ਭਵਿੱਖ 'ਚ ਹੋਵੇਗੀ ਰੋਬੋਟ ਨਾਲ ਖੇਤੀ!

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਅੱਜਕਲ੍ਹ ਕਿਸੇ ਵੀ ਖੇਤ 'ਚ ਹੱਥੀਂ ਕਿਰਤ ਕਰਨ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਪਰ ਖੇਤੀਬਾੜੀ ਦੇ ਖੇਤਰ 'ਚ ਸਰੀਰ ਤੋੜਨ ਵਾਲੀ ਮਿਹਨਤ ਤੋਂ ਸਿਵਾ ਹੱਥੀਂ ਬੀਜਣ

File Photo

ਅੱਜਕਲ੍ਹ ਕਿਸੇ ਵੀ ਖੇਤ 'ਚ ਹੱਥੀਂ ਕਿਰਤ ਕਰਨ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਪਰ ਖੇਤੀਬਾੜੀ ਦੇ ਖੇਤਰ 'ਚ ਸਰੀਰ ਤੋੜਨ ਵਾਲੀ ਮਿਹਨਤ ਤੋਂ ਸਿਵਾ ਹੱਥੀਂ ਬੀਜਣ, ਪਨੀਰੀ ਲਾਉਣ ਅਤੇ ਕਟਾਈ ਆਦਿ ਦੇ ਕੰਮ ਨੂੰ ਮਾਹਰ ਮਜ਼ਦੂਰ ਹੀ ਕਰ ਚੰਗੀ ਤਰ੍ਹਾਂ ਨੇਪਰੇ ਚਾੜ੍ਹ ਸਕਦੇ ਹਨ। ਫਿਰ ਵੀ ਕਈ ਕਮੀਆਂ ਰਹਿ ਜਾਂਦੀਆਂ ਹਨ। ਇਸ ਪ੍ਰਕਿਰਿਆ 'ਚ ਨਿਰੰਤਰਤਾ ਤੋਂ ਬਗ਼ੈਰ ਤੁਸੀਂ ਬਿਹਤਰੀਨ ਫ਼ਸਲਾਂ ਨਹੀਂ ਉਗਾ ਸਕਦੇ। ਇਸ ਲਈ ਪਛਮੀ ਦੇਸ਼ਾਂ 'ਚ ਵੱਧ ਤੋਂ ਵੱਧ ਲੋਕ ਸਵੈਚਾਲਿਤ ਖੇਤੀ ਅਪਣਾ ਰਹੇ ਹਨ ਤਾਕਿ ਫ਼ਸਲ ਹਮੇਸ਼ਾ ਸੁਆਦੀ ਅਤੇ ਬਿਹਤਰੀਨ ਕੁਆਲਿਟੀ ਦੀ ਮਿਲੇ।

ਅਸਲ 'ਚ ਇਹੀ ਸਾਡਾ ਭਵਿੱਖ ਹੋਣ ਜਾ ਰਿਹਾ ਹੈ। ਅਮਰੀਕਾ ਦੇ ਸੂਬੇ ਓਹਾਇਉ ਦੇ ਹੈਮਿਲਟਨ 'ਚ ਸਥਿਤ ਖੇਤੀਬਾੜੀ ਕੰਪਨੀ 80 ਏਕੜ ਦੇ ਕਾਰਜਕਾਰੀ ਅਫ਼ਸਰ ਮਾਈਕ ਜ਼ੇਲਕਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਟਮਾਟਰ, ਖੀਰੇ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਉਗਾ ਰਹੀ ਹੈ ਜਿਸ ਦੀ ਸਾਰੀ ਪ੍ਰਕਿਰਿਆ ਆਟੋਮੈਟਿਕ ਹੁੰਦੀ ਹੈ। ਇਸ ਵੇਲੇ ਕੰਪਨੀ ਦੇ ਖੇਤਾਂ 'ਚ 80 ਫ਼ੀ ਸਦੀ ਕੰਮ ਰੋਬੋਟ ਕਰਦੇ ਹਨ। ਉਨ੍ਹਾਂ ਕਿਹਾ ਕਿ ਫ਼ਸਲਾਂ ਪੈਦਾ ਹੋਣ ਤਕ ਇਨ੍ਹਾਂ ਦੀ ਹਰ ਪੱਧਰ 'ਤੇ ਜਾਂਚ ਹੁੰਦੀ ਰਹਿੰਦੀ ਹੈ ਜੋ ਕਿ ਬਹੁਤ ਮਹੱਤਵਪੂਰਨ ਹਨ। ਜਾਂਚ ਕਰ ਕੇ ਹੀ ਉਨ੍ਹਾਂ ਦੀਆਂ ਫ਼ਸਲਾਂ ਰਸਾਇਣਕ ਖਾਦਾਂ ਤੋਂ ਮੁਕਤ, ਸੁਆਦ ਅਤੇ ਪੋਸ਼ਣ ਭਰਪੂਰ ਹੁੰਦੀਆਂ ਹਨ।

ਇਨ੍ਹਾਂ ਫ਼ਸਲਾਂ ਨੂੰ ਬਹੁਤੇ ਲੋਕਾਂ ਦਾ ਹੱਥ ਨਹੀਂ ਲੱਗਾ ਹੁੰਦਾ ਹੈ। ਇਹ ਸਾਫ਼-ਸੁਥਰੇ ਵਾਤਾਵਰਣ 'ਚ ਪੈਦਾ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਮਿੱਟੀ ਵੀ ਨਹੀਂ ਲੱਗੀ ਹੁੰਦੀ। ਇਸ ਖੇਤੀਬਾੜੀ ਲਈ ਕੰਪਨੀ ਇਨਡੋਰ ਫ਼ਾਰਮਿੰਗ (ਛੱਤ ਹੇਠਾਂ ਖੇਤੀਬਾੜੀ) ਦੀ ਤਕਨੀਕ ਅਪਣਾਉਂਦੀ ਹੈ। ਇਸ ਤਕਨੀਕ ਨਾਲ ਫ਼ਸਲਾਂ ਨੂੰ ਉਗਾਉਣ 'ਚ 100 ਫ਼ੀ ਸਦੀ ਨਵਿਆਉਣਯੋਗ ਊਰਜਾ ਦੀ ਵਰਤੋਂ ਹੁੰਦੀ ਹੈ ਅਤੇ 97 ਫ਼ੀ ਸਦੀ ਘੱਟ ਪਾਣੀ ਵਰਤਿਆ ਜਾਂਦਾ ਹੈ। ਪਛਮੀ ਦੇਸ਼ਾਂ 'ਚ ਅਜਿਹੇ ਭੋਜਨ ਦੀ ਮੰਗ ਵੱਧ ਰਹੀ ਹੈ ਜੋ ਕਿ ਜ਼ਿਆਦਾ ਤੋਂ ਜ਼ਿਆਦਾ ਪੋਸ਼ਣ ਦਿੰਦਾ ਹੈ ਅਤੇ ਨਾਲ ਹੀ ਸੁਆਦਲਾ ਵੀ ਹੁੰਦਾ ਹੈ। ਦੁਨੀਆਂ ਭਰ 'ਚ ਇਨਡੋਰ ਫ਼ਾਰਮਿੰਗ ਭੋਜਨ ਸਮੱਸਿਆ ਨੂੰ ਹੱਲ ਕਰਨ ਦਾ ਹੱਲ ਹੋ ਸਕਦਾ ਹੈ।