ ਸਿੰਘ ਧਨੌਲਾ) : ਸਾਉਣੀ ਦੀਆਂ ਫ਼ਸਲਾਂ ਬਾਰੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਟੀ.ਐਮ.ਸੀ. ਬਿਲਡਿੰਗ, ਨਵੀਂ ਅਨਾਜ ਮੰਡੀ, ਬਰਨਾਲਾ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਜ਼ਿਲ੍ਹੇ ਭਰ ਵਿੱਚੋਂ ਲਗਭਗ 1500 ਕਿਸਾਨਾਂ ਨੇ ਭਾਗ ਲਿਆ। ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਵਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ।  ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਲਾਏ ਜਾ ਰਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸਾਂ ਅਨੁਸਾਰ ਖੇਤੀ ਕੀਤੀ ਜਾਵੇ ਤਾਂ ਜੋ ਖੇਤੀ ਖਰਚੇ ਘਟਾ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਕੈਂਪ ਦੀ ਪ੍ਰਧਾਨਗੀ ਡਾ. ਸਰਬਜੀਤ ਸਿੰਘ ਕੰਧਾਰੀ,  ਸੰਯੁਕਤ ਡਾਇਰੈਕਟਰ ਖੇਤੀਬਾੜੀ (ਵਿ: ਤੇ ਸਿ:) ਪੰਜਾਬ ਵਲੋਂ ਕੀਤੀ ਗਈ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਮੀਨ ਹੇਠਲੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਝੋਨੇ ਅਤੇ ਹੋਰ ਫਸਲਾਂ ਦੀਆਂ ਯੂਨੀਵਰਸਿਟੀ ਤੋਂ ਸਿਫ਼ਾਰਸ-ਸੁਦਾ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ। ਉਨ੍ਹਾਂ  ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਧਰਤੀ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਕੀੜਿਆਂ ਨੂੰ ਬਚਾਇਆ ਜਾ ਸਕੇ ਅਤੇ ਧੂੰਏ ਕਾਰਨ ਮਨੁੱਖੀ ਸਿਹਤ 'ਤੇ ਹੋਣ ਵਾਲੇ ਮਾਰੂ ਅਸਰ ਤੋਂ ਵੀ ਬਚਿਆ ਜਾ ਸਕੇ। ਡਾ. ਰਛਪਾਲ ਸਿੰਘ ਖੋਸਾ, ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਵਲੋਂ ਜ਼ਿਲ੍ਹੇ ਵਿਚ ਚਲਾਈਆਂ ਜਾਂਦੀਆਂ ਵਿਭਾਗ ਦੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ  ਦਿੱਤੀ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਬਰਨਾਲਾ ਵਲੋਂ ਆਉਂਦੀ ਸਾਉਣੀ ਦੌਰਾਨ ਨਰਮੇਂ ਹੇਠ 5,000 ਹੈਕਟੇਅਰ, ਝੋਨੇ ਹੇਠ 1,10,000 ਹੈਕਟੇਅਰ ਰਕਬਾ ਲਿਆਉਣ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਸਾਉਣੀ ਫਸਲ ਲਈ ਜ਼ਰੂਰਤ ਅਨੁਸਾਰ ਖਾਦਾਂ ਦਾ ਸਟਾਕ ਮਜੂਦ ਹੈ ਅਤੇ ਖਾਦਾਂ, ਬੀਜਾਂ ਅਤੇ ਦਵਾਈਆਂ ਦੀ ਕੋਈ ਘਾਟ ਨਹੀਂ ਹੈ। ਇਸ ਕੈਂਪ ਵਿੱਚ ਖਾਦਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਡਾ. ਨਵਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਸਾਂਇੰਸਦਾਨਾਂ ਦੀ ਟੀਮ ਖੇਤੀਬਾੜੀ ਯੂਨੀਵਰਸੀਟੀ ਲੁਧਿਆਣਾ ਤੋਂ ਵਿਸ਼ੇਸ਼ ਤੌਰ 'ਤੇ ਆਈ ਹੋਈ ਸੀ, ਜਿਸ ਵਿੱਚ ਡਾ. ਮਨਦੀਪ ਸਿੰਘ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਚਲਾਈਆਂ ਜਾ ਰਹੀਆ ਸਕੀਮਾਂ ਦੀ ਜਾਣਕਾਰੀ, ਡਾ. ਅੰਕਿਤ ਸ਼ਰਮਾ  ਵਲੋਂ ਮਸ਼ੀਨਰੀ ਤੇ ਸੰਦਾਂ ਦੀ ਵਰਤੋਂ ਅਤੇ ਸਾਂਭ ਸੰਭਾਲ, ਡਾ. ਅਮਨਦੀਪ ਕੌਰ ਵਲੋਂ ਫ਼ਸਲਾਂ ਦੀਆਂ ਕਿਸਮਾਂ ਅਤੇ ਨਦੀਨਾਂ ਦੀ ਰੋਕਥਾਮ ਸਬੰਧੀ, ਡਾ. ਅਰਸ਼ਦੀਪ ਕੌਰ ਵਲੋਂ ਕੀਟਾਂ ਅਤੇ ਬਿਮਾਰੀਆਂ ਦੇ ਲੱਛਣ ਅਤੇ ਰੋਕਥਾਮ ਸਬੰਧੀ ਵਿਸਥਾਰ ਪੂਰਵਕ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਅਤੇ ਕਿਸਾਨਾਂ ਵਲੋਂ ਪੇਸ਼ ਕੀਤੇ ਗਏ ਸਵਾਲਾਂ ਦਾ ਬਾਖੂਬੀ ਤਰੀਕੇ ਨਾਲ ਢੁਕਵਾਂ ਹੱਲ ਦੱਸਿਆ ਗਿਆ।  ਅੰਤ ਵਿੱਚ ਡਾ. ਪੀ. ਐਸ. ਤੰਵਰ, ਸਹਾਇਕ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ, ਡਾ. ਸਰਬਜੀਤ ਸਿੰਘ, ਐਸ.ਟੀ.ਓ. ਬਰਨਾਲਾ,  ਡਾ. ਗੁਰਚਰਨ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਇੰਨਫੋ:) ਬਰਨਾਲਾ, ਡਾ. ਗੁਰਬਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਸ਼ਹਿਣਾ, ਡਾ. ਸੁਖਪਾਲ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਬਰਨਾਲਾ, ਡਾ. ਗੁਰਮੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ) ਅਤੇ ਸ੍ਰੀ ਪ੍ਰੇਮ ਕੁਮਾਰ, ਸਹਾਇਕ ਖੇਤੀਬਾੜੀ ਇੰਜੀਨੀਅਰ, ਬਰਨਾਲਾ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਵਿਸਥਾਰ ਪੂਰਵਕ ਤਨਨੀਕੀ ਜਾਣਕਾਰੀ ਦਿੱਤੀ।  ਡਾ ਰਛਪਾਲ ਸਿੰਘ ਖੋਸਾ, ਮੁੱਖ ਖੇਤੀਬਾੜੀ ਅਫਸਰ, ਬਰਨਾਲਾ ਨੇ ਆਏ ਹੋਏ ਮਹਿਮਾਨਾਂ , ਕਿਸਾਨਾਂ, ਸਾਇਸਦਾਨਾ ਅਤੇ ਮੀਡੀਆ ਦਾ ਧੰਨਵਾਦ ਕੀਤਾ |