ਕਣਕ ਦੀ ਲਿਫ਼ਟਿੰਗ ਨਾ ਹੋਣ 'ਤੇ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਲਾਇਆ ਗੁਦਾਮਾਂ ਅੱਗੇ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮੰਡੀ ਵਿਚੋਂ ਕਣਕ ਪੂਰੀ ਤਰਾਂ ਚੁੱਕਣ ਤਕ ਧਰਨਾ ਜਾਰੀ ਰੱਖਣ ਦੀ ਚੇਤਾਵਨੀ

Protest of Aarti and Labours

ਰਈਆ, 8 ਮਈ (ਰਣਜੀਤ ਸਿੰਘ ਸੰਧੂ) : ਕਦੇ ਏਸ਼ੀਆ ਦੀ ਮਸ਼ਹੂਰ ਮੰਡੀ ਵਜੋਂ ਜਾਣੀ ਜਾਂਦੀ ਅਨਾਜ ਮੰਡੀ ਰਈਆ ਦੀ ਹਾਲਤ ਕਿਸਾਨੀ ਜਿਨਸਾਂ ਦੀ ਖ਼ਰੀਦ ਅਤੇ ਲਿਫ਼ਟਿੰਗ ਦੇ ਮਾਮਲੇ ਵਿਚ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਦੀ ਅਣਦੇਖੀ ਕਾਰਨ ਇਸ ਕਦਰ ਬਦਤਰ ਹੋ ਚੁੱਕੀ ਹੈ ਕਿ ਕਿਸਾਨਾਂ ਦੇ ਨਾਲ ਨਾਲ ਮੰਡੀ ਦੇ ਆੜਤੀਆਂ ਅਤੇ ਮਜਦੂਰਾਂ ਨੂੰ ਕਣਕ ਅਤੇ ਝੋਨੇ ਦੇ ਸੀਜ਼ਨ ਵਿਚ ਅਤਿਅੰਤ ਪ੍ਰੇਸ਼ਾਨੀਆਂ ਦੇ ਦੌਰ ਵਿਚੋਂ ਗੁਜਰਨਾ ਪੈ ਰਿਹਾ ਹੈ। ਇਸ ਵਾਰ ਵੀ ਕਣਕ ਦੇ ਸੀਜ਼ਨ ਵਿਚ ਵੀ ਇਨ੍ਹਾਂ ਮੁਸ਼ਕਲਾਂ ਦੇ ਚਲਦਿਆਂ ਪ੍ਰੇਸ਼ਾਨ ਆੜ੍ਹਤੀਆਂ ਅਤੇ ਮਜ਼ਦੂਰਾਂ ਵਲੋਂ ਅੱਜ ਮੰਡੀ ਦਾ ਕੰਮ ਮੁਕੰਮਲ ਬੰਦ ਕਰ ਕੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਸਰਕਾਰ ਦੀਆਂ ਖ੍ਰੀਦ ਏਜੰਸੀਆਂ ਵੇਅਰਹਾਊਸ ਅਤੇ ਮਾਰਕਫੈਡ ਦੇ ਗੁਦਾਮਾਂ ਦਾ ਘਿਰਾਉ ਕੀਤਾ ਗਿਆ।ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਆੜ੍ਹਤੀ ਅਤੇ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਦਰਪੇਸ਼ ਮੁਸਕਲਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦਸਿਆ ਕਿ ਕਣਕ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਸਾਨੂੰ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ। ਪਹਿਲਾਂ ਬਾਰਦਾਨੇ ਦੀ ਘਾਟ ਕਾਰਨ ਪ੍ਰੇਸ਼ਾਨੀ ਫਿਰ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਮੰਡੀ ਵਿਚ ਜਗ੍ਹਾ ਦੀ ਘਾਟ ਹੋਣ ਕਾਰਨ ਮੰਡੀ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ।

ਜਿੰਨਾ ਚਿਰ ਕਣਕ ਮੰਡੀ ਵਿੱਚ ਪਈ ਹੈ ਉਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਸਾਡੀ ਬਣੀ ਰਹਿੰਦੀ ਹੈ। ਉਨ੍ਹਾਂ ਦਸਿਆ ਕਿ ਸਰਕਾਰ ਨੇ ਮੰਡੀਆਂ ਵਿਚੋਂ ਕਣਕ ਦੀ ਚੁਕਾਈ ਦਾ ਠੇਕਾ ਵੀ ਉਨ੍ਹਾਂ ਲੋਕਾਂ ਨੂੰ ਦਿਤਾ ਹੈ ਜਿਨ੍ਹਾਂ ਕੋਲ ਅਪਣੀ ਕੋਈ ਗੱਡੀ ਵੀ ਨਹੀਂ ਹੈ ਉਲਟਾ ਆੜ੍ਹਤੀਆਂ ਨੂੰ ਅਪਣੇ ਕੋਲੋਂ ਟਰਾਲੀਆਂ ਦਾ ਪ੍ਰਬੰਧ ਕਰ ਕੇ ਜਦੋਂ ਕਣਕ ਗੁਦਾਮਾਂ ਵਿਚ ਲਿਜਾਈ ਜਾਂਦੀ ਹੈ ਤਾਂ ਅੱਗੇ ਚਾਰ-ਚਾਰ ਦਿਨ ਖੱਜਲ ਖੁਆਰ ਕਰ ਕੇ ਵੀ ਮਾਲ ਨਹੀਂ ਲੁਹਾਇਆ ਜਾਂਦਾ ਇਸੇ ਕਰ ਕੇ ਸਾਨੂੰ ਮਜਬੂਰ ਹੋ ਕੇ ਇਹ ਕਦਮ ਚੁੱਕਣਾਂ ਪਿਆ ਹੈ।ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜਿੰਨਾ ਚਿਰ ਰਈਆ ਮੰਡੀ ਵਿਚੋਂ ਪੂਰੀ ਤਰਾਂ ਕਣਕ ਨਹੀਂ ਚੁੱਕੀ ਜਾਂਦੀ ਸਾਡਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਹੋਰਨਾਂ ਮੰਡੀਆਂ ਵਿਚੋਂ ਆਇਆ ਮਾਲ ਵੀ ਗੁਦਾਮਾਂ ਅੰਦਰ ਨਹੀਂ ਲੱਗਣ ਦਿਤਾ ਜਾਵੇਗਾ। ਇਸ ਰੋਸ ਮੁਜਾਹਰੇ ਵਿਚ ਪੱਲੇਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਾਜਰ ਸਿੰਘ, ਮੰਡੀ ਪ੍ਰਧਾਨ ਮੋਹਣ ਸਿੰਘ, ਬਲਵਿੰਦਰ ਸਿੰਘ ਰਈਆ, ਬਲਵੰਤ ਸਿੰਘ ਕਲੇਰ, ਦਸੰਧਾ ਸਿੰਘ, ਸੁਖਵਿੰਦਰ ਸਿੰਘ, ਗੁਰਮੁੱਖ ਸਿੰਘ, ਆੜ੍ਹਤੀ ਐਸਸੀਏਸ਼ਨ ਦੇ ਪ੍ਰਧਾਨ ਰਾਜੀਵ ਭੰਡਾਰੀ, ਗੁਰਮੇਜ ਸਿੰਘ, ਸੁੱਖਪ੍ਰੀਤ ਸਿੰਘ ਟੌਂਗ, ਮਾ. ਅਜੀਤ ਸਿੰਘ, ਅਵਤਾਰ ਸਿੰਘ ਪੱਡੇ, ਰਾਜੇਸ਼ ਟਾਂਗਰੀ, ਬੁੱਧ ਸਿੰਘ, ਪਿਆਰਾ ਸਿੰਘ ਸੇਖੋਂ, ਮਹਿੰਦਰ ਸਿੰਘ ਲਿੱਧੜ,ਬਿੱਟੂ ਤ੍ਰੇਹਨ, ਕਰਨ ਤ੍ਰੇਹਨ, ਮਨੋਹਰ ਲਾਲ ਆਦਿ ਹਾਜ਼ਰ ਸਨ।