ਸੱਚੇ ‘ਕਿਸਾਨ ਵਿਗਿਆਨੀ’ ਸਨ ਐਮ.ਐੱਸ. ਸਵਾਮੀਨਾਥਨ : ਪ੍ਰਧਾਨ ਮੰਤਰੀ ਮੋਦੀ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕਿਹਾ, ਸਵਾਮੀਨਾਥਨ ਨੇ ਵਿਗਿਆਨਕ ਗਿਆਨ ਅਤੇ ਉਸ ਦੇ ਵਿਹਾਰਕ ਲਾਗੂਕਰਨ ਵਿਚਕਾਰ ਫ਼ਰਕ ਨੂੰ ਘੱਟ ਕੀਤਾ

M. S. Swaminathan and PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਤ ਕ੍ਰਾਂਤੀ ਦੇ ਜਨਮਦਾਤਾ ਐਮ.ਐਸ. ਸਵਾਮੀਨਾਥਨ ਨੂੰ ਸੱਚਾ ‘ਕਿਸਾਨ ਵਿਗਆਨੀ’ ਕਰਾਰ ਦਿਤਾ ਹੈ। ਸਵਾਮੀਨਾਥਨ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਪ੍ਰਧਾਨ ਮੰਤਰੀ ਨੇ ਸਵਾਮੀਨਾਥਨ ਨੂੰ ਇਹ ਦਰਜਾ ਉਨ੍ਹਾਂ ਦੇ ਕੰਮਾਂ ਦਾ ਪ੍ਰਯੋਗਸ਼ਾਲਾਵਾਂ ਤੋਂ ਬਾਹਰ ਖੇਤਰਾਂ ’ਚ ਦਿਸੇ ਅਸਰ ਕਾਰਨ ਦਿਤਾ। ਮੋਦੀ ਨੇ ਮਹਾਨ ਵਿਗਿਆਨੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਨੇ ਵਿਗਿਆਨਕ ਗਿਆਨ ਅਤੇ ਇਸ ਨੂੰ ਵਿਹਾਰਕ ਤੌਰ ’ਤੇ ਲਾਗੂ ਕਰਨ ਵਿਚਕਾਰ ਫ਼ਰਕ ਨੂੰ ਘੱਟ ਕੀਤਾ। 

ਮੋਦੀ ਨੇ ਕਿਹਾ, ‘‘ਬਹੁਤ ਸਾਰੇ ਲੋਕ ਉਨ੍ਹਾਂ ਨੂੰ ‘ਖੇਤੀ ਵਿਗਿਆਨੀ’ ਕਹਿੰਦੇ ਸਨ, ਪਰ ਮੇਰਾ ਹਮੇਸ਼ਾ ਤੋਂ ਇਹ ਮੰਨਣਾ ਸੀ ਕਿ ਉਹ ਇਸ ਤੋਂ ਕਿਤੇ ਜ਼ਿਆਦਾ ਸਨ। ਉਹ ਸੱਚੇ ‘ਖੇਤੀ ਵਿਗਿਆਨੀ’ ਸਨ। ਉਨ੍ਹਾਂ ਦੇ ਦਿਲ ’ਚ ਕਿਸਾਨ ਵਸਦਾ ਸੀ।’’

ਉਨ੍ਹਾਂ ਨੇ ਸਵਾਮੀਨਾਥਨ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਸਿੱਧ ਤਮਿਲ ਪੁਸਤਕ ‘ਕੁਰਾਲ’ ਦਾ ਜ਼ਿਕਰ ਕਰਦਿਆਂ ਕਿਹਾ, ‘‘ਉਸ ’ਚ ਲਿਖਿਆ ਹੈ ਕਿ ‘ਜਿਨ੍ਹਾਂ ਲੋਕਾਂ ਨੇ ਯੋਜਨਾ ਬਣਾਈ ਹੈ, ਜੇਕਰ ਉਨ੍ਹਾਂ ’ਚ ਜ਼ਿੱਦ ਹੈ ਤਾਂ ਉਹ ਉਸ ਚੀਜ਼ ਨੂੰ ਹਾਸਲ ਕਰ ਲੈਣਗੇ ਜਿਸ ਦਾ ਉਨ੍ਹਾਂ ਨੇ ਟੀਚਾ ਨਿਰਧਾਰਤ ਕੀਤਾ ਹੈ।’ ਇਥੇ ਇਕ ਅਜਿਹਾ ਵਿਅਕਤੀ ਹੈ, ਜਿਸ ਨੇ ਅਪਣੇ ਜੀਵਨ ’ਚ ਹੀ ਤੈਅ ਕਰ ਲਿਆ ਸੀ ਕਿ ਉਹ ਖੇਤੀ ਖੇਤਰ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਅਤੇ ਕਿਸਾਨਾਂ ਦੀ ਸੇਵਾ ਕਰਨੀ ਚਾਹੁੰਦਾ ਹੈ।’’

ਮੋਦੀ ਨੇ ਕਿਹਾ ਕਿ ਕਿਤਾਬ ’ਚ ਕਿਸਾਨਾਂ ਨੂੰ ਦੁਨੀਆਂ ਨੂੰ ਇਕ ਸੂਤਰ ’ਚ ਬੰਨ੍ਹਣ ਵਾਲੀ ਧੁਰੀ ਦੇ ਰੂਪ ’ਚ ਵਰਣਿਤ ਕੀਤਾ ਗਿਆ ਹੈ, ਕਿਉਂਕਿ ਕਿਸਾਨ ਹੀ ਹੈ ਜੋ ਸਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਸਵਾਮੀਨਾਥਨ ਇਸ ਸਿਧਾਂਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ।

ਪ੍ਰਧਾਨ ਮੰਤਰੀ ਨੇ ਸਵਾਮੀਨਾਥਨ ਦੇ ਦ੍ਰਿਸ਼ਟੀਕੋਣ ਦੀ ਤਾਰੀਫ਼ ਕਰਦਿਆਂ ਕਿਹਾ ਕਿ ਦੁਨੀਆਂ ਅੱਜ ਬਾਜਰੇ ਨੂੰ ਬਿਹਤਰੀਨ ਭੋਜਨ ਪਦਾਰਥ ਦੇ ਰੂਪ ’ਚ ਦਸਦੀ ਹੈ, ਪਰ ਸਵਾਮੀਨਾਥਨ ਨੇ 1990 ਦੇ ਦਹਾਕੇ ’ਚ ਬਾਜਰੇ ਨਾਲ ਜੁੜੇ ਭੋਜਨ ਪਦਾਰਥਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਨੇ ਟਿਕਾਊ ਖੇਤੀ ਦੀ ਜ਼ਰੂਰਤ ਅਤੇ ਮਨੁੱਖੀ ਤਰੱਕੀ ਅਤੇ ਆਲੇ-ਦੁਆਲੇ ਦੀ ਸਥਿਰਤਾ ਵਿਚਕਾਰ ਸੰਤੁਲਨ ’ਤੇ ਵੀ ਜ਼ੋਰ ਦਿਤਾ। 

ਮਸ਼ਹੂਰ ਖੇਤੀ ਵਿਗਿਆਨੀ ਅਤੇ ਭਾਰਤ ’ਚ ਹਰੀ ਕ੍ਰਾਂਤੀ ਦੇ ਜਨਮਦਾਤਾ ਮੰਨੇ ਜਾਣ ਵਾਲੇ ਸਵਾਮੀਨਾਥਨ ਦੀ (98) ਉਮਰ ਸਬੰਧੀ ਸਮੱਸਿਆਵਾਂ ਕਾਰਨ 28 ਸਤੰਬਰ ਨੂੰ ਮੌਤ ਹੋ ਗਈ ਸੀ।