Farmers Protest: ਕਿਸਾਨ ਮਾਰਚ ਦੇ ਮੱਦੇਨਜ਼ਰ ਅੰਬਾਲਾ ਦੇ ਸ਼ੰਭੂ ’ਚ ਪੰਜਾਬ-ਹਰਿਆਣਾ ਸਰਹੱਦ ਸੀਲ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਹਰਿਆਣਾ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਅੱਜ ਇਕ ਹੋਰ ਬੈਠਕ ਕਰਨ ਦਾ ਸੱਦਾ ਦਿਤਾ

Farmers Protest

Farmers Protest:  ਚੰਡੀਗੜ੍ਹ: ਕਿਸਾਨਾਂ ਵਲੋਂ 13 ਫ਼ਰਵਰੀ ਨੂੰ ਪ੍ਰਸਤਾਵਿਤ ‘ਦਿੱਲੀ ਚਲੋ’ ਮਾਰਚ ਤੋਂ ਪਹਿਲਾਂ ਹਰਿਆਣਾ ਦੇ ਅਧਿਕਾਰੀਆਂ ਨੇ ਅੰਬਾਲਾ ਨੇੜੇ ਸ਼ੰਭੂ ਵਿਖੇ ਪੰਜਾਬ ਨਾਲ ਲਗਦੀ ਸਰਹੱਦ ਨੂੰ ਸੀਲ ਕਰ ਦਿਤਾ ਹੈ। ਸਰਹੱਦ ’ਤੇ ਕੰਕਰੀਟ ਦੇ ਬੈਰੀਕੇਡ, ਰੇਤ ਦੀਆਂ ਬੋਰੀਆਂ, ਕੰਡਿਆਲੀਆਂ ਤਾਰਾਂ ਲਗਾਉਣ ਦੇ ਨਾਲ-ਨਾਲ ਹੀ ਦੰਗਾ ਵਿਰੋਧੀ ਗੱਡੀਆਂ ਸੜਕਾਂ ’ਤੇ ਰੱਖੀਆਂ ਗਈਆਂ ਹਨ। 

ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਬੈਰੀਕੇਡ ਸੁੱਟਣ ਤੋਂ ਰੋਕਣ ਲਈ ਘੱਗਰ ਫਲਾਈਓਵਰ ’ਤੇ ਸੜਕ ਦੇ ਦੋਵੇਂ ਪਾਸੇ ਲੋਹੇ ਦੀਆਂ ਚਾਦਰਾਂ ਲਗਾਈਆਂ ਗਈਆਂ ਹਨ। ਪਾਣੀ ਦੀਆਂ ਤੋਪਾਂ ਵਾਲੀਆਂ ਗੱੜੀਆਂ ਅਤੇ ‘ਵਜਰ’ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਘੱਗਰ ਦਰਿਆ ਦੇ ਤਲ ਦੀ ਖੁਦਾਈ ਵੀ ਕੀਤੀ ਗਈ ਹੈ ਤਾਂ ਜੋ ਇਸ ਨੂੰ ਪੈਦਲ ਵੀ ਪਾਰ ਨਾ ਕੀਤਾ ਜਾ ਸਕੇ। 

ਦਿੱਲੀ ਵਲ ਮਾਰਚ ਨੂੰ ਰੋਕਣ ਲਈ ਜੀਂਦ ਅਤੇ ਫਤਿਹਾਬਾਦ ਜ਼ਿਲ੍ਹਿਆਂ ਦੀਆਂ ਸਰਹੱਦਾਂ ’ਤੇ ਵੀ ਵਿਆਪਕ ਪ੍ਰਬੰਧ ਕੀਤੇ ਗਏ ਹਨ। ਫਤਿਹਾਬਾਦ ਜ਼ਿਲ੍ਹੇ ’ਚ ਪੁਲਿਸ ਨੇ ਜਾਖਲ ਇਲਾਕੇ ’ਚ ਸੜਕ ’ਤੇ ਕੰਕਰੀਟ ਬੈਰੀਕੇਡ ਲਗਾਏ ਤਾਂ ਕਿ ਪੰਜਾਬ ਤੋਂ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਵਲ ਜਾਣ ਤੋਂ ਰੋਕਿਆ ਜਾ ਸਕੇ। ਜ਼ਿਲ੍ਹੇ ਦੇ ਟੋਹਾਨਾ ਬਾਰਡਰ ’ਤੇ ਅਧਿਕਾਰੀਆਂ ਨੇ ਰੇਤ ਨਾਲ ਭਰੇ ਕੰਟੇਨਰ ਅਤੇ ਕੰਕਰੀਟ ਬੈਰੀਅਰ ਸਥਾਪਤ ਕੀਤੇ ਹਨ। ਜੀਂਦ ’ਚ ਹਰਿਆਣਾ-ਪੰਜਾਬ ਸਰਹੱਦ ਨਾਲ ਲਗਦੀਆਂ ਦੋ ਸੜਕਾਂ ਨੂੰ ਗੱਡੀਆਂ ਦੀ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਹੈ ਅਤੇ ਦੋ ਹੋਰ ਸੜਕਾਂ ’ਤੇ ਰੋਕ ਲਗਾ ਦਿਤੀ ਗਈ ਹੈ। 

ਹਰਿਆਣਾ ਸਰਕਾਰ ਨੇ ਸੱਤ ਜ਼ਿਲ੍ਹਿਆਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ’ਚ 11 ਤੋਂ 13 ਫ਼ਰਵਰੀ ਤਕ ਮੋਬਾਈਲ ਇੰਟਰਨੈੱਟ ਸੇਵਾਵਾਂ ਅਤੇ ਇਕੋ ਸਮੇਂ ਐਸ.ਐਮ.ਐਸ. ਸੇਵਾਵਾਂ ਮੁਅੱਤਲ ਕਰ ਦਿਤੀਆਂ ਹਨ। ਹਰਿਆਣਾ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਕੌਮੀ ਰਾਜਧਾਨੀ ਵਲ ਜਾਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਕੇਂਦਰ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ’ਤੇ ਚਰਚਾ ਕਰਨ ਲਈ 12 ਫ਼ਰਵਰੀ ਨੂੰ ਇਕ ਹੋਰ ਬੈਠਕ ਕਰਨ ਦਾ ਸੱਦਾ ਦਿਤਾ ਹੈ। 

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 13 ਫ਼ਰਵਰੀ ਨੂੰ 200 ਤੋਂ ਵੱਧ ਕਿਸਾਨ ਯੂਨੀਅਨਾਂ ਨੇ ‘ਦਿੱਲੀ ਚਲੋ’ ਦਾ ਐਲਾਨ ਕੀਤਾ ਸੀ ਤਾਂ ਜੋ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਰੰਟੀ ਦੇਣ ਸਮੇਤ ਕਈ ਮੰਗਾਂ ਮੰਨਣ ਲਈ ਕੇਂਦਰ ’ਤੇ ਦਬਾਅ ਪਾਇਆ ਜਾ ਸਕੇ। 
ਹਰਿਆਣਾ ਪੁਲਿਸ ਨੇ ਸਨਿਚਰਵਾਰ ਨੂੰ ਟ੍ਰੈਫਿਕ ਐਡਵਾਇਜ਼ਰੀ ਜਾਰੀ ਕਰ ਕੇ ਮੁਸਾਫ਼ਰਾਂ ਨੂੰ ਬਦਲਵੇਂ ਰਸਤੇ ਅਪਣਾਉਣ ਲਈ ਕਿਹਾ ਹੈ। ਕਿਸਾਨ ਅੰਬਾਲਾ-ਸ਼ੰਭੂ ਬਾਰਡਰ, ਖਨੌਰੀ-ਜੀਂਦ ਅਤੇ ਡੱਬਵਾਲੀ ਬਾਰਡਰ ਰਾਹੀਂ ਦਿੱਲੀ ਜਾਣ ਦੀ ਯੋਜਨਾ ਬਣਾ ਰਹੇ ਹਨ। 

ਅੰਬਾਲਾ ਅਤੇ ਕੈਥਲ ਜ਼ਿਲ੍ਹਿਆਂ ’ਚ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ ਅਤੇ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਗਈ ਹੈ। 
ਪੁਲਿਸ ਪਿੰਡਾਂ ਦੇ ਸਰਪੰਚਾਂ ਅਤੇ ਖਾਪ ਪੰਚਾਇਤਾਂ ਨਾਲ ਮੀਟਿੰਗਾਂ ਵੀ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਮਾਰਚ ’ਚ ਹਿੱਸਾ ਨਾ ਲੈਣ ਲਈ ਕਹਿ ਰਹੀ ਹੈ। 
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਦਿੱਲੀ ਵਲ ਮਾਰਚ ਕਰਨ ਤੋਂ ਰੋਕਣ ਲਈ ਪ੍ਰਬੰਧ ਕਰਨ ਲਈ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ। 

ਉਨ੍ਹਾਂ ਕਿਹਾ, ‘‘ਅਸੀਂ ਗੱਲਬਾਤ ਲਈ ਤਿਆਰ ਹਾਂ ਅਤੇ ਗੱਲਬਾਤ ਤੋਂ ਕਦੇ ਨਹੀਂ ਭੱਜਾਂਗੇ।’’ ਡੱਲੇਵਾਲ ਨੇ ਕਿਹਾ ਕਿ ਇਕ ਪਾਸੇ ਕੇਂਦਰ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਦੂਜੇ ਪਾਸੇ ਸੂਬਾ ਸਰਕਾਰ ਦਹਿਸ਼ਤ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਨੋਹਰ ਲਾਲ ਖੱਟਰ ਸਰਕਾਰ ਜੋ ਕਰ ਰਹੀ ਹੈ, ਉਹ ਮੰਦਭਾਗਾ ਅਤੇ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਦੌਰਾਨ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਰੰਟੀ ਦੇਣ ਦਾ ਵਾਅਦਾ ਕੀਤਾ ਸੀ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਵਿਰੁਧ ਦਰਜ ਕੇਸ ਵਾਪਸ ਲੈਣ ਦਾ ਵਾਅਦਾ ਕੀਤਾ ਸੀ। ਸਰਕਾਰ ਕਿਉਂ ਡਰਦੀ ਹੈ? ਵੱਡੀ ਗਿਣਤੀ ’ਚ ਬੈਰੀਕੇਡ ਲਗਾਏ ਜਾ ਰਹੇ ਹਨ। ਕੀ ਇਹ ਲੋਕਤੰਤਰ ਹੈ? ਉਨ੍ਹਾਂ ਨੇ ਇਕ ਵੀਡੀਉ ਸੰਦੇਸ਼ ’ਚ ਕਿਹਾ ਕਿ ਜੇਕਰ ਸਥਿਤੀ ਵਿਗੜਦੀ ਹੈ ਤਾਂ ਇਸ ਲਈ ਖੱਟਰ ਸਰਕਾਰ ਜ਼ਿੰਮੇਵਾਰ ਹੋਵੇਗੀ। 

ਕਿਸਾਨ ਅੰਦੋਲਨ ਤੋਂ ਪਹਿਲਾਂ ਉੱਤਰ-ਪੂਰਬੀ ਦਿੱਲੀ ’ਚ ਪਾਬੰਦੀ ਦੇ ਹੁਕਮ ਲਾਗੂ 
ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ’ਚ ਦਾਖਲ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਹੁਕਮ

ਨਵੀਂ ਦਿੱਲੀ : 13 ਫ਼ਰਵਰੀ ਨੂੰ ਕਿਸਾਨਾਂ ਦੇ ‘ਦਿੱਲੀ ਚਲੋ ਮਾਰਚ’ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦੇ ਉੱਤਰ-ਪੂਰਬੀ ਜ਼ਿਲ੍ਹਿਆਂ ’ਚ ਐਤਵਾਰ ਨੂੰ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਲਾਗੂ ਕਰ ਦਿਤੇ ਗਏ ਹਨ। ਲਗਭਗ 200 ਕਿਸਾਨ ਯੂਨੀਅਨਾਂ ਵਲੋਂ ਸੱਦੇ ‘ਦਿੱਲੀ ਚਲੋ ਮਾਰਚ’ ਦੇ ਹਿੱਸੇ ਵਜੋਂ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਤੋਂ ਵੱਡੀ ਗਿਣਤੀ ’ਚ ਕਿਸਾਨਾਂ ਦੇ ਮੰਗਲਵਾਰ ਨੂੰ ਕੌਮੀ ਰਾਜਧਾਨੀ ਵਲ ਮਾਰਚ ਕਰਨ ਦੀ ਉਮੀਦ ਹੈ। 

ਪੁਲਿਸ ਡਿਪਟੀ ਕਮਿਸ਼ਨਰ (ਉੱਤਰ-ਪੂਰਬੀ) ਜੋਏ ਟਿਰਕੀ ਵਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ, ‘‘ਅਸੀਂ ਅਪਰਾਧਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 144 (ਪਾਬੰਦੀ ਦੇ ਹੁਕਮ) ਲਾਗੂ ਕਰ ਦਿਤੀ ਹੈ। ਦਸਿਆ ਜਾ ਰਿਹਾ ਹੈ ਕਿ ਕੁੱਝ ਕਿਸਾਨ ਸੰਗਠਨਾਂ ਨੇ ਅਪਣੇ ਸਮਰਥਕਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 13 ਫ਼ਰਵਰੀ ਨੂੰ ਦਿੱਲੀ ਤਕ ਇਕੱਠੇ ਹੋਣ/ਮਾਰਚ ਕਰਨ ਦਾ ਸੱਦਾ ਦਿਤਾ ਹੈ। ਕਿਸੇ ਨੂੰ ਵੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।’’

ਹੁਕਮ ’ਚ ਕਿਹਾ ਗਿਆ ਹੈ ਕਿ ਕਿਸਾਨ ਅਪਣੀਆਂ ਮੰਗਾਂ ਪੂਰੀਆਂ ਹੋਣ ਤਕ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਿਸਾਨਾਂ ਵਲੋਂ ਵਿਖਾਏ ਗਏ ਵਿਵਹਾਰ ਅਤੇ ਅੜੀਅਲ ਰਵੱਈਏ ਨੂੰ ਵੇਖਦੇ ਹੋਏ ਇਸ ਗੱਲ ਦੀ ਸੰਭਾਵਨਾ ਹੈ ਕਿ ਕਿਸਾਨ/ਸਮਰਥਕ ਟਰੈਕਟਰਾਂ/ਟਰਾਲੀਆਂ/ਹਥਿਆਰਾਂ ਨਾਲ ਅਪਣੇ-ਅਪਣੇ ਜ਼ਿਲ੍ਹਿਆਂ ਤੋਂ ਦਿੱਲੀ ਵਲ ਕੂਚ ਕਰ ਸਕਦੇ ਹਨ।

ਕਿਸਾਨ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਉਤਰਾਖੰਡ, ਮੱਧ ਪ੍ਰਦੇਸ਼ ਅਤੇ ਹੋਰ ਸੰਭਾਵਤ ਖੇਤਰਾਂ ਤੋਂ ਵੀ ਆਉਣਗੇ। ਹੁਕਮ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਲਾਕੇ ਵਿਚ ਧਾਰਾ 144 ਲਾਗੂ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹੁਕਮ ਜਾਰੀ ਕੀਤੇ ਗਏ ਹਨ ਕਿ ਉੱਤਰ-ਪੂਰਬੀ ਜ਼ਿਲ੍ਹਾ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ’ਚ ਦਾਖਲ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।

ਇਹ ਹੁਕਮ ਦਿਤਾ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਜਾਂ ਪ੍ਰਦਰਸ਼ਨਕਾਰੀ ਨੂੰ ਹਥਿਆਰ, ਤਲਵਾਰਾਂ, ਤਿਸ਼ੂਲ, ਭਾਲੇ, ਡੰਡੇ, ਰਾਡ ਅਤੇ ਹੋਰ ਹਥਿਆਰ ਲਿਆਉਣ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ ਅਤੇ ਪੁਲਿਸ ਇਨ੍ਹਾਂ ਲੋਕਾਂ ਨੂੰ ਮੌਕੇ ’ਤੇ ਹੀ ਹਿਰਾਸਤ ’ਚ ਲੈਣ ਲਈ ਹਰ ਸੰਭਵ ਕੋਸ਼ਿਸ਼ ਕਰੇ। 

ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕੀ ਕਿਸਾਨਾਂ ਦੇ ਰਾਹ ’ਚ ਕਿੱਲਾਂ ਵਿਛਾਉਣਾ ‘ਅੰਮ੍ਰਿਤਕਾਲ’ ਹੈ ਜਾਂ ‘ਬੇਇਨਸਾਫ਼ੀਕਾਲ’? 
ਨਵੀਂ ਦਿੱਲੀ: ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਸਾਨਾਂ ਦੇ ਪ੍ਰਸਤਾਵਿਤ ‘ਦਿੱਲੀ ਚਲੋ’ ਮਾਰਚ ਤੋਂ ਪਹਿਲਾਂ ਕੌਮੀ ਰਾਜਧਾਨੀ ਦੀ ਸਰਹੱਦ ਨੇੜੇ ਕੁੱਝ ਥਾਵਾਂ ’ਤੇ ਬੈਰੀਕੇਡ ਅਤੇ ਕਿੱਲਾਂ ਲਗਾਏ ਜਾਣ ਦੀਆਂ ਰੀਪੋਰਟਾਂ ਨੂੰ ਲੈ ਕੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ। ਕਾਂਗਰਸ ਜਨਰਲ ਸਕੱਤਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਸਾਨਾਂ ਨੂੰ ਦਿੱਲੀ ’ਚ ਦਾਖਲ ਹੋਣ ਤੋਂ ਰੋਕਣ ਲਈ ਸੜਕਾਂ ’ਤੇ ਵਿਛਾਈਆਂ ਕਿੱਲਾਂ ਅਤੇ ਬੈਰੀਕੇਡਾਂ ਦੀ ਵੀਡੀਉ ਸਾਂਝੀ ਕਰਦਿਆਂ ਪੁਛਿਆ ਕਿ ਕਿਸਾਨਾਂ ਨਾਲ ਅਜਿਹਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ। 

ਵਾਡਰਾ ਨੇ ਪੋਸਟ ਕੀਤਾ, ‘‘ਕੀ ਕਿਸਾਨਾਂ ਦੇ ਰਾਹ ’ਚ ਕਿੱਲਾਂ ਵਿਛਾਉਣਾ ਅੰਮ੍ਰਿਤਕਾਲ ਹੈ ਜਾਂ ਬੇਇਨਸਾਫੀਕਾਲ? ਇਸ ਸੰਵੇਦਨਸ਼ੀਲ ਅਤੇ ਕਿਸਾਨ ਵਿਰੋਧੀ ਰਵੱਈਏ ਨੇ 750 ਕਿਸਾਨਾਂ ਦੀ ਜਾਨ ਲੈ ਲਈ ਸੀ। ਕਿਸਾਨਾਂ ਵਿਰੁਧ ਕੰਮ ਕਰਨਾ ਅਤੇ ਫਿਰ ਉਨ੍ਹਾਂ ਨੂੰ ਆਵਾਜ਼ ਨਾ ਚੁੱਕਣ ਦੇਣਾ ਕਿਸ ਤਰ੍ਹਾਂ ਦੀ ਸਰਕਾਰ ਦਾ ਲੱਛਣ ਹੈ?’’ ਉਨ੍ਹਾਂ ਕਿਹਾ, ‘‘ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ- ਨਾ ਐਮ.ਐਸ.ਪੀ. ਦਾ ਕਾਨੂੰਨ ਬਣਾਇਆ ਗਿਆ, ਨਾ ਹੀ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਗਈ- ਫਿਰ ਕਿਸਾਨ ਕਿੱਥੇ ਜਾਣਗੇ ਜੇ ਉਹ ਦੇਸ਼ ਦੀ ਸਰਕਾਰ ’ਚ ਨਹੀਂ ਆਉਣਗੇ?’’ ਕਾਂਗਰਸ ਆਗੂ ਨੇ ਪੋਸਟ ’ਚ ਕਿਹਾ, ‘‘ਪ੍ਰਧਾਨ ਮੰਤਰੀ ਜੀ! ਦੇਸ਼ ਦੇ ਕਿਸਾਨਾਂ ਨਾਲ ਅਜਿਹਾ ਵਿਵਹਾਰ ਕਿਉਂ ਕੀਤਾ ਜਾਂਦਾ ਹੈ? ਤੁਸੀਂ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਿਉਂ ਨਹੀਂ ਕਰਦੇ?’’ 

ਵਿਰੋਧ ਪ੍ਰਦਰਸ਼ਨ ਕਰਨ ਵਾਲੇ ਅਸਲੀ ਕਿਸਾਨ ਨਹੀਂ : ਭਾਜਪਾ ਆਗੂ
ਜੈਪੁਰ: ਭਾਰਤੀ ਜਨਤਾ ਪਾਰਟੀ (ਭਾਜਪਾ) ਕਿਸਾਨ ਮੋਰਚਾ ਦੇ ਕੌਮੀ ਸਕੱਤਰ ਰਾਮ ਨਰੇਸ਼ ਤਿਵਾੜੀ ਨੇ ਐਤਵਾਰ ਨੂੰ ਕਿਹਾ ਕਿ ਧਰਨੇ ਦੇਣ ਵਾਲੇ ਅਸਲ ’ਚ ਕਿਸਾਨ ਨਹੀਂ ਹਨ ਅਤੇ ਦੇਸ਼ ਬਾਰੇ ਨਹੀਂ ਸੋਚਦੇ ਅਤੇ ਸੋਚਦੇ ਨਹੀਂ ਹਨ। ਕਿਸਾਨਾਂ ਦੇ ਦਿੱਲੀ ਵਲ ਮਾਰਚ ਕਰਨ ਦੇ ਸੱਦੇ ਦਾ ਜ਼ਿਕਰ ਕਰਦਿਆਂ ਤਿਵਾੜੀ ਨੇ ਕਿਹਾ, ‘‘ਜੋ ਲੋਕ ਵਿਰੋਧ ਕਰ ਰਹੇ ਹਨ ਉਹ ਅਸਲ ’ਚ ਕਿਸਾਨ ਨਹੀਂ ਹਨ।

ਉਹ ਦੇਸ਼ ਬਾਰੇ ਨਹੀਂ ਚਿੰਤਨ ਅਤੇ ਵਿਚਾਰ ਨਹੀਂ ਕਰਦੇ ਹਨ, ਉਨ੍ਹਾਂ ਦੇ ਮਨਾਂ ਅੰਦਰ ਨਿੱਜੀ ਇੱਛਾਵਾਂ ਨੂੰ ਪੂਰੀਆਂ ਨਹੀਂ ਹੁੰਦੀਆਂ, ਉਹ ਇਸ ਲਈ ਪ੍ਰਦਰਸ਼ਨ ਕਰਦੇ ਹਨ।’’ਤਿਵਾੜੀ ਨੇ ਐਤਵਾਰ ਨੂੰ ਭਾਜਪਾ ਹੈੱਡਕੁਆਰਟਰ ’ਚ ਪੱਤਰਕਾਰਾਂ ਨੂੰ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕਦੇ ਵੀ ਲਾਲਚ ਦੇਣ ਵਾਲੇ ਕੰਮ ਨਹੀਂ ਕਰਦੀ। ਅਸੀਂ ਕਦੇ ਵੀ ਝੂਠੇ ਵਾਅਦੇ ਨਹੀਂ ਕਰਦੇ। ਅਸੀਂ ਉਹੀ ਕੀਤਾ ਜੋ ਅਸੀਂ ਕਿਹਾ ਸੀ।’’