ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਵਿਚ ਮੰਦਵਾੜੇ ਤੋਂ ਸਿਰਫ਼ ਖੇਤੀਬਾੜੀ ਦਾ ਕਾਰੋਬਾਰ ਹੀ ਬਚਿਆ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

'ਉੱਤਮ ਖੇਤੀ, ਮੱਧਮ ਵਪਾਰ ਤੇ ਨਖਿੱਧ ਚਾਕਰੀ'

Agriculture

ਸੰਗਰੂਰ  : ਪੰਜਾਬ ਦੀ ਬਹੁਤ ਪੁਰਾਣੀ ਕਹਾਵਤ ਮੁਤਾਬਕ ਇਹ ਲੰਮਾ ਸਮੇ ਤੋਂ ਕਿਹਾ ਜਾਂਦਾ ਰਿਹਾ ਹੈ ਕਿ 'ਉਤਮ ਖੇਤੀ, ਮੱਧਮ ਵਪਾਰ ਤੇ ਨਖਿੱਧ ਚਾਕਰੀ' ਇਸ ਦਾ ਸਾਫ਼ ਅਤੇ ਸਪਸ਼ਟ ਅਰਥ ਇਹ ਸੀ ਕਿ ਪੰਜਾਬ ਅੰਦਰ ਖੇਤੀਬਾੜੀ ਦਾ ਧੰਦਾ ਸੱਭ ਤੋਂ ਵਧੀਆ, ਵਪਾਰ ਦਰਮਿਆਨਾ ਅਤੇ ਨੌਕਰੀ ਨੂੰ ਗੁਲਾਮੀ ਸਮਝਿਆ ਜਾਂਦਾ ਰਿਹਾ ਸੀ ਪਰ ਸਮੇਂ ਦੇ ਕਰਵਟ ਬਦਲਣ ਨਾਲ 21ਵੀਂ ਸਦੀ ਦੌਰਾਨ ਨੌਕਰੀ ਸੱਭ ਤੋਂ ਵਧੀਆ, ਵਪਾਰ ਦਰਮਿਆਨਾ ਅਤੇ ਖੇਤੀਬਾੜੀ ਸੱਭ ਤੋਂ ਹੇਠਲੇ ਪੱਧਰ 'ਤੇ ਖਿਸਕ ਗਈ।

ਪਰ ਦੇਸ਼ ਅੰਦਰ ਮਾਰਚ 2020 ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਪੱਧਰ ਦੇ ਕੋਰੋਨਾ ਮਹਾਂਮਾਰੀ ਸੰਕਟ ਦੇ ਕਰਫ਼ਿਊ ਅਤੇ ਤਾਲਾਬੰਦੀ ਨੇ ਦੇਸ਼ ਦੇ ਅਰਥਚਾਰੇ ਦੀਆਂ ਚੂਲਾਂ ਬੁਰੀ ਤਰ੍ਹਾਂ ਢਿੱਲੀਆਂ ਕਰ ਦਿਤੀਆਂ ਹਨ ਜਿਸ ਦੇ ਚਲਦਿਆਂ ਪਹਿਲੀ ਤਿਮਾਹੀ ਦੌਰਾਨ ਘਰੇਲੁ ਪੈਦਾਵਾਰ (ਜੀਡੀਪੀ) ਵਿਚ 23.9 ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਭਾਰਤੀ ਅਰਥਚਾਰੇ ਦੇ ਮਨਫੀ ਰਹਿਣ ਦਾ ਅਨੁਮਾਨ ਹੈ ਕਿਉਂਕਿ ਲਾਕਡਾਊਨ ਦੌਰਾਨ ਵਿੱਤੀ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ।

ਕੋਵਿਡ-19 ਤਾਲਾਬੰਦੀ ਦੌਰਾਨ ਦੁਨੀਆਂ ਦੇ ਸੱਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਅਰਥਚਾਰਿਆਂ ਵਿਚ ਭਾਰਤ, ਇੰਗਲੈਂਡ ਅਤੇ ਸਪੇਨ ਸ਼ਾਮਲ ਹਨ ਜਿਥੇ ਤਕਰੀਬਨ ਹਰ ਖੇਤਰ ਨੂੰ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਪਰ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਇਸ ਸਮੁੱਚੇ ਵਰਤਾਰੇ ਦੌਰਾਨ ਦੇਸ਼ ਵਿਚ ਮੰਦਵਾੜੇ ਤੋਂ ਸਿਰਫ਼ ਖੇਤੀਬਾੜੀ ਦਾ ਕਾਰੋਬਾਰ ਹੀ ਬਚਿਆ ਰਿਹਾ ਜਦਕਿ ਦੇਸ਼ ਅੰਦਰ ਵਪਾਰ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਅਤੇ 14 ਕਰੋੜ ਲੋਕਾਂ ਦੀਆਂ ਨੌਕਰੀਆਂ ਵੀ ਜਾਂਦੀਆਂ ਰਹੀਆਂ ਜਿਹੜੀਆਂ ਨੌਕਰੀਆਂ ਬਚੀਆਂ ਰਹੀਆਂ, ਉਨ੍ਹਾਂ ਦੀਆਂ ਤਨਖਾਹਾਂ 'ਤੇ ਵੀ 50 ਫ਼ੀ ਸਦੀ ਤਕ ਕੱਟ ਲਗਾਇਆ ਗਿਆ ਹੈ।

ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ 'ਖੇਤੀ ਹੁਣ ਵੀ ਸੱਭ ਤੋਂ ਉੱਤਮ' ਧੰਦਾ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਦੀਆਂ ਦਾਣਾ ਮੰਡੀਆਂ ਅਤੇ ਉਨ੍ਹਾਂ ਦੇ ਖੇਤਾਂ ਵਿਚ ਕਿਸੇ ਪ੍ਰਕਾਰ ਦੀ ਕੋਈ ਵੀ ਕਿਸਾਨ ਗਤੀਵਿਧੀ ਪ੍ਰਭਾਵਤ ਨਹੀਂ ਹੋਈ। ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਦੌਰਾਨ ਕਿਸਾਨਾਂ ਨੂੰ ਕਰਫ਼ਿਊ ਅਤੇ ਤਾਲਾਬੰਦੀ ਦੌਰਾਨ ਸੂਬਾ ਸਰਕਾਰ ਵਲੋਂ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿਤੀ ਗਈ। ਕਿਸਾਨੀ ਧੰਦੇ ਦੇ ਸਤਿਕਾਰ ਵਿਚ ਸਰਕਾਰ ਵਲੋਂ  ਕੋਵਿਡ-19 ਦੌਰਾਨ ਸਰਕਾਰ ਵਲੋਂ ਹਰ ਸਹਿਯੋਗ ਦਿਤਾ ਗਿਆ।