ਕਿਸਾਨਾਂ ਲਈ ਮੰਡੀਆਂ ਵਿਚ ਸਾਰੇ ਯੋਗ ਪ੍ਰਬੰਧ ਹੋਣਗੇ : ਲਾਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵਲੋਂ ਬੋਰਡ ਦੇ ਸਕੱਤਰ ਤੋਂ ਇਲਾਵਾ ਮੁੱਖ ਦਫ਼ਤਰ ਵਿਖੇ ਤਾਇਨਾਤ ਉੱਚ-ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕਣਕ

File Photo

ਐਸ.ਏ.ਐਸ. ਨਗਰ  (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵਲੋਂ ਬੋਰਡ ਦੇ ਸਕੱਤਰ ਤੋਂ ਇਲਾਵਾ ਮੁੱਖ ਦਫ਼ਤਰ ਵਿਖੇ ਤਾਇਨਾਤ ਉੱਚ-ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕਣਕ ਦੀ ਖ਼ਰੀਦ ਸਬੰਧੀ ਪੰਜਾਬ ਮੰਡੀ ਬੋਰਡ ਵਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਵਿਚਾਰ ਕੀਤਾ ਗਿਆ। ਚੇਅਰਮੈਨ ਨੇ ਵਿਸ਼ੇਸ਼ ਤੌਰ 'ਤੇ ਦਸਿਆ ਕਿ ਇਸ ਵਾਰ ਕੋਰੋਨਾ ਵਾਇਰਸ ਸਬੰਧੀ ਸਾਵਧਾਨੀਆਂ ਨੂੰ ਧਿਆਨ ਵਿਚ ਰਖਦੇ ਹੋਏ ਹੀ ਕਣਕ ਦੀ ਵੇਚ/ਖ਼ਰੀਦ ਕਰਵਾਈ ਜਾਵੇਗੀ ਤਾਂ ਜੋ ਕਿਸੇ ਵਿਅਕਤੀ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਕਿਉਂਕਿ ਮੰਡੀਆਂ ਵਿਚ ਪੰਜਾਬ ਮੰਡੀ ਬੋਰਡ, ਮਾਰਕੀਟ ਕਮੇਟੀਆਂ ਅਤੇ ਖ਼ਰੀਦ ਏਜੰਸੀਆਂ ਦੇ  ਮੁਲਾਜ਼ਮਾਂ, ਕਿਸਾਨਾਂ, ਆੜ੍ਹਤੀਏ ਅਤੇ ਲੇਬਰ ਮੌਜੂਦ ਹੁੰਦੀ ਹੈ।

ਚੇਅਰਮੈਨ ਨੇ ਦਸਿਆ ਕਿ ਆਪਸੀ ਦੂਰੀ ਬਣਾਉਣ ਲਈ ਰਾਜ ਦੀ ਹਰ ਯਾਰਡ ਅਤੇ ਖ਼ਰੀਦ ਕੇਂਦਰ ਵਿਚ ਪੇਂਟ ਨਾਲ 30*30 ਫੁੱਟ ਦੇ ਖਾਨੇ ਬਣਾ ਦਿਤੇ ਜਾਣਗੇ ਅਤੇ ਕਿਸਾਨ ਅਪਣੀ ਫ਼ਸਲ ਉਸ ਖਾਨੇ ਵਿਚ ਹੀ ਢੇਰੀ ਕਰੇਗਾ। ਮੰਡੀ ਬੋਰਡ ਦੀ ਕੋਸ਼ਿਸ਼ ਹੋਵੇਗੀ ਕਿ ਕਿਸਾਨ ਨੂੰ ਫ਼ਸਲ ਮੰਡੀ ਵਿਚ ਲਿਆਉਣ ਤੋਂ 12 ਘੰਟੇ ਵਿਚ ਫ਼ਾਰਗ ਕਰ ਦਿਤਾ ਜਾਵੇ। ਪ੍ਰੰਤੂ ਕਿਸੇ ਖ਼ਾਸ ਵਜ੍ਹਾ ਕਰ ਕੇ ਵੱਧ ਤੋਂ ਵੱਧ ਉਸ ਨੂੰ 48 ਘੰਟਿਆ ਵਿਚ ਜ਼ਰੂਰ ਵਿਹਲਾ ਕਰ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਆੜ੍ਹਤੀਆ ਰਾਹੀਂ ਕਿਸਾਨਾਂ ਨੂੰ 50-50 ਕੁਇੰਟਲ  ਦੇ ਕੂਪਨ ਮੁਹਈਆ ਕਰਵਾਏ ਜਾਣਗੇ।  

ਕੂਪਨ ਦੀ ਮਿਆਦ ਇਕ ਦਿਨ ਦੀ ਹੋਵੇਗੀ। ਉਸ ਕੂਪਨ ਦੀ ਅਸਲ ਕਾਪੀ ਹੋਲੋਗ੍ਰਾਮ/ਕਿਯੂ.ਆਰ. ਨਾਲ ਕੋਡ ਕੀਤੀ ਜਾਏਗੀ ਅਤੇ ਉਹ ਹੀ ਵੈਲਿਡ ਹੋਵੇਗੀ।  ਇਸ ਵਾਰ ਖਾਸ ਵਿਵਸਥਾ ਇਹ ਕੀਤੀ ਹੈ ਕਿ ਕਿਸਾਨਾਂ ਵੱਲੋਂ ਆੜ੍ਹਤੀਆਂ ਨਾਲ ਸੰਪਰਕ ਕਰ ਕੇ ਹੀ ਜਿਸ ਮਿਤੀ ਅਤੇ ਜਿਸ ਸਥਾਨ ਤੇ ਕਣਕ ਢੇਰੀ ਕੀਤੀ ਜਾਣੀ ਹੈ, ਲਿਆਂਦੀ ਜਾਵੇਗੀ

ਇਸ ਲਈ ਨਿਸ਼ਚਿਤ ਜਗ੍ਹਾ ਦਾ ਪ੍ਰਬੰਧ ਕਰਨ ਲਈ ਰਾਜ ਦੀਆਂ ਮਾਰਕਿਟ ਕਮੇਟੀਆਂ ਵੱਲੋਂ ਮੰਡੀਆਂ ਵਿੱਚ ਨਿਸ਼ਾਨ ਲਗਾ ਦਿੱਤੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਆਪਣੀ ਕਣਕ ਢੇਰੀ ਕਰਨ ਵਿਚ ਮੁਸ਼ਕਲ ਨਾ ਆਵੇ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆਂ ਹੈ ਕਿ ਸਮੂਚੇ ਖੋਲ੍ਹੇ ਜਾਂਦੇ 1865 ਖ੍ਰੀਦ ਕੇਂਦਰਾਂ ਤੋਂ ਇਲਾਵਾ ਇਸ ਸਾਲ ਕਣਕ ਦੀ ਖ੍ਰੀਦ ਕਰਨ ਲਈ ਹੋਰ ਥਾਵਾਂ ਜਿਸ ਤਰ੍ਹਾ ਕਿ ਸ਼ੈਲਰ ਆਦਿ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਸ਼ਹਿਰਾਂ/ ਮੁੱਖ ਮੰਡੀਆਂ ਵਿੱਚ ਭੀੜ-ਭੜੱਕੇ ਤੋਂ ਬਚਿਆ ਜਾ ਸਕੇ।

ਸਰਕਾਰ ਵੱਲੋਂ ਕਣਕ ਦਾ ਇੱਕ-ਇੱਕ ਦਾਣਾ ਖ੍ਰੀਦਣ ਲਈ 15 ਅਪ੍ਰੈਲ ਤੋਂ 31 ਮਈ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਲਈ ਜਿਹੜੇ ਕਿਸਾਨ ਕੁਝ ਸਮੇਂ ਲਈ ਕਣਕ ਨੂੰ ਆਪਣੇ ਘਰਾਂ ਜਾਂ ਫਾਰਮਾਂ ਤੇ ਸਟੋਰ ਕਰ ਸਕਦੇ ਹਨ, ਉਹ ਜ਼ਰੂਰ ਕਰਨ ਤਾਂ ਜੋ ਮੰਡੀ ਵਿੱਚ ਕਣਕ ਦੀ ਇੱਕੋ ਸਮੇਂ ਜ਼ਿਆਦਾ ਆਮਦ ਨਾ ਹੋਵੇ ਅਤੇ ਕਣਕ ਦੀ ਵੇਚ/ਖ੍ਰੀਦ ਦੌਰਾਨ ਮੰਡੀ ਵਿੱਚ ਭੀੜ ਭੜੱਕੇ ਤੋਂ ਬਚਿਆ ਜਾ ਸਕੇ। ਉਨ੍ਹਾਂ ਦਸਿਆ ਕਿ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਲਈ ਮਾਰਕੀਟ ਕਮੇਟੀਆਂ ਦੇ ਨਾਲ-ਨਾਲ ਬਾਕੀ ਸਹੂਲਤਾਂ ਤੋਂ ਇਲਾਵਾ ਆੜਤੀਆਂ ਵਲੋਂ ਸੈਨੀਟਾਈਜ਼ਰ ਅਤੇ ਮਾਸਕ ਦਿਤੇ ਜਾਣਗੇ ਤਾਂ ਜੋ ਕਿਸੇ ਵੀ ਕਿਸਾਨ ਦਾ ਜਾਨੀ ਨੁਕਸਾਨ ਨਾ ਹੋਵੇ।