ਖੇਤੀ ਮਾਹਰ ਨੇ ਈਜਾਦ ਕੀਤਾ ਪਰਾਲੀ ਸਾੜਨ ਦਾ ਕਾਰਗਰ ਅਤੇ ਕਮਾਊ ਚਮਤਕਾਰੀ ਹੱਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਦਰਅਸਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ ਵਿਚ ਪੰਜਾਬ ਸਰਕਾਰ ਨੂੰ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਲੱਭਣ ਲਈ ਕਿਹਾ ਸੀ

Effective and Earned Miracle Solution for Straw Burning

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਇਕ ਖੇਤੀਬਾੜੀ ਮਾਹਰ ਅਤੇ ਅਗਾਂਹਵਧੂ ਕਿਸਾਨ ਸੰਜੀਵ ਨਾਗਪਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ, ਆਈਆਈਟੀ ਦਿੱਲੀ ਦੇ ਸਹਿਯੋਗ ਨਾਲ ਵਿਕਸਤ ਅਪਣੀ ਵਾਤਾਵਰਣ ਪੱਖੀ ਤਕਨਾਲੋਜੀ ਨੂੰ ਪੰਜਾਬ ਭਰ ਵਿਚ ਲਾਗੂ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।

ਇਸ ਵੇਲੇ ਪਰਾਲੀ ਸਾੜਨ ਦੀ ਸਮੱਸਿਆ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਰਾਜਾਂ ਵਿਚ ਵਿਆਪਕ ਰੂਪ ਵਿਚ ਮੌਜੂਦ ਹੈ, ਜਿਸ ਕਾਰਨ ਸ਼ਹਿਰਾਂ ਖਾਸ ਕਰ ਕੇ ਦਿੱਲੀ ਐਨਸੀਆਰ ਵਿਚ ਹਵਾ ਪ੍ਰਦੂਸ਼ਣ ਫੈਲ ਰਿਹਾ ਹੈ। ਦਰਅਸਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ ਵਿਚ ਪੰਜਾਬ ਸਰਕਾਰ ਨੂੰ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਲੱਭਣ ਲਈ ਕਿਹਾ ਸੀ, ਅਜਿਹੇ ਵਿਚ ਨਾਗਪਾਲ ਦੁਆਰਾ ਸੁਝਾਈ ਗਈ ਨਿਰਾਸ਼ ਭਰੀ ਸਥਿਤੀ ਵਿਚ ਉਮੀਦ ਪੈਦਾ ਕਰਦੀ ਹੈ।

ਸੰਪੂਰਨ ਏਗਰੀ ਵੈਂਚਰਜ਼ ਪ੍ਰਾਈਵੇਟ ਲਿਮਟਿਡ-ਐਸਏਵੀਪੀਐਲ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਨਾਗਪਾਲ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਪ੍ਰਦੂਸ਼ਣ ਹੁੰਦਾ ਹੈ ਅਤੇ ਇਕ ਬੋਝ ਮੰਨਿਆ ਜਾਂਦਾ ਹੈ, ਪਰ ਜੇ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਭਾਰਤ ਲਈ ਬਹੁਤ ਵੱਡੀ ਜਾਇਦਾਦ ਸਾਬਤ ਹੋ ਸਕਦੀ ਹੈ। ਜੇ ਬਾਇਉ ਗੈਸ ਅਤੇ ਜੈਵਿਕ ਖਾਦ ਬਣਾਉਣ ਲਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਝੋਨੇ ਦੀ ਪਰਾਲੀ ਪੇਂਡੂ ਅਰਥਚਾਰੇ ਨੂੰ ਬਦਲ ਸਕਦੀ ਹੈ ਅਤੇ ਪ੍ਰਦੂਸ਼ਣ ਨੂੰ ਘਟਾ ਸਕਦੀ ਹੈ।

ਖੇਤੀਬਾੜੀ ਵਿਚ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਜੈਵਿਕ ਇੰਧਨਾਂ ਤੋਂ ਬਾਅਦ ਦੂਜੀ ਸਭ ਤੋਂ ਵੱਧ ਪ੍ਰਦੂਸ਼ਤ ਕਰਨ ਵਾਲੀ ਗਤੀਵਿਧੀ ਹੈ। ਇਕੱਲੇ ਹੀ ਝੋਨੇ ਦੀ ਪਰਾਲੀ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਾਉਣ ਦੀ ਸਮਰੱਥਾ ਰੱਖਦੀ ਹੈ। ਨਾਗਪਾਲ ਨੇ ਅੱਗੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ-ਨਾਲ ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਕੇ ਜਾਣੂ ਕਰਵਾਇਆ ਹੈ ਕਿ ਐਸ.ਏ.ਵੀ.ਪੀ.ਐਲ. ਨੇ ਆਈ.ਆਈ.ਟੀ. ਦਿੱਲੀ ਤੋਂ ਤਕਨੀਕੀ ਸਹਾਇਤਾ ਨਾਲ ਝੋਨੇ ਦੀ ਪਰਾਲੀ ਨੂੰ ਸਿਲਕਾ ਭਰਪੂਰ ਖਾਦ ਅਤੇ ਬਾਇਉ ਗੈਸ ਵਿਚ ਬਦਲਣ ਦੀ ਟੈਕਨੋਲੋਜੀ ਦਾ ਵਿਕਾਸ ਕੀਤਾ ਹੈ।

ਇਸ ਤਕਨਾਲੋਜੀ ਦਾ ਪ੍ਰਦਰਸ਼ਨ ਪੰਜਾਬ ਦੇ ਫ਼ਾਜ਼ਿਲਕਾ ਵਿਚ ਸਥਾਪਤ ਇਕ ਪਲਾਂਟ ਵਿਚ ਕੀਤਾ ਗਿਆ ਹੈ ਅਤੇ ਇਹ ਬਹੁਤ ਵਧੀਆ ਕੰਮ ਕਰ ਰਿਹਾ ਹੈ। ਸਾਡੇ ਦੁਆਰਾ ਵਿਕਸਤ ਕੀਤੀ ਗਈ ਖਾਦ ਦੀ ਪੰਜਾਬ ਖੇਤੀਬਾੜੀ ਯੂਨੀਵਰਸਟੀ (ਪੀ.ਏ.ਯੂ.) ਦੁਆਰਾ ਪ੍ਰੀਖਣ ਅਤੇ ਫ਼ੀਲਡ ਟੈਸਟਿੰਗ ਕੀਤੀ ਗਈ ਹੈ। ਪੀਏਯੂ ਨੇ ਇਸ ਨੂੰ ਖੇਤੀਬਾੜੀ ਵਰਤੋਂ ਲਈ ਸਿਫ਼ਾਰਸ਼ ਕੀਤੀ ਹੈ ਅਤੇ ਇਸਦੀ ਰਿਪੋਰਟ ਵੀ ਆਪਣੀ ਪੈਕਜ ਆਫ਼ ਪ੍ਰੈਕਟਿਸ ਦੇ ਸਿਰਲੇਖ ਵਿਚ ਪ੍ਰਕਾਸ਼ਤ ਕੀਤੀ ਗਈ ਹੈ।