Farmer Meet Punjab CM Mann: ਕਿਸਾਨਾਂ ਦੀ ਮੁੱਖ ਮੰਤਰੀ ਤੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਖ਼ਤਮ, ਦੇਖੋ ਕੀ ਨਿਕਲਿਆ ਹੱਲ?
ਕਿਸਾਨਾਂ ਦਾ ਵਕੀਲ ਬਣ ਕੇ ਰੱਖੀਆਂ ਕੇਂਦਰ ਅੱਗੇ ਮੰਗਾਂ - CM Mann
Farmer Meet Punjab CM Mann: ਚੰਡੀਗੜ੍ਹ - ਸੰਯੁਕਤ ਕਿਸਾਨ ਮੋਰਚਾ (SKM) ਦੇ ਦਿੱਲੀ ਵੱਲ ਕੂਚ ਕਰਨ ਤੋਂ ਪਹਿਲਾਂ ਪੰਜਾਬ ਅਤੇ ਕੇਂਦਰ ਸਰਕਾਰ ਹਰਕਤ ਵਿਚ ਆ ਗਈ ਹੈ। ਕਿਸਾਨਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਤੇ ਕੇਂਦਰ ਦੇ ਮੰਤਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਦੇ ਰੂਬਰੂ ਹੋਏ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨਾਂ ਨਾਲ ਉਹਨਾਂ ਦੀ ਮੀਟਿੰਗ ਬਹੁਤ ਸੁਖਾਵੇਂ ਮਾਹੌਲ ਵਿਚ ਹੋਈ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਵਕੀਲ ਬਣ ਕੇ ਕੇਂਦਰ ਦੇ ਮੰਤਰੀਆਂ ਅੱਗੇ ਰੱਖੀਆਂ ਹਨ ਤੇ ਅੱਗੇ ਵੀ ਰੱਖਦੇ ਰਹਿਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨਾਲ ਕਈ ਮੰਗਾਂ 'ਤੇ ਸਹਿਮਤੀ ਬਣ ਗਈ ਹੈ ਤੇ ਖਾਸ ਗੱਲ ਇਹ ਰਹੀ ਹੈ ਕਿ ਨਕਲੀ ਬੀਜਾਂ ਅਤੇ ਦਵਾਈਆਂ ਵੇਚਣ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ 'ਤੇ ਵੀ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸਾਨ ਇਕ ਵਾਰ ਫਿਰ ਤੋਂ ਦਿੱਲੀ ਵਿਚ ਬੈਰੀਕੇਡਾਂ ਤੇ ਵਾਟਰ ਕੈਨਨਾਂ ਦਾ ਸਾਹਮਣਾ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਮੀਟਿੰਗ ਵਧੀਆ ਮਾਹੌਲ ਵਿਚ ਹੋਈ ਹੈ ਅੱਗੇ ਵੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੁੰਦੀਆਂ ਰਹਿਣਗੀਆਂ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਵਿਚ ਕੇਂਦਰੀ ਮੰਤਰੀ ਪੀਊਸ਼ ਗੋਇਲ, ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ (ਭਾਰਤ ਦੇ ਗ੍ਰਹਿ ਰਾਜ ਮੰਤਰੀ) ਸ਼ਾਮਲ ਸਨ। ਓਧਰ ਪ੍ਰਮੁੱਖ ਕਿਸਾਨ ਆਗੂਆਂ ਵਿਚੋਂ ਡਾ.ਜਰਨੈਲ ਸਿੰਘ ਬੀਕੇਯੂ ਕ੍ਰਾਂਤੀਕਾਰੀ, ਜਰਨੈਲ ਸਿੰਘ, ਦਿਲਬਾਗ ਸਿੰਘ ਹਰੀਗੜ੍ਹ ਬੀਕੇਯੂ ਲੌਂਗੋਵਾਲ, ਸਵਰਨ ਸਿੰਘ ਪੰਧੇਰ, ਕਨਵੀਨਰ ਕੇ.ਐਮ.ਐਸ.ਸੀ, ਜਗਜੀਤ ਸਿੰਘ ਡੱਲੇਵਾਲ, ਪ੍ਰਧਾਨ ਬੀਕੇਯੂ/ਸਿੱਧੂਪੁਰ
ਸੁਖਜਿੰਦਰ ਸਿੰਘ ਖੋਸਾ, ਪ੍ਰਧਾਨ ਬੀਕੇਯੂ/ਖੋਸਾ, ਸੁਖਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਅਭਿਮਨਿਊ ਕੋਹਾੜ, ਪ੍ਰਧਾਨ ਬੀਕੇਯੂ/ਨੌਜਵਾਨ, ਹਰਿਆਣਾ, ਗੁਰਵਨੀਤ ਸਿੰਘ, ਪ੍ਰਧਾਨ ਪ੍ਰਗਤੀਸ਼ੀਲ ਕਿਸਾਨ ਫਰੰਟ, ਯੂ.ਪੀ, ਤੇਜਵੀਰ ਸਿੰਘ, ਪ੍ਰਧਾਨ ਪੰਚਕੂਲਾ ਯੂਨਿਟ, ਬੀਕੇਯੂ/ਸ਼ਹੀਦ ਭਗਤ ਸਿੰਘ, ਹਰਿਆਣਾ ਸ਼ਾਮਲ ਸਨ।