'ਤੰਦਰੁਸਤ ਪੰਜਾਬ': ਹੁਣ ਦਾਣਾ ਮੰਡੀਆਂ ਵਿੱਚ ਨਹੀਂ ਉਡੇਗੀ ਧੂੜ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ 'ਤੰਦਰੁਸਤ ਪੰਜਾਬ' ਨੂੰ ਅੱਗੇ ਤੋਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀ ਦਿਸ਼ਾ...

Grain market

ਚੰਡੀਗੜ੍ਹ, 11 ਜੂਨ : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ 'ਤੰਦਰੁਸਤ ਪੰਜਾਬ' ਨੂੰ ਅੱਗੇ ਤੋਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀ ਦਿਸ਼ਾ ਵਿਚ ਅਹਿਮ ਪਹਿਲਕਦਮੀ ਕੀਤੀ ਹੈ, ਜਿਸ ਤਹਿਤ ਹੁਣ ਦਾਣਾ ਮੰਡੀਆਂ ਵਿਚ ਫ਼ਸਲਾਂ ਦੀ ਸਫ਼ਾਈ ਵੇਲੇ ਧੂੜ ਉਡਦੀ ਨਹੀਂ ਦਿਸੇਗੀ। ਬੋਰਡ ਨੇ ਅਜਿਹੀਆਂ ਮਸ਼ੀਨਾਂ ਇਜਾਦ ਕੀਤੀਆਂ ਹਨ, ਜੋ ਫ਼ਸਲ ਨੂੰ ਸਾਫ਼ ਕਰਨ ਵੇਲੇ ਉਡਦੀ ਧੂੜ ਨੂੰ ਜਜ਼ਬ ਕਰ ਲੈਂਦੀਆਂ ਹਨ। ਇਨ੍ਹਾਂ ਮਸ਼ੀਨਾਂ ਨਾਲ ਹੁਣ ਮੰਡੀਆਂ ਦੇ ਅੰਦਰ ਤੇ ਨੇੜੇ ਤੇੜੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਿਚ ਮਦਦ ਮਿਲੇਗੀ।

ਇਸ ਤੋਂ ਪਹਿਲਾਂ ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਜਦੋਂ ਫ਼ਸਲ ਦੀ ਆਮਦ ਹੁੰਦੀ ਸੀ ਤਾਂ ਜਿਣਸ ਨੂੰ ਸਾਫ਼ ਕਰਨ ਵੇਲੇ ਕਾਫ਼ੀ ਧੂੜ ਉਡਦੀ ਸੀ। ਇਹ ਧੂੜ ਜਿੱਥੇ ਪ੍ਰਦੂਸ਼ਣ ਵਿਚ ਵਾਧਾ ਕਰਦੀ ਸੀ, ਉਥੇ ਮਜ਼ਦੂਰਾਂ, ਕਿਸਾਨਾਂ, ਆੜ੍ਹਤੀਆਂ ਤੇ ਮੰਡੀਆਂ ਨੇੜੇ ਰਹਿੰਦੇ ਲੋਕਾਂ ਵਿੱਚ ਸਾਹ, ਐਲਰਜੀ ਜਾਂ ਫੇਫੜਿਆਂ ਦੀਆਂ ਕਈ ਬਿਮਾਰੀਆਂ ਫੈਲਣ ਦਾ ਕਾਰਨ ਵੀ ਬਣਦੀ ਸੀ। ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਜਿਹੀ ਮਸ਼ੀਨ ਇਜ਼ਾਦ ਕੀਤੀ ਹੈ, ਜਿਹੜੀ ਫ਼ਸਲ ਨੂੰ ਸਾਫ਼ ਕਰਨ ਵੇਲੇ ਧੂੜ ਨਹੀਂ ਉਡਣ ਦਿੰਦੀ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਬੋਰਡ ਨੇ ਪੰਜਾਬ ਦੀਆਂ 10 ਵੱਡੀਆਂ ਮੰਡੀਆਂ ਵਿੱਚੋਂ ਹਵਾ ਦੇ ਨਮੂਨੇ ਲਏ ਸਨ, ਜਿਨ੍ਹਾਂ ਵਿੱਚ ਆਰ.ਪੀ.ਐਮ. (ਰੈਸੇਪੇਰਿਟਰੀ ਪਾਰਟੀਕੁਲੇਟ ਮੈਟਰ) 100 ਮਾਈਕਰੋਗ੍ਰਾਮ ਪ੍ਰਤੀ ਮੀਟਰਿਕ ਕਿਊਬ ਦੀ ਤਜਵੀਜ਼ਸ਼ੁਦਾ ਹੱਦ ਤੋਂ 5 ਤੋਂ 8 ਗੁਣਾ ਵੱਧ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਧੂੜ ਪ੍ਰਦੂਸ਼ਣ ਇਕ ਵੱਡਾ ਖ਼ਤਰਾ ਹੈ, ਜਿਸ ਨੂੰ ਠੱਲ੍ਹਣ ਦੀ ਫੌਰੀ ਲੋੜ ਸੀ। ਬੋਰਡ ਨੇ ਇਸ ਬਾਬਤ ਕਿਸਾਨਾਂ, ਦੁਕਾਨਦਾਰਾਂ ਤੇ ਹੋਰ ਸਬੰਧਤ ਧਿਰਾਂ ਨਾਲ ਚਰਚਾ ਕਰਨ ਮਗਰੋਂ ਧੂੜ ਇਕੱਤਰ ਕਰਨ ਵਾਲੀ ਮਸ਼ੀਨ ਤਿਆਰ ਕੀਤੀ ਹੈ, ਜਿਸ ਨੂੰ ਮਕੈਨੀਕਲ ਗਰੇਨ ਕਲੀਨਰਜ਼ ਉਪਰ ਲਾਇਆ ਜਾਂਦਾ ਹੈ, ਇਸ ਨਾਲ ਧੂੜ ਕਣਾਂ ਉਤੇ 80 ਤੋਂ 90 ਫੀਸਦੀ ਤੱਕ ਕਾਬੂ ਪਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ 50 ਹਜ਼ਾਰ ਮਕੈਨੀਕਲ ਗਰੇਨ ਕਲੀਨਰਜ਼ ਹਨ ਅਤੇ ਇਕ ਮਸ਼ੀਨ ਉਤੇ ਛੇ ਕਾਮੇ ਅਨਾਜ ਦੀ ਸਫ਼ਾਈ ਕਰਦੇ ਹਨ। ਇਸ ਤਰ੍ਹਾਂ ਕਿਸਾਨਾਂ, ਆੜ੍ਹਤੀਆਂ, ਦੁਕਾਨਦਾਰਾਂ ਅਤੇ ਮੰਡੀਆਂ ਨੇੜੇ ਰਹਿੰਦੇ ਲੋਕਾਂ ਤੋਂ ਇਲਾਵਾ ਤਿੰਨ ਲੱਖ ਮਜ਼ਦੂਰ ਧੂੜ ਪ੍ਰਦੂਸ਼ਣ ਤੋਂ ਪ੍ਰਭਾਵਤ ਹੁੰਦੇ ਹਨ। ਮਕੈਨੀਕਲ ਗਰੇਨ ਕਲੀਨਰਜ਼ ਉਤੇ ਧੂੜ ਇਕੱਤਰ ਕਰਨ ਵਾਲੀਆਂ ਮਸ਼ੀਨਾਂ ਲੱਗਣ ਨਾਲ 90 ਫੀਸਦੀ ਧੂੜ ਇਸ ਵਿੱਚ ਇਕੱਤਰ ਹੋ ਜਾਵੇਗੀ, ਜਿਸ ਨਾਲ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਿੱਚ ਮਦਦ ਮਿਲੇਗੀ। ਇਸ ਮਸ਼ੀਨ ਦੀ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ ਅਜ਼ਮਾਇਸ਼ ਕੀਤੀ ਗਈ ਸੀ, ਜੋ ਕਾਮਯਾਬ ਰਹੀ ਹੈ। ਬੋਰਡ ਹੁਣ ਸਾਰੀਆਂ ਦਾਣਾ ਮੰਡੀਆਂ ਵਿੱਚ ਮਕੈਨੀਕਲ ਗਰੇਨ ਕਲੀਨਰਜ਼ ਉਤੇ ਇਸ ਮਸ਼ੀਨ ਨੂੰ ਲਾਜ਼ਮੀ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕ ਰਿਹਾ ਹੈ।

ਵਾਤਾਵਰਨ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਇਹ ਮਸ਼ੀਨ ਇਜ਼ਾਦ ਕਰਨ ਉਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਬੋਰਡ ਨੂੰ ਅਪੀਲ ਕੀਤੀ ਕਿ ਉਹ ਅਗਾਂਹ ਤੋਂ ਵੀ ਅਜਿਹੀਆਂ ਕੋਸ਼ਿਸ਼ਾਂ ਜਾਰੀ ਰੱਖਣ ਤਾਂ ਜੋ 'ਤੰਦਰੁਸਤ ਮਿਸ਼ਨ' ਨੂੰ ਹੋਰ ਕਾਮਯਾਬ ਕਰਨ ਵਿੱਚ ਮਦਦ ਮਿਲੇ।