ਕਣਕ ਦੇ ਨਵੇਂ ਬੀਜ ਦੀ ਖੋਜ, ਪਾਣੀ ਦੀ ਘੱਟ ਮਾਤਰਾ ਹੋਣ ‘ਤੇ ਵੀ ਮਿਲੇਗਾ ਚੰਗਾ ਝਾੜ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

 ਦੇਸ਼ ਵਿਚ ਖੇਤੀ ਦਾ ਬਹੁਤ ਵੱਡਾ ਰਕਬਾ ਸਿੰਜਾਈ ਰਹਿਤ ਹੈ ਜਾਂ ਫਿਰ ਇੱਥੇ ਸਿੰਜਾਈ ਦੇ ਲੋੜੀਂਦੇ ਸਾਧਨ ਨਹੀਂ ਹਨ

Wheat

 ਦੇਸ਼ ਵਿਚ ਖੇਤੀ ਦਾ ਬਹੁਤ ਵੱਡਾ ਰਕਬਾ ਸਿੰਜਾਈ ਰਹਿਤ ਹੈ ਜਾਂ ਫਿਰ ਇੱਥੇ ਸਿੰਜਾਈ ਦੇ ਲੋੜੀਂਦੇ ਸਾਧਨ ਨਹੀਂ ਹਨ। ਇਸ ਤਰ੍ਹਾਂ ਦੇ ਖੇਤਰਾਂ ਦੇ ਕਿਸਾਨਾਂ ਲਈ ਜਵਾਹਰ ਲਾਲ ਨਹਿਰੂ ਖੇਤੀਬਾੜੀ ਯੂਨੀਵਰਸਿਟੀ (ਮੱਧ ਪ੍ਰਦੇਸ਼) ਦੇ ਵਿਗਿਆਨੀਆਂ ਨੇ ਕਣਕ ਦਾ ਅਜਿਹਾ  ਕਣਕ ਦਾ JW-3211 ਬੀਜ ਤਿਆਰ ਕੀਤਾ ਹੈ ਜਿਸ ਦੀ ਵਰਤੋਂ ਨਾਲ ਬਿਨਾ ਸਿੰਜਾਈ ਦੇ ਵੀ 18 ਤੋਂ 20 ਕੁਇੰਟਲ ਪ੍ਰਤੀ ਹੈਕਟੇਅਰ ਫਸਲ ਲਈ ਜਾ ਸਕਦੀ ਹੈ।

ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਡਾ . ਆਰ.ਐਸ. ਸ਼ੁਕਲਾ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਦੀ ਮਿਹਨਤ ਬਾਅਦ JW-3211 ਕਿਸਮ ਦੇ ਸ਼ਰਬਤੀ ਕਣਕ ਦਾ ਬੀਜ ਪੈਦਾ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਇਸ ਨੂੰ MP -3211 ਵੀ ਕਿਹਾ ਜਾਂਦਾ ਹੈ। ਡਾ. ਸ਼ੁਕਲਾ ਨੇ ਦੱਸਿਆ ਕਿ ਇਹ ਬੀਜ ਘੱਟ ਪਾਣੀ ਨਾਲ ਵੀ ਚੰਗਾ ਉਤਪਾਦਨ ਦੇਣ ਦੀ ਸਮਰੱਥਾ ਰੱਖਦਾ ਹੈ। ਇਸ ਬੀਜ ਨਾਲ ਇਕ ਪਾਣੀ ਨਾਲ ਪ੍ਰਤੀ ਹੈਕਟੇਅਰ ਕਰੀਬ 25 ਤੋਂ 30 ਕੁਇੰਟਲ ਤੱਕ ਉਤਪਾਦਨ ਹੋ ਸਕਦਾ ਹੈ।

ਇਸ ਤਰ੍ਹਾਂ ਜੇਕਰ ਦੋ ਪਾਣੀ ਦੀ ਵਿਵਸਥਾ ਹੋ ਸਕੇ ਤਾਂ ਪ੍ਰਤੀ ਹੇਕਟੇਅਰ ਕਰੀਬ 35 ਤੋਂ 40 ਕੁਇੰਟਲ ਤੱਕ ਕਣਕ ਦੀ ਫਸਲ ਲਈ ਜਾ ਸਕਦੀ ਹੈ। ਜਿਨ੍ਹਾਂ ਖੇਤਰਾਂ ਵਿਚ ਸਿੰਜਾਈ ਦੇ ਸਾਧਨ ਉਪਲੱਬਧ ਨਹੀਂ, ਉਨ੍ਹਾਂ ਵਿਚ ਕਿਸਾਨ ਜ਼ਮੀਨ ਦੀ ਪਹਿਲਾਂ ਦੀ ਨਮੀ ਨੂੰ ਬਚਾ ਕੇ ਚੰਗੀ ਫਸਲ ਲੈ ਸਕਦੇ ਹਨ। ਇਸ ਦੀ ਫਸਲ ਨੂੰ ਤਿਆਰ ਹੋਣ ਵਿਚ ਕਰੀਬ 118 ਤੋਂ 125 ਦਿਨ ਲੱਗਦੇ ਹਨ। ਇਹ ਬੀਜ ਮੱਧ ਪ੍ਰਦੇਸ਼ ਵਾਸਤੇ ਤਿਆਰ ਕੀਤਾ ਹੈ ਤੇ ਉੱਥੇ ਹੀ ਮਿਲਦਾ ਹੈ। ਮੱਧ ਪ੍ਰਦੇਸ਼ ਤੋਂ ਇਲਾਵਾ ਇਸ ਬੀਜ ਦੀ ਮੰਗ ਮਹਾਰਾਸ਼ਟਰ ਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਹੋ ਰਹੀ ਹੈ।

ਡਾ. ਸ਼ੁਕਲਾ ਨੇ ਦੱਸਿਆ ਕਿ ਮੌਸਮ ਵਿੱਚ ਆਏ ਉਤਾਰ-ਚੜਾਅ ਜਾਂ ਤਾਪਮਾਨ ਵਧਣ ਨਾਲ ਕਣਕ ਦੀ ਫਸਲ ਪ੍ਰਭਾਵਿਤ ਹੋ ਜਾਂਦੀ ਹੈ ਪਰ ਹੋਰ ਕਿਸਮ ਦੀ ਤੁਲਣਾ ਵਿੱਚ ਰੋਗ ਪ੍ਰਤੀਰੋਧਾਤਮਕ ਸਮਰੱਥਾ ਵੱਧ ਹੋਣ ਕਾਰਨ ਜੇ.ਡਬਲਿਊ. 3211 ਕਣਕ ਦੀ ਫਸਲ ਉੱਤੇ ਮੌਸਮ ਤਬਦੀਲੀ ਦਾ ਕੋਈ ਅਸਰ ਨਹੀਂ ਪੈਂਦਾ। ਇਸਦੇ ਦਾਣੇ ਚਮਕਦਾਰ ਹੁੰਦੇ ਹਨ ਤੇ ਇਸ ਵਿਚ 10 ਤੋਂ 12 ਫ਼ੀਸਦੀ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਇਸ ਦੇ ਬੂਟੇ ਦੀ ਲੰਬਾਈ 85 ਤੋਂ 90 ਸੈਂਟੀਮੀਟਰ ਤੱਕ ਹੁੰਦੀ ਹੈ।