ਹਰਚੋਵਾਲ ਦੇ ਕਿਸਾਨ ਨਵਤੇਜ ਸਿੰਘ ਨੇ ਹਲਦੀ ਦੀ ਸਫ਼ਲ ਕਾਸ਼ਤ ਕਰ ਕੇ ਕਿਸਾਨਾਂ ਲਈ ਮਿਸਾਲ ਪੈਦਾ ਕੀਤੀ
ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਨਿਕਲਣ ਦੀ ਕੀਤੀ ਅਪੀਲ
ਸ੍ਰੀ ਹਰਗੋਬਿੰਦਪੁਰ ਸਾਹਿਬ/ਵਡਾਲਾ ਗ੍ਰੰਥੀਆਂ (ਅਗਮਦੀਪ ਬੇਦੀ, ਡਾ. ਹਰਦੇਵ ਸਿੰਘ) : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਰਚੋਵਾਲ ਦੇ ਕਿਸਾਨ ਨਵਤੇਜ ਸਿੰਘ ਨੇ ਖੇਤੀ ਖੇਤਰ ਵਿਚ ਨਵੀਆਂ ਪੈੜਾਂ ਪਾਉਂਦਿਆਂ ਹਲਦੀ ਦੀ ਸਫ਼ਲ ਕਾਸ਼ਤ ਕਰ ਕੇ ਮਿਸਾਲ ਪੈਦਾ ਕੀਤੀ ਹੈ। ਕੁੱਝ ਸਾਲ ਪਹਿਲਾਂ ਤਕ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਪਏ ਕਿਸਾਨ ਨਵਤੇਜ ਸਿੰਘ ਨੂੰ ਜਦੋਂ ਇਹ ਮਹਿਸੂਸ ਹੋਇਆ ਕਿ ਉਸ ਨੂੰ ਅਪਣੀ ਆਮਦਨੀ ਵਧਾਉਣ ਲਈ ਇਸ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਹੋਰ ਫ਼ਸਲਾਂ ਦੀ ਪੈਦਾਵਾਰ ਕਰਨੀ ਚਾਹੀਦੀ ਹੈ ਤਾਂ ਫਿਰ ਉਸ ਨੇ ਇਸ ਬਾਰੇ ਸੋਚਣਾ ਸ਼ੁਰੂ ਕੀਤਾ।
ਇਸ ਤੋਂ ਬਾਅਦ ਨਵਤੇਜ ਸਿੰਘ ਨੇ ਗੁਰਦਾਸਪੁਰ ਵਿਖੇ ਬਾਗਬਾਨੀ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਕੋਲੋਂ ਬਾਗਬਾਨੀ ਅਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਜਾਣਕਾਰੀ ਹਾਸਲ ਕੀਤੀ। ਬਾਗਬਾਨੀ ਵਿਭਾਗ ਨੇ ਉਸ ਨੂੰ ਹਲਦੀ ਕਾਸ਼ਤ ਕਰਨ ਦੀ ਸਲਾਹ ਦਿਤੀ। ਇਸ ਸਬੰਧੀ ਉਸ ਨੇ ਬਾਗਬਾਨੀ ਵਿਭਾਗ ਕੋਲੋਂ ਹਲਦੀ ਦੀ ਕਾਸ਼ਤ ਅਤੇ ਇਸ ਨੂੰ ਪ੍ਰੋਸੈਸਿੰਗ ਕਰਨ ਦੀ ਸਿਖਲਾਈ ਵੀ ਲਈ।
ਤਿੰਨ ਸਾਲ ਪਹਿਲਾਂ ਕਿਸਾਨ ਨਵਤੇਜ ਸਿੰਘ ਅਪਣੇ ਖੇਤਾਂ ਵਿਚ 4 ਏਕੜ ਹਲਦੀ ਦੀ ਕਾਸ਼ਤ ਕੀਤੀ ਅਤੇ ਨਾਲ ਹੀ ਹਲਦੀ ਨੂੰ ਪ੍ਰੋਸੈਸਿੰਗ ਕਰਨ ਦਾ ਯੂਨਿਟ ਵੀ ਲਗਾ ਲਿਆ। ਇਸ ਤੋਂ ਬਾਅਦ ਉਸ ਨੇ ਹਲਦੀ ਪਾਊਡਰ ਦੀ ਪੈਕਿੰਗ ਕਰ ਕੇ ‘‘ਸਾਂਝ ਫ਼ੂਡ” ਦੇ ਬ੍ਰੈਂਡ ਹੇਠਾਂ ਅਪਣੇ ਉਤਪਾਦ ਦਾ ਨਾਮ ਰਜਿਸਟਰਡ ਕਰਵਾ ਕੇ ਬਾਜ਼ਾਰ ਵਿਚ ਵੇਚਣਾ ਸ਼ੁਰੂ ਕਰ ਦਿਤਾ।
ਬਾਜ਼ਾਰ ਵਿਚੋਂ ਚੰਗਾ ਹੁੰਗਾਰਾ ਮਿਲਣ ’ਤੇ ਨਵਤੇਜ ਸਿੰਘ ਨੇ ਹਲਦੀ ਦੀ ਕਾਸ਼ਤ ਹੇਠ ਰਕਬਾ ਹੋਰ ਵੀ ਵਧਾ ਦਿਤਾ। ਹੁਣ ਉਹ ਅਪਣੇ ਪਿੰਡ ਦੇ ਹੋਰ ਕਿਸਾਨਾਂ ਨਾਲ ਮਿਲ ਕੇ 15 ਏਕੜ ਵਿਚ ਹਲਦੀ ਦੀ ਕਾਸ਼ਤ ਕਰਦੇ ਹਨ ਅਤੇ ਉਸ ਹਲਦੀ ਨੂੰ ਪ੍ਰੋਸੈੱਸ ਕਰ ਕੇ ਬਾਜ਼ਾਰ ਵਿਚ ਸਿੱਧਾ ਵੇਚਦੇ ਹਨ। ਹਲਦੀ ਦੀ ਉੱਚ ਗੁਣਵਤਾ ਅਤੇ ਉਸ ਦੇ ਬਰੈਂਡ ਨੂੰ ਬਾਜ਼ਾਰ ਵਿਚ ਮਕਬੂਲੀਅਤ ਮਿਲਣ ਤੋਂ ਬਾਅਦ ਉਸ ਦਾ ਨਾਮ ਹੁਣ ਹਲਦੀ ਪੈਦਾ ਕਰਨ ਵਾਲੇ ਮੋਹਰੀ ਕਿਸਾਨਾਂ ਵਿਚ ਗਿਣਿਆ ਜਾਣ ਲੱਗਾ ਹੈ।
ਕਿਸਾਨ ਨਵਤੇਜ ਸਿੰਘ ਦਸਦਾ ਹੈ ਕਿ ਹਲਦੀ ਦੀ ਫ਼ਸਲ ਨੂੰ ਅਪ੍ਰੈਲ ਮਹੀਨੇ ਵਿਚ ਬੀਜਿਆ ਜਾਂਦਾ ਹੈ ਅਤੇ ਫ਼ਰਵਰੀ ਮਹੀਨੇ ਪੁਟਾਈ ਕੀਤੀ ਜਾਂਦੀ ਹੈ। ਪੁਟਾਈ ਤੋਂ ਉਪਰੰਤ ਹਲਦੀ ਨੂੰ ਸਾਫ਼ ਕਰ ਕੇ ਹਲਦੀ ਪ੍ਰੋਸੈਸਿੰਗ ਪਲਾਂਟ ਵਿਚ ਧੋਇਆ ਜਾਂਦਾ ਹੈ। ਧੋਣ ਉਪਰੰਤ ਹਲਦੀ ਨੂੰ ਉਬਾਲਿਆ ਜਾਂਦਾ ਹੈ। ਉਬਾਲਣ ਤੋਂ ਬਾਅਦ ਹਲਦੀ ਨੂੰ ਸੁਕਾ ਕੇ ਗਰਾਇੰਡ ਕੀਤਾ ਜਾਂਦਾ ਹੈ।
ਫਿਰ ਇਸ ਹਲਦੀ ਪਾਊਡਰ ਦੀ ਪੈਕਿੰਗ ਕਰ ਕੇ ‘‘ਸਾਂਝ ਫ਼ੂਡ” ਦੇ ਬ੍ਰੈਂਡ ਹੇਠਾਂ ਬਜ਼ਾਰ ਵਿਚ ਵੇਚਿਆ ਜਾਂਦਾ ਹੈ। ਨਵਤੇਜ ਸਿੰਘ ਦਸਦੇ ਹਨ ਕਿ ਕਣਕ-ਝੋਨੇ ਦੇ ਮੁਕਾਬਲੇ ਹਲਦੀ ਦੀ ਕਾਸ਼ਤ ਨਾਲ ਉਸ ਦੀ ਆਮਦਨ ਵਿਚ ਵਾਧਾ ਹੋਇਆ ਹੈ ਅਤੇ ਉਹ ਹੋਰ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਵੀ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਹੋਰ ਫ਼ਸਲਾਂ ਦੀ ਕਾਸ਼ਤ ਕਰਨ। ਉਨ੍ਹਾਂ ਕਿਹਾ ਕਿ ਅਪਣੀ ਉਪਜ ਨੂੰ ਪ੍ਰੋਸੈੱਸ ਕਰ ਕੇ ਜਦੋਂ ਅਸੀਂ ਬਜ਼ਾਰ ਵਿਚ ਵੇਚਦੇ ਹਾਂ ਤਾਂ ਇਸ ਦਾ ਬਹੁਤ ਫ਼ਾਇਦਾ ਹੁੰਦਾ ਹੈ।