ਕਿਸਾਨ ਜਥੇਬੰਦੀਆਂ ਵਲੋਂ ਅੱਜ ਕੀਤਾ ਜਾਵੇਗਾ ਰੋਸ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਦੀ ਮੰਗਾਂ ਸਬੰਧੀ ਪੱਤਰ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਜਾ ਚੁਕਾ ਹੈ

File Photo

ਚੰਡੀਗੜ੍ਹ, 9 ਅਗੱਸਤ (ਨੀਲ ਭਲਿੰਦਰ ਸਿੰਘ): ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਜੋ ਪੰਜਾਬ ਚੈਪਟਰ ਵਿਚ ਸ਼ਾਮਲ ਹਨ, ਵਲੋਂ 10 ਅਗੱਸਤ ਨੂੰ ਸਾਰੇ ਪੰਜਾਬ ਵਿਚ ਅਸੈਂਬਲੀ ਅਤੇ ਸੰਸਦ ਦੇ ਚੁਣੇ ਹੋਏ ਭਾਜਪਾ, ਕਾਂਗਰਸ, ਅਕਾਲੀਆਂ, ਆਮ ਆਦਮੀ ਪਾਰਟੀ ਅਤੇ ਆਜ਼ਾਦ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀਆਂ ਦੇ ਦਫ਼ਤਰਾਂ ਜਾਂ ਘਰਾਂ ਤਕ ਮੋਟਰਸਾਈਕਲਾਂ, ਕਾਰਾਂ, ਜੀਪਾਂ, ਸਕੂਟਰਾਂ ਅਤੇ ਸਕੂਟਰੀਆਂ 'ਤੇ ਸਵਾਰ ਹੋ ਕੇ ਰੋਸ ਮਾਰਚ ਕਰਨ ਦੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ।

ਪੰਜਾਬ ਭਰ ਵਿਚੋਂ ਇਕੱਤਰ ਰੀਪੋਰਟ ਦੀ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦਿਆਂ ਪੰਜਾਬ ਚੈਪਟਰ ਦੇ ਕਨਵੀਨਰ ਡਾ: ਦਰਸ਼ਨ ਪਾਲ ਨੇ ਦਸਿਆ ਕਿ ਰੋਸ ਮਾਰਚ ਕਰਨ ਉਪਰੰਤ ਉਨ੍ਹਾਂ ਨੂੰ ਭਾਰਤ ਭਰ ਦੇ ਕਿਸਾਨਾਂ ਦੇ ਮਸਲਿਆਂ ਅਤੇ ਮੁੱਦਿਆਂ ਦਾ ਚਿੱਠਾ ਜੋ 9 ਸੂਤਰੀ ਮੰਗ ਪੱਤਰ ਜੋ ਪਹਿਲਾਂ ਹੀ ਇਕ ਚਿੱਠੀ ਦੇ ਰੂਪ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਜਾ ਚੁਕਾ ਹੈ। ਉਨ੍ਹਾਂ ਨੂੰ ਸੌਂਪਿਆ ਜਾਵੇਗਾ ਅਤੇ ਉਸ ਦੇ ਇਕ ਚਿਤਾਵਨੀ ਪੱਤਰ ਵੀ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਦਿਤਾ ਜਾਵੇਗਾ। ਚਿਤਾਵਨੀ ਪੱਤਰ ਵਿਚ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਚਿਤਾਵਨੀ ਦਿਤੀ ਜਾਵੇਗੀ ਕਿ ਜੇਕਰ ਉਹ ਨਾਲ ਨੱਥੀ ਕੀਤੇ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜੇ ਮੁੱਦਿਆਂ ਅਤੇ ਮਸਲਿਆਂ ਬਾਰੇ ਪਾਰਲੀਮੈਂਟ ਅਤੇ ਅਸੈਂਬਲੀ ਦੇ ਅੰਦਰ ਅਤੇ ਬਾਹਰ ਆਵਾਜ਼ ਉਠਾ ਕੇ ਅਤੇ ਸੰਘਰਸ਼ ਕਰ ਕੇ ਕਿਸਾਨ ਅਤੇ ਖੇਤੀ ਵਿਰੋਧੀ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਬਿਲ-2020 ਵਾਪਸ ਲੈਣ, ਡੀਜ਼ਲ ਦਾ ਰੇਟ ਅੱਧਾ ਕਰਾਉਣ ਅਤੇ ਪਟਰੌਲ ਦੀਆਂ ਕੀਮਤਾਂ ਘਟਾਉਣ, ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਤਹਿ ਕਰਵਾਉਣ, ਸਾਰੇ ਕਿਸਾਨਾਂ ਦੇ ਸਾਰੇ ਕਰਜ਼ਿਆਂ 'ਤੇ ਲੀਕ ਮਰਵਾਉਣ ਅਤੇ ਕਿਸਾਨਾਂ ਦੇ ਹੋਰ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਮਜਬੂਰ ਨਹੀਂ ਕਰਦੇ, ਤਾਂ ਆਉਣ ਵਾਲੇ ਦਿਨਾਂ ਵਿਚ ਉਹ ਪਿੰਡਾਂ ਵਿਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਲਈ ਤਿਆਰ ਰਹਿਣ।

ਇਨ੍ਹਾਂ ਮਾਰਚਾਂ ਅਤੇ ਧਰਨਿਆਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ,; ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਰਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ; ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ: ਦਰਸ਼ਨ ਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿੰਮਾ; ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਆਦਿ ਕਰਨਗੇ।