ਸੁਪਰੀਮ ਕੋਰਟ ਦੀ ਹਾਈਪਾਵਰ ਕਮੇਟੀ ਤੇ SKM ਵਿਚਾਲੇ ਹੋਈ ਬੈਠਕ
‘ਕਮੇਟੀ ਮੈਂਬਰਾਂ ਨੇ ਮੰਨਿਆ ਕਿਸਾਨਾਂ ਨੇ ਬੰਦ ਨਹੀਂ ਕੀਤਾ ਸੀ ਹਾਈਵੇਅ’
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਆਗੂਆਂ ਨੇ ਅੱਜ ਚੰਡੀਗੜ੍ਹ ’ਚ ਕਿਸਾਨ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪ੍ਰਮੁੱਖ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਰਤ ਦੇ ਬਹੁਤ ਸਾਰੇ ਰਾਜਾਂ ਦੇ ਕਿਸਾਨ ਆਗੂਆਂ ਵਿਚਕਾਰ ਹੋਈ ਮੀਟਿੰਗ ਉਪਰੰਤ ਇਹ ਫ਼ੈਸਲਾ ਲਿਆ ਗਿਆ ਹੈ ਕਿ ਫਰਵਰੀ, 2026 ਦੇ ਪਹਿਲੇ ਹਫਤੇ ਦੇਸ਼ ਦੇ ਕਿਸਾਨ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਕਿਸਾਨ ਯਾਤਰਾ ਕੱਢਣਗੇ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 19 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਕਿਸਾਨੀ ਮੰਗਾਂ ਨੂੰ ਲੈ ਕੇ ਇਕ ਮਹਾ ਪੰਚਾਇਤ ਕੀਤੀ ਜਾਵੇਗੀ, ਜਿਸ ਵਿਚ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਤੋਂ ਕਿਸਾਨੀ ਮੰਗਾਂ ਦਾ ਤੁਰੰਤ ਹੱਲ ਲੱਭਣ ਦੀ ਗੱਲ ਕੀਤੀ ਜਾਵੇਗੀ। ਇਸ ਦੌਰਾਨ ਪੰਜਾਬ ਦੇ ਆਗੂਆਂ ਦੇ ਨਾਲ-ਨਾਲ ਉੱਤਰ ਪ੍ਰਦੇਸ਼, ਹਰਿਆਣਾ, ਤੇਲੰਗਾਨਾ, ਤਮਿਲਨਾਡੂ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਆਦਿ ਤੋਂ ਵੀ ਹੋਰ ਆਗੂਆਂ ਨੇ ਸ਼ਿਰਕਤ ਕੀਤੀ।