ਪੜ੍ਹੋ ਗਿੰਨੀ ਘਾਹ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਤੇ ਕਰੋ ਇਸ ਦੀ ਸੰਭਾਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਗਿੰਨੀ ਘਾਹ ਦਾ ਬਨਸਪਤੀ ਨਾਮ " ਮੈਗਾਥਾਈਰਸਿਸ ਮੈਕਸੀਮਸ " ਹੈ

Guinea grass

ਗਿੰਨੀ ਘਾਹ ਦਾ ਬਨਸਪਤੀ ਨਾਮ " ਮੈਗਾਥਾਈਰਸਿਸ ਮੈਕਸੀਮਸ " ਹੈ । ਇਹ ਪਸ਼ੂਆਂ ਦੇ ਚਾਰੇ ਅਤੇ ਅਚਾਰ ਬਣਾਉਣ ਲਈ ਵਰਤਿਆਂ ਜਾਂਦਾ ਹੈ।ਇਹ 3-4 ਮੀਟਰ ਲੰਬੀ ਸਦਾਬਹਾਰ ਘਾਹ ਹੈ।ਇਸ ਦੇ ਪੱਤਿਆਂ ਦੇ ਸਿਰੇ ਤਿੱਖੇ ਅਤੇ ਲੰਬੇ ਹੁੰਦੇ ਹਨ ਅਤੇ ਪੱਤਿਆਂ ਦੇ ਵਿੱਚਕਾਰਲੀ ਨਾੜੀ 1 ਸੈ:ਮੀ: ਚੌੜੀ ਹੁੰਦੀ ਹੈ। ਬੀਜ ਦਾ ਸਿਰਾ 40 ਸੈ:ਮੀ: ਲੰਬਾ, ਆਇਤਕਾਰ ਅਤੇ ਹਰੇ ਜਾਮਣੀ ਰੰਗ ਦਾ ਹੁੰਦਾ ਹੈ।ਇਹ ਊਸ਼ਣ ਕਟਬੰਦੀ ਅਫਰੀਕਾ,ਯਸਲ, ਪਲਿਸਤਿਨ ਅਤੇ ਭਾਰਤ ਵਿੱਚ ਪਾਇਆ ਜਾਂਦਾ ਹੈ। ਭਾਰਤ ਵਿੱਚ ਗਿੰਨੀ ਘਾਹ ਉਗਾਉਣ ਵਾਲਾ ਮੁੱਖ ਰਾਜ ਪੰਜਾਬ ਹੈ।

ਮਿੱਟੀ - ਇਹ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਜਿੰਨਾਂ ਵਿੱਚ ਨਮੀ ਅਤੇ ਉਪਜਾਊ ਸ਼ਕਤੀ ਜਿਆਦਾ ਹੋਵੇ , ਵਿੱਚ ਉਗਾਈ ਜਾਂਦੀ ਹੈ। ਇਹ ਫਸਲ ਜਿਆਦਾ ਗਹਿਰੀ ਅਤੇ ਵਧੀਆ ਜਲ ਨਿਕਾਸ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਭਾਰੀ ਚੀਕਣੀ ਅਤੇ ਪਾਣੀ ਰੋਕਣ ਵਾਲੀ ਮਿੱਟੀ ਇਸ ਫਸਲ ਦੀ ਖੇਤੀ ਲਈ ਵਧੀਆ ਨਹੀ ਹੁੰਦੀ।ਇਸ ਫਸਲ ਦੇ ਵਿਕਾਸ ਲਈ ਹਲਕੀ ਸਿੰਚਾਈ ਵਧੀਆ ਹੁੰਦੀ ਹੈ।

ਖੇਤ ਦੀ ਤਿਆਰੀ - ਗਿੰਨੀ ਘਾਹ ਦੀ ਰੁਪਾਈ ਲਈ ਚੰਗੀ ਤਰਾਂ ਨਾਲ ਤਿਆਰ ਕੀਤੀ ਹੋਈ ਮਿੱਟੀ ਦੀ ਜਰੂਰਤ ਹੁੰਦੀ ਹੈ। ਹਲ ਨਾਲ ਜ਼ਮੀਨ ਨੂੰ ਚੰਗੀ ਤਰਾਂ ਪੱਧਰਾ ਕਰ ਲੈਣਾ ਚਾਹੀਦਾ ਹੈ। ਫਿਰ ਦੋ ਵਾਰ ਤਵੀਆਂ ਮਾਰ ਕੇ ਸੁਹਾਗੇ ਨੂੰ 2 ਵਾਰ ਖੇਤ ਨੂੰ ਪੱਧਰਾ ਕਰੋ। ਗਿੰਨੀ ਘਾਹ ਦੀ ਬਿਜਾਈ ਲਈ ਬੈੱਡ ਦੀ ਤਿਆਰੀ ਜਰੂਰੀ ਚਾਹੀਦੀ ਹੈ।

ਬਿਜਾਈ ਦਾ ਸਮਾਂ - ਇਸ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ।

ਫਾਸਲਾ - ਫਸਲ ਦੇ ਵਿਕਾਸ ਅਤੇ ਵਧੀਆ ਵਾਧੇ ਲਈ ਫਾਸਲਾ 50x30 ਸੈ:ਮੀ:ਅਤੇ 90x45 ਸੈ:ਮੀ: ਰੱਖੋ।

ਬੀਜ ਦੀ ਡੂੰਘਾਈ - ਇਸ ਦੀ ਬਿਜਾਈ ਹੱਥਾਂ ਨਾਲ ਛਿੱਟਾ ਦੇ ਕੇ ਕੀਤੀ ਜਾਂਦੀ ਹੈ।

ਬਿਜਾਈ ਦਾ ਢੰਗ - ਇਸ ਦੀ ਬਿਜਾਈ ਲਈ ਕੇਰਾ ਢੰਗ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦੀ ਬਿਜਾਈ ਛਿੱਟੇ ਨਾਲ ਵੀ ਕੀਤੀ ਜਾਂਦੀ ਹੈ।
ਬੀਜ ਦੀ ਮਾਤਰਾ - ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ।

ਬੀਜ ਦਾ ਉਪਚਾਰ - ਵਧੀਆ ਪੁੰਗਰਣ ਲਈ ਬਿਜਾਈ ਤੋਂ ਪਹਿਲਾ ਸਲਫਿਊਰਿਕ ਐਸਿਡ ਨਾਲ 10 ਮਿੰਟ ਤੱਕ ਬੀਜਾਂ ਦੀ ਸੋਧ ਕਰੋ। ਰਸਾਇਣਾ ਨਾਲ ਸੋਧਣ ਤੋਂ ਬਾਅਦ ਬਿਜਾਈ ਦੇ ਲਈ ਬੀਜਾਂ ਦੀ ਵਰਤੋ ਕਰੋ।
ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ
ਬੀਜ ਬੀਜਣ ਤੋਂ ਪਹਿਲਾਂ ਜ਼ਮੀਨ ਬਿੱਲਕੁੱਲ ਚੰਗੀ ਤਰਾਂ ਤਿਆਰ ਕਰ ਲਉ। ਸਹੀ ਲੰਬਾਈ ਅਤੇ ਚੌੜਾਈ ਦੇ ਬੈੱਡ ਤੇ ਬੀਜ ਨੂੰ ਬੀਜਣਾ ਚਾਹੀਦਾ ਹੈ। ਬੀਜ ਨੂੰ 1-2 ਸੈ:ਮੀ: ਦੀ ਡੂੰਘਾਈ ਤੇ ਬੀਜੋ।ਬਿਜਾਈ ਤੋਂ ਬਾਅਦ ਨਮੀ ਬਣਾਈ ਰੱਖਣ ਲਈ ਪਤਲੇ ਕੱਪੜੇ ਨਾਲ ਬੈੱਡ ਨੂੰ ਢੱਕ ਦਿਓ।

ਬਿਜਾਈ ਤੋਂ 35-45 ਦਿਨ ਬਾਅਦ ਬੀਜ ਪੁੰਗਰ ਕੇ 3-4 ਪੱਤੀਆਂ ਦੇ ਨਾਲ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ। ਰੁਪਾਈ ਮਾਨਸੂਨ ਦੇ ਆਉਣ ਤੋਂ ਪਹਿਲਾਂ ਜਾਂ ਉਸ ਵੇਲੇ ਕਰਨੀ ਚਾਹੀਦੀ ਹੈ, ਜਦੋਂ ਸਿੰਚਾਈ ਦੇ ਸਾਧਨ ਮੌਜੂਦ ਹੋਣ। ਰੁਪਾਈ ਤੋਂ 24 ਘੰਟੇ ਪਹਿਲਾਂ ਬੈੱਡਾਂ  ਨੂੰ ਪਾਣੀ ਦੇਣਾ ਜਰੂਰੀ ਹੁੰਦਾ ਹੈ ਤਾਂ ਕਿ ਰੁਪਾਈ ਕਰਦੇ ਸਮੇਂ ਪੌਦਿਆਂ ਨੂੰ ਅਸਾਨੀ ਨਾਲ ਪੁੱਟਿਆ ਜਾ ਸਕੇ।

ਨਦੀਨਾਂ ਦੀ ਰੋਕਥਾਮ - ਨਦੀਨਾਂ ਦੀ ਰੋਕਥਾਮ ਲਈ ਨਿਯਮਿਤ ਸਮੇਂ ਦੇ ਫਾਸਲੇ ਤੇ ਖੇਤ ਨੂੰ ਨਦੀਨ ਮੁਕਤ ਕਰਨਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਐਟਰਾਟਾਫ 50 ਡਬਲਿਯੂ ਪੀ 500 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਮਿੱਟੀ ਦੇ ਤਾਪਮਾਨ ਨੂੰ ਘੱਟ ਕਰਨ ਅਤੇ  ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਵੀ ਵਧੀਆ ਉਪਾਅ ਹੈ।

ਸਿੰਚਾਈ - ਗਰਮੀਆਂ ਦੀ ਰੁੱਤ ਵਿੱਚ ਜਿਆਦਾ ਸਿੰਚਾਈ ਦੀ ਜਰੂਰਤ ਹੁੰਦੀ ਹੈ।ਬਿਜਾਈ ਦੇ 10 ਦਿਨਾਂ ਦੇ ਫਾਸਲੇ ਤੇ ਸਤੰਬਰ-ਨਵੰਬਰ ਮਹੀਨੇ ਵਿੱਚ ਸਿੰਚਾਈ ਕਰੋ।ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ।ਦੂਜੀ ਸਿੰਚਾਈ ਪਹਿਲੀ ਸਿੰਚਾਈ ਤੋਂ 4-6 ਦਿਨਾਂ ਦੇ ਬਾਅਦ ਕਰੋ। ਮੀਹ ਦੀ ਰੁੱਤ ਵਿੱਚ ਸਿੰਚਾਈ ਦੀ ਜਰੂਰਤ ਨਹੀਂ ਹੁੰਦੀ ਹੈ ।ਖੇਤਾਂ ਵਿੱਚ ਜਿਆਦਾ ਪਾਣੀ ਨਾ ਲਗਾਉ ਕਿਉਕਿ ਗਿੰਨੀ ਘਾਹ ਦੀ ਫਸਲ ਜਿਆਦਾ ਪਾਣੀ ਸਹਾਰਣਯੋਗ ਨਹੀ ਹੁੰਦੀ ਹੈ।

ਸਿੰਚਾਈਆਂ ਦੀ ਗਿਣਤੀ    ਬਿਜਾਈ ਤੋਂ ਬਾਅਦ ਫਾਸਲਾ ( ਦਿਨਾਂ ਵਿੱਚ)
ਪਹਿਲੀ ਸਿੰਚਾਈ              ਬਿਜਾਈ ਤੋਂ ਤੁਰੰਤ ਬਾਅਦ
ਦੂਜੀ ਸਿੰਚਾਈ              ਬਿਜਾਈ ਤੋਂ 4-6 ਦਿਨਾਂ ਬਾਅਦ

ਕੀੜੇ - ਮਕੌੜੇ ਅਤੇ ਉਹਨਾਂ ਦੀ ਰੋਕਥਾਮ:
ਘਾਹ ਦਾ ਟਿੱਡਾ: ਘਾਹ ਦਾ ਟਿੱਡਾ ਤਾਜ਼ੇ ਪੱਤਿਆਂ ਨੂੰ ਆਪਣੇ ਭੋਜਨ ਦੇ ਰੂਪ ਵਿੱਚ ਵਰਤਦਾ ਹੈ ਜਿਸ ਨਾਲ ਸਾਰਾ ਪੌਦਾ ਨਸ਼ਟ ਹੋ ਜਾਂਦਾ ਹੈ।
ਰੋਕਥਾਮ- ਇਸ ਦਾ ਹਮਲਾ ਦਿਖਣ ਤੇ ਕਾਰਬਰਿਲ 50 ਡਬਲਿਯੂ ਪੀ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।

ਪੱਤਿਆਂ ਤੇ ਧੱਬੇ
ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:
ਪੱਤਿਆਂ ਤੇ ਧੱਬੇ: ਇਹ ਬਿਮਾਰੀ ਪੌਦੇ ਦਿਆ ਪੱਤਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਹਨਾਂ ਤੇ ਧੱਬੇ ਬਣਾ ਦਿੰਦੀ ਹੈ ਜੋ ਬਾਅਦ ਵਿੱਚ ਕਾਲੇ ਰੰਗ ਦੇ ਹੋ ਜਾਂਦੇ ਹਨ।
ਰੋਕਥਾਮ:ਜੇਕਰ ਖੇਤ ਵਿੱਚ ਇਸਦਾ ਨੁਕਸਾਨ ਦਿਖੇ ਤਾਂ ਕੋਪਰ ਆਕਸੀਕਲੋਰਾਈਡ 300 ਗ੍ਰਾਮ ਨੂੰ 200 ਲੀਟਰ ਜਾਂ ਮੈਂਨਕੋਜ਼ਿਬ 250 ਗ੍ਰਾਮ ਨੂੰ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ 15 ਦਿਨਾਂ ਦੇ ਫਾਸਲੇ ਤੇ 3-4 ਵਾਰ ਸਪਰੇਅ ਕਰੋ। 

ਗੂੰਦੀਆਂ ਰੋਗ: ਇਹ ਫਫੂੰਦੀ (ਫੰਗਸ) ਰੋਗ " ਕਲੈਵੀਸੈਪਸ ਪਿਊਪਿਊਰੀਆ" ਤੋਂ ਹੁੰਦਾ ਹੈ ਜੋ ਕਿ ਫਸਲ ਦੇ ਮੁੱਖ ਭਾਗ ਨੂੰ ਪ੍ਰਭਾਵਿਤ ਕਰਦਾ ਹੈ।
ਰੋਕਥਾਮ: ਇਸ ਰੋਗ ਤੋਂ ਬਚਾਉਣ ਲਈ ਫੰਗਸਨਾਸ਼ੀ ਦਵਾਈਆ ਨਾਲ ਸੋਧ ਜਰੂਰੀ ਹੈ।

ਕਾਲੇ ਧੱਬਿਆਂ ਦਾ ਰੋਗ: ਇਹ ਰੋਗ ਮੁੱਖ ਤੌਰ ਤੇ ਅਨਾਜ ਅਤੇ ਚਾਰੇ ਵਾਲੀਆਂ ਫਸਲਾਂ ਦਾ ਨੁਕਸਾਨ ਕਰਦਾ ਹੈ। ਇਸ ਨਾਲ ਪੌਦੇ ਦੇ ਪੱਤਿਆਂ ਤੇ ਕਾਲੇ ਦਾਣੇਦਾਰ ਧੱਬੇ ਬਣ ਜਾਂਦੇ ਹਨ।
ਰੋਕਥਾਮ: ਕਾਲੇ ਧੱਬੇ ਦੇ ਰੋਗ ਦੀ ਰੋਕਥਾਮ ਦੇ ਲਈ ਫੰਗਸਨਾਸ਼ੀ ਦਵਾਈ ਦੀ ਵਰਤੋ ਕਰਨੀ ਚਾਹੀਦੀ ਹੈ।

ਮੁਰਝਾਉਣਾ:  ਇਹ ਰੋਗ ਜੜਾਂ ਤੋਂ ਪੱਤਿਆਂ ਤੱਕ ਪਾਣੀ ਜਾਣ ਤੋ ਰੋਕਦਾ ਹੈ ਜਿਸ ਕਰਕੇ ਪੱਤੇ ਪੀਲੇ ਪੈ ਜਾਂਦੇ ਹਨ।
ਰੋਕਥਾਮ: ਇਸ ਬਿਮਾਰੀ ਦੀ ਰੋਕਥਾਮ ਲਈ ਥਾਇਉਫਨੇਟ ਮਿਥਾਈਲ 10 ਗ੍ਰਾਮ ਅਤੇ ਯੂਰੀਆ 50 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਘੋਲ ਤਿਆਰ ਕਰ ਲਓ ਅਤੇ ਪੌਦੇ ਦੇ ਨਜ਼ਦੀਕ ਪਾਉ।

ਫਸਲ ਦੀ ਕਟਾਈ - ਮੁੱਖ ਤੌਰ ਤੇ ਬਿਜਾਈ ਤੋਂ 55 ਦਿਨਾਂ ਬਾਅਦ ਫਸਲ ਦੀ ਕਟਾਈ ਕਰ ਲਈ ਜਾਂਦੀ ਹੈ। ਅਲੱਗ-ਅਲੱਗ ਫਾਸਲੇ ਤੇ 5-7 ਵਾਰ ਕਟਾਈ ਕੀਤੀ ਜਾਂਦੀ ਹੈ। ਪਹਿਲੀ ਕਟਾਈ 55 ਦਿਨਾਂ ਤੋ ਬਾਅਦ, ਦੂਸਰੀ ਕਟਾਈ ਅਗਲੇ  25-30 ਦਿਨਾਂ ਦੇ ਫਾਸਲੇ ਤੇ ਕੀਤੀ ਜਾਂਦੀ ਹੈ।ਕਟਾਈ ਜ਼ਮੀਨ ਦੇ ਨੇੜੇ ਤੋਂ ਕਰਨੀ ਚਾਹੀਦੀ ਹੈ ਇਸ ਨਾਲ ਝਾੜ ਵੱਧ ਨਿੱਕਲਦਾ ਹੈ।