ਪੁਦੀਨੇ ਦੀ ਫਸਲ ਦਾ ਵੇਰਵਾ, ਜਾਣੋ ਕਿੰਝ ਕਰੀਏ ਸੰਭਾਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੁਦੀਨਾ ਮੈਂਥਾ ਦੇ ਨਾਮ ਤੋਂ ਜਾਣੀ ਜਾਣ ਵਾਲੀ ਇੱਕ ਕਿਰਿਆਸ਼ੀਲ ਜੜ੍ਹੀ-ਬੂਟੀ ਹੈ। ਪੁਦੀਨੇ ਨੂੰ ਤੇਲ, ਟੂਥਪੇਸਟ, ਮਾਊਥ ਵਾਸ਼ ਅਤੇ ਹੋਰ ਕਈ ਵਿਅੰਜਨਾਂ ਵਿੱਚ ਸੁਆਦ......

Mint Cultivation

ਪੁਦੀਨਾ ਮੈਂਥਾ ਦੇ ਨਾਮ ਤੋਂ ਜਾਣੀ ਜਾਣ ਵਾਲੀ ਇੱਕ ਕਿਰਿਆਸ਼ੀਲ ਜੜ੍ਹੀ-ਬੂਟੀ ਹੈ। ਪੁਦੀਨੇ ਨੂੰ ਤੇਲ, ਟੂਥਪੇਸਟ, ਮਾਊਥ ਵਾਸ਼ ਅਤੇ ਹੋਰ ਕਈ ਵਿਅੰਜਨਾਂ ਵਿੱਚ ਸੁਆਦ ਲਈ ਵਰਤਿਆਂ ਜਾਂਦਾ ਹੈ। ਇਸਦੇ ਪੱਤੇ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ। ਪੁਦੀਨੇ ਤੋਂ ਤਿਆਰ ਦਵਾਈਆਂ ਨੂੰ ਨੱਕ, ਜੋੜਾਂ ਦੇ ਦਰਦ, ਗਠੀਆ, ਨਾੜੀਆਂ, ਪੇਟ ਵਿੱਚ ਗੈਸ ਅਤੇ ਸੋਜ ਆਦਿ ਦਾ ਇਲਾਜ ਕਰਨ ਲਈ ਵਰਤਿਆ ਜਾਂਦਾ ਹੈ।

ਇਸ ਨੂੰ ਬਹੁਤ ਸਾਰੀਆਂ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਇੱਕ ਛੋਟੀ ਜੜ੍ਹੀ-ਬੂਟੀ ਹੈ, ਜਿਸ ਦੀ ਔਸਤਨ ਉੱਚਾਈ 1-2 ਫੁੱਟ ਹੁੰਦੀ ਹੈ ਅਤੇ ਇਸ ਦੇ ਨਾਲ ਜੜ੍ਹਾਂ ਵੀ ਫੈਲੀਆਂ ਹੁੰਦੀਆ ਹਨ। ਇਸਦੇ ਪੱਤੇ 3.7-10 ਸੈ.ਮੀ. ਲੰਬੇ ਹੁੰਦੇ ਹਨ ਅਤੇ ਇਸਦੇ ਫੁੱਲ ਛੋਟੇ ਅਤੇ ਜਾਮੁਨੀ ਰੰਗ ਦੇ ਹੁੰਦੇ ਹਨ। ਇਸਦਾ ਮੂਲ ਸਥਾਨ ਮੈਡਿਟੇਰੇਨਿਅਨ ਬੇਸਿਨ ਹੈ। ਇਹ ਮੁੱਖ ਤੌਰ 'ਤੇ ਅੰਗੋਲਾ, ਥਾਈਲੈਂਡ, ਚੀਨ, ਅਰਜਨਟੀਨਾ, ਬ੍ਰਾਜ਼ੀਲ, ਜਾਪਾਨ, ਭਾਰਤ ਅਤੇ ਪੈਰਾਗੁਏ ਵਿੱਚ ਪਾਈ ਜਾਣ ਵਾਲੀ ਜੜ੍ਹੀ-ਬੂਟੀ ਹੈ। ਭਾਰਤ ਵਿੱਚ ਉੱਤਰ ਪ੍ਰਦੇਸ਼ ਅਤੇ ਪੰਜਾਬ ਪੁਦੀਨਾ ਉਗਾਉਣ ਵਾਲੇ ਮੁੱਖ ਖੇਤਰ ਹਨ।

ਖੇਤ ਦੀ ਤਿਆਰੀ - ਪੁਦੀਨੇ ਦੀ ਬਿਜਾਈ ਲਈ ਲੋੜੀਂਦੇ ਆਕਾਰ ਦੇ ਬੈੱਡ ਤਿਆਰ ਕਰੋ। ਖੇਤ ਦੀ ਤਿਆਰੀ ਸਮੇਂ ਖੇਤ ਨੂੰ ਚੰਗੀ ਤਰ੍ਹਾਂ ਵਾਹੋ। 100-120 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਰੂੜੀ ਦੀ ਖਾਦ ਤੋਂ ਬਾਅਦ ਹਰੀ ਖਾਦ ਪਾਓ।
ਬਿਜਾਈ ਦਾ ਸਮਾਂ - ਇਸਦੀ ਬਿਜਾਈ ਲਈ ਅਨੁਕੂਲ ਸਮਾਂ ਦਸੰਬਰ-ਜਨਵਰੀ ਮਹੀਨਾ ਹੈ।
ਫਾਸਲਾ - ਪੌਦੇ ਦੇ ਭਾਗਾਂ ਦੀ ਬਿਜਾਈ 40 ਸੈ.ਮੀ. ਦੇ ਫਾਸਲੇ 'ਤੇ ਕਰੋ ਅਤੇ ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਦਾ ਹੋਣਾ ਚਾਹੀਦਾ ਹੈ।

ਬੀਜ ਦੀ ਡੂੰਘਾਈ - ਬੀਜ ਨੂੰ 2-3 ਸੈ.ਮੀ. ਡੂੰਘਾਈ 'ਤੇ ਬੀਜੋ।
ਬਿਜਾਈ ਦਾ ਢੰਗ - ਪੌਦੇ ਦੇ ਜੜ੍ਹ ਵਾਲੇ ਭਾਗ ਨੂੰ ਮੁੱਖ ਖੇਤ ਵਿੱਚ ਬੀਜਿਆ ਜਾਂਦਾ ਹੈ।
ਬੀਜ ਦੀ ਮਾਤਰਾ - ਪ੍ਰਜਣਨ ਕਿਰਿਆ ਜੜ੍ਹ ਦੇ ਭਾਗ ਜਾਂ ਟਾਹਣੀਆਂ ਦੁਆਰਾ ਕੀਤੀ ਜਾਂਦੀ ਹੈ। ਵਧੀਆ ਪੈਦਾਵਾਰ ਲਈ 160 ਕਿਲੋ ਭਾਗਾਂ ਨੂੰ ਪ੍ਰਤੀ ਏਕੜ ਲਈ ਵਰਤੋ। ਜੜ੍ਹਾਂ ਪਿਛਲੇ ਪੌਦਿਆਂ ਤੋਂ ਦਸੰਬਰ ਅਤੇ ਜਨਵਰੀ ਮਹੀਨੇ ਵਿੱਚ ਪ੍ਰਾਪਤ ਕੀਤੀਆਂ ਜਾਂਦੀਆਂ ਹਨ।

ਬੀਜ ਦੀ ਸੋਧ - ਫਸਲ ਨੂੰ ਜੜ੍ਹ ਗਲਣ ਤੋਂ ਬਚਾਉਣ ਲਈ ਬਿਜਾਈ ਤੋਂ ਪਹਿਲਾਂ ਬੀਜੇ ਜਾਣ ਵਾਲੇ ਭਾਗਾਂ ਨੂੰ ਕਪਤਾਨ 0.25% ਜਾਂ ਆਗਾਲੋਲ ਘੋਲ 0.3% ਜਾਂ ਬੈਨਲੇਟ 0.1% ਨਾਲ 2-3 ਮਿੰਟ ਲਈ ਸੋਧੋ।

 

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ
ਬਿਜਾਈ ਤੋਂ ਪਹਿਲਾ ਪੌਦੇ ਦੇ ਭਾਗ ਨੂੰ 10-14 ਸੈ.ਮੀ. ਦੀ ਲੰਬਾਈ ਤੇ ਕੱਟ ਲਓ। ਪੁਦੀਨੇ ਦੀ ਜੜ੍ਹ ਨੂੰ ਲੋੜੀਂਦੇ ਆਕਾਰ ਅਤੇ ਚੌੜਾਈ ਦੀਆਂ ਵੱਟਾਂ ਤੇ ਬੀਜੋ। ਪੌਦੇ ਦੇ ਭਾਗਾਂ ਦੀ ਬਿਜਾਈ 40 ਸੈ.ਮੀ. ਦੇ ਫਾਸਲੇ ਤੇ ਕਰੋ ਅਤੇ ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਦਾ ਹੋਣਾ ਚਾਹੀਦਾ ਹੈ। ਬਿਜਾਈ ਤੋਂ ਬਾਅਦ ਮਿੱਟੀ ਨੂੰ ਨਮੀ ਦੇਣ ਲਈ ਸਿੰਚਾਈ ਕਰੋ।

ਰੋਪਣ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਲਈ ਸਿਨਬਾਰ 400 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ।
ਨਦੀਨਾਂ ਤੋਂ ਬਚਾਅ ਲਈ ਐਟਰਾਜ਼ਿਨ ਅਤੇ ਸਾਈਮਾਜ਼ਾਈਨ 400 ਗ੍ਰਾਮ, ਪੈਂਡੀਮੈਥਾਲਿਨ 800 ਮਿ.ਲੀ. ਅਤੇ ਆਕਸੀਫਲੋਰਫੇਨ 200 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ।

ਨਦੀਨਾਂ ਦੀ ਰੋਕਥਾਮ -  ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਥੋੜੇ-ਥੋੜੇ ਸਮੇਂ ਬਾਅਦ ਹੱਥੀਂ ਗੋਡੀ ਕਰੋ ਅਤੇ ਪਹਿਲੀ ਕਟਾਈ ਤੋਂ ਬਾਅਦ ਕਹੀ ਦੀ ਮਦਦ ਨਾਲ ਗੋਡੀ ਕਰੋ। ਨਦੀਨਾਂ ਦੀ ਰੋਕਥਾਮ ਲਈ ਸਿਨਬਾਰ 400 ਗ੍ਰਾਮ ਪ੍ਰਤੀ ਏਕੜ ਪਾਓ। ਨਦੀਨਾਂ ਨੂੰ ਕਾਬੂ ਕਰਨ ਲਈ ਜੈਵਿਕ ਮਲਚ ਦੇ ਨਾਲ ਨਦੀਨਾਸ਼ਕ ਆਕਸੀਫਲੋਰਫੇਨ 200 ਗ੍ਰਾਮ ਜਾਂ ਪੈਂਡੀਮੈਥਾਲਿਨ 800 ਮਿ.ਮੀ. ਪ੍ਰਤੀ ਏਕੜ ਦੀ ਵਰਤੋਂ ਕਰੋ। ਜੇਕਰ ਨਦੀਨਾਂ ਦੀ ਤੀਬਰਤਾ ਜ਼ਿਆਦਾ ਹੋਵੇ ਤਾਂ ਬਿਜਾਈ ਤੋਂ ਬਾਅਦ ਡੈਲਾਪੋਨ 1.6 ਕਿਲੋ ਜਾਂ ਗਰੈਮੋਕਸੋਨ 1 ਲੀਟਰ ਪ੍ਰਤੀ ਏਕੜ ਦੀ ਸਪਰੇਅ ਕਰੋ ਅਤੇ ਬਿਜਾਈ ਤੋਂ ਪਹਿਲਾਂ ਡਿਊਰੋਨ 800 ਗ੍ਰਾਮ ਜਾਂ ਟੇਰਬੇਸਿਲ 800 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ।

ਸਿੰਚਾਈ - ਗਰਮੀਆਂ ਵਿੱਚ ਮਾਨਸੂਨ ਤੋਂ ਪਹਿਲਾਂ ਜਲਵਾਯੂ ਅਤੇ ਮਿੱਟੀ ਅਨੁਸਾਰ 6-9 ਸਿੰਚਾਈਆਂ ਜ਼ਰੂਰ ਕਰੋ। ਮਾਨਸੂਨ ਤੋਂ ਬਾਅਦ 3 ਸਿੰਚਾਈਆਂ ਦੀ ਲੋੜ ਹੁੰਦੀ ਹੈ, ਪਹਿਲੀ ਸਤੰਬਰ, ਦੂਜੀ ਅਕਤੂਬਰ ਅਤੇ ਤੀਜੀ ਨਵੰਬਰ ਮਹੀਨੇ ਵਿੱਚ। ਸਰਦੀਆਂ ਵਿੱਚ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਹੁੰਦੀ, ਪਰ ਜੇਕਰ ਵਰਖਾ ਨਾ ਹੋਵੇ, ਤਾਂ ਇੱਕ ਸਿੰਚਾਈ ਜ਼ਰੂਰ ਕਰੋ।

ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ
ਤਣਾ ਗਲਣ: ਇਹ ਬਿਮਾਰੀ ਮੈਕਰੋਫੋਮੀਨਾ ਫੈਜ਼ੇਓਲੀ ਕਾਰਨ ਹੁੰਦੀ ਹੈ। ਇਹ ਪੌਦੇ ਦੇ ਜ਼ਮੀਨ ਹੇਠਲੇ ਹਿੱਸਿਆਂ ਤੇ ਹਮਲਾ ਕਰਦੀ ਹੈ, ਜਿਸ ਨਾਲ ਪੌਦੇ ਤੇ ਭੂਰੇ ਰੰਗ ਦੇ ਧੱਬੇ ਨਜ਼ਰ ਆਉਂਦੇ ਹਨ, ਜੋ ਬਾਅਦ ਵਿੱਚ ਪੌਦਿਆਂ ਨੂੰ ਖੋਖਲਾ ਕਰ ਦਿੰਦੇ ਹਨ। ਇਸ ਬਿਮਾਰੀ ਦੀ ਰੋਕਥਾਮ ਲਈ ਕਪਤਾਨ 0.25% ਜਾਂ ਐਗਾਲੋਲ ਘੋਲ 0.3% ਜਾਂ ਬੈੱਨਲੇਟ 0.1% ਨੂੰ 2-3 ਮਿੰਟ ਲਈ ਜੜ੍ਹ ਦੇ ਹਿੱਸੇ ਤੇ ਪਾਓ।

ਫਸਲ ਦੀ ਕਟਾਈ - ਪੌਦੇ 100-120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ। ਜਦੋਂ ਹੇਠਲੇ ਪੱਤੇ ਪੀਲੇ ਰੰਗ ਦੇ ਹੋਣ ਲੱਗ ਜਾਣ ਤਾਂ ਦਾਤੀ ਨਾਲ ਕਟਾਈ ਕਰ ਲਓ ਅਤੇ ਬੂਟਿਆਂ ਨੂੰ ਮਿੱਟੀ ਤੋਂ 2-3 ਸੈ.ਮੀ. ਉੱਤੋਂ ਕੱਟ ਲਓ। ਪਹਿਲੀ ਕਟਾਈ ਦੇ 80 ਦਿਨਾਂ ਦੇ ਫਾਸਲੇ 'ਤੇ ਅਗਲੀ ਕਟਾਈ ਕਰੋ। ਨਵੇਂ ਉਤਪਾਦ ਬਣਾਉਣ ਲਈ ਤਾਜ਼ੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਕਟਾਈ ਤੋਂ ਬਾਅਦ - ਕਟਾਈ ਤੋਂ ਬਾਅਦ ਪੱਤਿਆਂ ਵਿੱਚੋਂ ਅਰਕ ਕੱਢਣ ਦੇ ਤਰੀਕੇ ਨਾਲ ਤੇਲ ਕੱਢਿਆ ਜਾਂਦਾ ਹੈ। ਫਿਰ ਪੁਦੀਨੇ ਦੇ ਤੇਲ ਨੂੰ ਸਟੀਲ ਜਾਂ ਐਲੂਮੀਨੀਅਮ ਦੇ ਬਕਸਿਆਂ ਪੈਕ ਕੀਤਾ ਜਾਂਦਾ ਹੈ। ਫਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਜਲਦੀ ਹੀ ਮੰਡੀ ਵਿੱਚ ਭੇਜਿਆ ਜਾਂਦਾ ਹੈ। ਪੁਦੀਨੇ ਦੇ ਪੱਤਿਆ ਤੋਂ ਕਈ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਪੁਦੀਨੇ ਦਾ ਤੇਲ ਅਤੇ ਚਟਨੀ ਆਦਿ ਬਣਾਏ ਜਾਂਦੇ ਹਨ