11 ਅਪ੍ਰੈਲ ਤੱਕ ਤੂਫ਼ਾਨ ਅਤੇ ਮੀਂਹ ਦੇ ਆਸਾਰ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮੌਸਮ ਵਿਭਾਗ ਨੇ 11 ਅਪ੍ਰੈਲ ਤਕ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਤੂਫ਼ਾਨ ਤੇ ਮੀਂਹ ਪੈਣ ਦੇ ਆਸਾਰ ਦੱਸੇ ਹਨ |

rain

ਨਵੀਂ ਦਿੱਲੀ: ਕਿਸਾਨ ਦੀ ਬੀਜੀ ਹੋਈ ਫਸਲ ਖੇਤਾਂ ਵਿਚ ਜੋਬਨ 'ਤੇ ਖੜੀ ਹੈ ਅਤੇ ਉੱਤਰੀ ਭਾਰਤ ਵਿੱਚ ਬੀਤੀ ਸ਼ਾਮ ਤੇਜ਼ ਹਵਾ ਤੇ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਅ ਗਏ ਹਨ । ਦਿੱਲੀ ਸਮੇਤ ਉੱਤਰੀ ਭਾਰਤ ਵਿਚ ਮੌਸਮ ਦੇ ਵਿਗੜੇ ਮਿਜਾਜ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਕਿਸਾਨਾਂ ਪ੍ਰਤੀ ਚਿੰਤਾ ਜਤਾਈ ਹੈ | ਮੌਸਮ ਵਿਭਾਗ ਨੇ 11 ਅਪ੍ਰੈਲ ਤਕ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਤੂਫ਼ਾਨ ਤੇ ਮੀਂਹ ਪੈਣ ਦੇ ਆਸਾਰ ਦੱਸੇ ਹਨ |

ਮੌਸਮ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਅੱਜ ਪੱਛਮ ਬੰਗਾਲ ਤੇ ਸਿੱਕਿਮ ਦੇ ਉਪ ਹਿਮਾਲਿਆ ਖੇਤਰਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਬਿਹਾਰ, ਉੱਤਰ ਪ੍ਰਦੇਸ਼ ਦੇ ਉੱਤਰੀ ਇਲਾਕੇ, ਪੰਜਾਬ, ਉੱਤਰਾਖੰਡ ਤੇ ਉੜੀਸਾ ਵਿੱਚ ਵੀ ਮੀਂਹ ਪੈਣ ਦੇ ਆਸਾਰ ਹਨ। ਉੱਤਰ ਵੱਲ ਤੇਜ਼ ਹਵਾਵਾਂ ਤੋਂ ਬਾਅਦ 9 ਤੇ 10 ਅਪ੍ਰੈਲ ਨੂੰ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਤੇ  ਦਿੱਲੀ ’ਚ ਮੀਂਹ ਪੈਣ ਦੀ ਚੇਤਾਵਨੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨ ਤਕ ਮੌਸਮ ਖ਼ਰਾਬ ਰਹੇਗਾ।

ਅੱਜ ਮੇਘਾਲਿਆ ਵਿੱਚ ਭਾਰੀ ਮੀਂਹ ਤੇ ਪੱਛਮ ਬੰਗਾਲ, ਉੜੀਸਾ, ਅਸਾਮ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਵਿੱਚ ਝੱਖੜ ਨਾਲ ਮੀਂਹ ਪੈਣ ਦੇ ਆਸਾਰ ਹਨ। ਇਸ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼, ਤਾਮਿਲਨਾਡੂ ਤੇ ਕਰਨਾਟਕਾ ਦੇ ਅੰਦਰਲੇ ਹਿੱਸੇ, ਉੱਤਰ ਤੱਟੀ ਆਂਦਰਾ ਪ੍ਰਦੇਸ਼, ਤੇਲੰਗਨਾ, ਵਿਦਰਭ, ਛੱਤੀਸਗੜ੍ਹ, ਮੱਧ ਮਹਾਂਰਾਸ਼ਟਰ ਤੇ ਮਰਾਠਵਾੜਾ ਖੇਤਰਾਂ ’ਚ ਵੀ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।