ਖੇਤੀ ਸੁਧਾਰਾਂ ਦਾ ਲਾਭ ਕਿਸਾਨਾਂ ਨੂੰ, ਵਿਚੋਲਿਆਂ ਨੂੰ ਕੀਤਾ ਜਾ ਰਿਹੈ 'ਸਿਸਟਮ' ਤੋਂ ਦੂਰ: ਮੋਦੀ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕਿਹਾ, ਪਹਿਲੀ ਵਾਰ ਫਲ, ਸਬਜ਼ੀਆਂ ਵਿਦੇਸ਼ਾਂ ਵਿਚ ਕੀਤੀਆਂ ਨਿਰਯਾਤ

PM Modi

ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਹਾਲ ਹੀ ਵਿਚ ਹੋਏ ਖੇਤੀਬਾੜੀ ਸੁਧਾਰਾਂ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਮਿਲਣ ਵਾਲਾ ਹੈ ਅਤੇ ਇਨ੍ਹਾਂ ਸੁਧਾਰਾਂ ਰਾਹੀਂ ਅੰਨਦਾਤਾ ਨੂੰ ਸਖ਼ਤ ਮਿਹਨਤ ਨਾਲ ਹੋਣ ਵਾਲੇ ਫਾਇਦੇ ਦਾ ਵੱਡਾ ਹਿੱਸਾ ਹੜਪਣ ਵਾਲੇ ਵਿਚੋਲਿਆਂ ਨੂੰ ਸਿਸਟਮ ਤੋਂ ਦੂਰ ਕੀਤਾ ਜਾ ਸਕੇਗਾ।

ਪ੍ਰਧਾਨ ਮੰਤਰੀ ਨੇ ਇਹ ਗੱਲਾਂ ਵੀਡੀਉ ਕਾਨਫ਼ਰੰਸ ਰਾਹੀਂ ਵਾਰਾਣਸੀ ਵਿਚ 600 ਕਰੋੜ ਰੁਪਏ ਤੋਂ ਵੱਧ ਦੇ 30 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਕਹੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਕਾਸ਼ੀ ਦੇ ਹਰ ਵਿਅਕਤੀ ਦੀਆਂ ਭਾਵਨਾਵਾਂ ਅਨੁਸਾਰ ਵਿਕਾਸ ਦੇ ਚੱਕਰ ਨੂੰ ਅੱਗੇ ਵਧਾਉਣ ਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ ਵਾਰਾਣਸੀ ਦੇ ਇਸ ਇਤਿਹਾਸਕ ਸ਼ਹਿਰ ਨੂੰ ਇਕ ਨਵੀਂ ਪਹਿਚਾਣ ਦਿੰਦਿਆਂ ਵੱਖ-ਵੱਖ ਖੇਤਰਾਂ ਵਿਚ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਹਨ।

ਉਨ੍ਹਾਂ ਕਿਹਾ ਕਿ ਸਿਹਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਖੇਤਰ ਵਿਚ ਬਨਾਰਸ ਵਿਚ “ਬੇਮਿਸਾਲ” ਕੰਮ ਕੀਤਾ ਗਿਆ ਹੈ ਅਤੇ ਹੁਣ ਇਹ ਪੂਰੇ ਪੂਰਵਚਲ ਖੇਤਰ ਲਈ ਸਿਹਤ ਸਹੂਲਤਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਪਿੰਡ, ਗ਼ਰੀਬ ਅਤੇ ਕਿਸਾਨੀ ਨੂੰ “ਆਤਮ-ਨਿਰਭਰਤਾ ਮੁਹਿੰਮ” ਦਾ ਸਭ ਤੋਂ ਵੱਡਾ ਥੰਮ ਅਤੇ ਲਾਭਪਾਤਰੀ ਦਸਦਿਆਂ ਮੋਦੀ ਨੇ ਕਿਹਾ ਕਿ ਹਾਲ ਹੀ ਵਿਚ ਹੋਏ ਖੇਤੀਬਾੜੀ ਸੁਧਾਰ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਵਾਲੇ ਹਨ।

ਕਿਸਾਨਾਂ ਦੇ ਨਾਮ ਉੱਤੇ ਕਿਸਾਨਾਂ ਦੀ ਸਖ਼ਤ ਮਿਹਨਤ ਨੂੰ ਹੜਪਣ ਵਾਲੇ ਵਿਚੋਲਿਆਂ ਨੂੰ ਸਿਸਟਮ ਤੋਂ ਦੂਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮਾਣ ਪ੍ਰਗਟਾਇਆ ਕਿ ਇਸ ਸਾਲ ਪਹਿਲੀ ਵਾਰ ਵਾਰਾਣਸੀ ਤੋਂ ਫਲ, ਸਬਜ਼ੀਆਂ ਅਤੇ ਝੋਨੇ ਦਾ ਵਿਦੇਸ਼ਾਂ ਵਿਚ ਨਿਰਯਾਤ ਕੀਤਾ ਗਿਆ ਹੈ।