ਦੇਵੀਦਾਸਪੁਰਾ ਰੇਲ ਮਾਰਗ 'ਤੇ ਕਿਸਾਨਾਂ ਦਾ ਧਰਨਾ 15ਵੇਂ ਦਿਨ ਵੀ ਜਾਰੀ, ਸਾੜੇ ਸਰਕਾਰ ਪੁਤਲੇ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

1 ਅਕਤੂਬਰ ਤੱਕ ਨਿਰੰਤਰ ਜਾਰੀ ਰਹੇਗਾ ਸੰਘਰਸ਼

Farmer Protest

ਅੰਮ੍ਰਿਤਸਰ  - ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਧਰਨੇ ਲਗਾਤਾਰ ਜਾਰੀ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਲਾਈਨ ਪਿੰਡ ਦੇਵੀਦਾਸਪੁਰਾ 'ਤੇ 15ਵੇਂ ਦਿਨ ਵੀ ਧਰਨਾ ਜਾਰੀ ਹੈ।

ਇਸ ਚੱਲ ਰਹੇ ਪੱਕੇ ਮੋਰਚਿਆਂ ਦੇ 15ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਗਏ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਨ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਤੇ ਕਾਰਪੋਰੇਟ ਘਰਾਨਿਆਂ ਦੇ ਪੁਤਲੇ ਸਾੜੇ ਗਏ ਤੇ ਉਹਨਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਰੇਲ ਮਾਰਗ ਦੇਵੀਦਾਸਪੁਰ ਵਿਖੇ 11 ਅਕਤੂਬਰ ਤੱਕ ਨਿਰੰਤਰ ਜਾਰੀ ਰਹੇਗਾ। 

ਲਾਲੜੂ ਰੇਲਵੇ ਸਟੇਸ਼ਨ 'ਤੇ ਧਰਨਾ ਜਾਰੀ 
ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦੇ ਖ਼ਿਲਾਫ਼ ਪਿਛਲੇ 7 ਦਿਨਾਂ ਤੋਂ ਲਾਲੜੂ ਰੇਲਵੇ ਸਟੇਸ਼ਨ ’ਤੇ ਰੇਲ ਰੋਕੋ ਅੰਦੋਲਨ ਕਰ ਰਹੀਆਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦੇ ਰੇਲਵੇ ਲਾਈਨ ’ਤੇ ਦਿਨ-ਰਾਤ ਤੰਬੂ ਲਗਾ ਕੇ ਧਰਨੇ ’ਤੇ ਬੈਠੇ ਹਨ। ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਮੌਕੇ ਕਿਸਾਨਾਂ ਦੇ ਸਮਰਥਨ ’ਚ ਪੁੱਜੀ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਬੀਬੀ ਸਵੀਟੀ ਸ਼ਰਮਾ ਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੂੰ ਨਾਟਕ ਕਰਾਰ ਦਿੰਦੇ ਹੋਏ ਕਿਹਾ ਕਿ ਆਪਣੀਆਂ ਸਰਕਾਰਾਂ 'ਚ ਕਿਸਾਨਾਂ ’ਤੇ ਅੱਤਿਆਚਾਰ ਕਰਨ ਵਾਲੇ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹਣ ਵਾਲਿਆਂ ਨੂੰ ਪ੍ਰਦਰਸ਼ਨ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਉਨ੍ਹਾਂ ਕਿਹਾ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਕਰਜ਼ ਮੁਆਫੀ ਅਤੇ ਹੋਰਨਾਂ ਸਹੂਲਤਾਂ ਦੇ ਮੁੱਦੇ ’ਤੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ 'ਚ ਆਉਂਦੇ ਹੀ ਖੇਤੀ ਕਾਨੂੰਨ ਰੱਦ ਕਰ ਕੇ ਕਿਸਾਨਾਂ ਦੀ ਇੱਛਾ ਅਨੁਸਾਰ ਮੰਡੀਆਂ ਨੂੰ ਚਲਾਇਆ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਗੁਰਮੇਲ ਸਿੰਘ ਬਲੋਪੁਰ, ਗੁਰਪ੍ਰੀਤ ਸਿੰਘ ਬਟੌਲੀ, ਸਿਧਾਂਤ ਰਾਣਾ, ਰਾਹੁਲ ਸ਼ਰਮਾ, ਸਵਿਤਾ, ਗੁਰਚਰਣ ਕੌਰ, ਸੁਖਵਿੰਦਰ ਕੌਰ ਤੇ ਮਿਥਨੇਸ਼ ਰਾਣੀ ਸਮੇਤ ਕਈ ਨੇਤਾਵਾਂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਸੰਬੋਧਨ ਕੀਤਾ।