ਇਸ ਵਾਰ ਅੱਧੇ ਪੰਜਾਬ ਨੂੰ ਪਾਣੀ ਤੇ ਅੱਧੇ ਨੂੰ ਸੋਕੇ ਨੇ ਮਾਰਿਆ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਬਾਰਸ਼ ਦੀ ਘਾਟ ਕਰ ਕੇ ਝੋਨੇ ਦੀ ਫ਼ਸਲ ਹੋਈ ਪ੍ਰਭਾਵਤ

Crops

ਸ੍ਰੀ ਮੁਕਤਸਰ ਸਾਹਿਬ  (ਗੁਰਦੇਵ ਸਿੰਘ/ਰਣਜੀਤ ਸਿੰਘ): ਇਸ ਵਾਰ ਕਰੀਬ ਅੱਧੇ ਪੰਜਾਬ ਨੂੰ ਡੋਬੇ ਨੇ ਅਤੇ ਲਗਭਗ ਅੱਧੇ ਪੰਜਾਬ ਨੂੰ ਸੋਕੇ ਨੇ ਅਪਣੀ ਲਪੇਟ ਵਿਚ ਲੈ ਲਿਆ ਹੈ। ਭਾਵੇਂ ਮੌਸਮ ਵਿਭਾਗ ਦੇ ਅਨੁਮਾਨਾਂ ਮੁਤਾਬਕ ਕਿ ਪੰਜਾਬ ਵਿਚ ਮਾਨਸੂਨ ਦੀ ਬਾਰਸ਼ ਬਹੁਤ ਘੱਟ ਹੋ ਸਕਦੀ ਹੈ, ਇਹ ਕੋਈ ਅਤਕਥਨੀ ਨਹੀਂ ਕਿਉਂਕਿ ਅੱਧੇ ਪੰਜਾਬ ਨੂੰ ਪੰਜਾਬ ਵਿਚ ਪਈ ਬਾਰਸ਼ ਨੇ ਨਹੀਂ ਸਗੋਂ, ਹਿਮਾਚਲ ਵਿਚ ਮਚੀ ਬਾਰਸ਼ਾਂ ਦੀ ਤਬਾਹੀ ਨੇ ਬਰਬਾਦ ਕੀਤਾ ਹੈ।

ਦੂਜੇ ਪਾਸੇ ਪਛਮੀ ਮਾਲਵੇ ਦੇ ਕੁੱਝ ਜ਼ਿਲ੍ਹੇ ਭਰਵੀਂ ਬਾਰਸ਼ ਨੂੰ ਅਜੇ ਵੀ ਤਰਸ ਰਹੇ ਹਨ। ਇਸੇ ਕਰ ਕੇ ਕਿਹਾ ਜਾ ਰਿਹਾ ਹੈ ਕਿ ਅੱਧੇ ਪੰਜਾਬ ਨੂੰ ਡੋਬੇ ਅਤੇ ਅੱਧੇ ਨੂੰ ਸੋਕੇ ਨੇ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ ਕਿਉਂਕਿ ਕੁੱਝ ਏਰੀਆ ਜ਼ਿਆਦਾ ਪਾਣੀ ਨੇ ਫ਼ਸਲਾਂ, ਘਰ, ਪਸ਼ੂ, ਹਰਾ ਚਾਰਾ ਇਥੋਂ ਤਕ ਕਿ ਘਰਾਂ ਦੇ ਕੀਮਤੀ ਸਮਾਨ ਵੀ ਰੁੜ੍ਹ ਗਏ।

ਦੂਜੇ ਪਾਸੇ ਬਰਸ਼ਾਂ ਨੂੰ ਤਰਸ ਰਹੀਆਂ ਫ਼ਸਲਾਂ ਬਹੁਤੇ ਥਾਂਈਂ ਲੋੜੀਂਦੀ ਗ੍ਰੋਥ ਤੋਂ ਵਾਂਝੀਆਂ ਰਹਿ ਗਈਆਂ ਹਨ ਕਿਉਂਕਿ ਮਾਲਵੇ ਵਿਚ ਧਰਤੀ ਹੇਠਲਾ ਪਾਣੀ ਫ਼ਸਲਾਂ ਲਈ ਪੂਰਾ ਅਨੁਕੂਲ ਨਹੀਂ, ਦੂਸਰਾ ਬਾਰਸ਼ਾਂ ਨਾ ਹੋਣ ਕਰ ਕੇ ਪਾਣੀ ਹੋਰ ਡੂੰਘੇ ਚਲੇ ਗਏ ਜਿਸ ਕਰ ਕੇ ਬੋਰਾਂ ਦਾ ਪਾਣੀ ਬਦਲਣ ਦੇ ਨਾਲ ਨਾਲ ਪੂਰਾ ਨਹੀਂ ਮਿਲ ਰਿਹਾ ਤੇ ਅੱਧੀ ਮਾਰ ਕਰ ਰਿਹਾ ਹੈ। ਭਾਵੇਂ ਬਿਜਲੀ, ਡੀਜ਼ਲ ਉਨਾ ਹੀ ਖਪਤ ਹੋ ਰਿਹਾ ਹੈ, ਪਰ ਪਾਣੀ ਦੀ ਸਿੰਚਾਈ ਅੱਧੀ ਰਹਿ ਗਈ ਹੈ। 

ਪਿਛਲੇ ਸਾਲ ਨਰਮੇ ਦੀ ਫ਼ਸਲ ਦਾ ਝਾੜ ਅਤੇ ਰੇਟ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਕਰ ਕੇ ਕੁੱਝ ਥਾਵਾਂ ਤੇ ਕਿਸਾਨਾਂ ਨੇ ਨਰਮੇ ਵਾਲੀ ਥਾਂ ਅਤੇ ਮਾੜੇ ਪਾਣੀ ਵਾਲੀ ਥਾਂ ਝੋਨੇ ਲਗਾ ਲਏ ਜੋ ਕਾਗਾਂ ਸੰਗ ਨਾ ਹੰਸਾਂ ਸੰਗ ਵਾਲੀ ਕਗਾਰ ’ਤੇ ਪਹੁੰਚ ਗਏ ਹਨ ਕਿਉਂਕਿ ਕਾਲ ਪੈਣ ਕਰ ਕੇ ਨਰਮੇ ਦੀ ਫ਼ਸਲ ਭਰਪੂਰ ਹੁੰਦੀ ਦਿਸ ਰਹੀ ਹੈ, ਜਦੋਂ ਕਿ ਬਾਰਸ਼ਾਂ ਨਾ ਹੋਣ ਕਰ ਕੇ ਝੋਨੇ ਦੀ ਫ਼ਸਲ ਕੁੱਝ ਥਾਵਾਂ ’ਤੇ ਨਾ ਹੋਇਆਂ ਵਰਗੀ ਹੋਣ ਅਤੇ ਨਹਿਰਾਂ ਨਜ਼ਦੀਕ ਅਤੇ ਚੰਗੀਆਂ ਜ਼ਮੀਨਾਂ ਛੱਡ ਝੋਨੇ ਦੇ ਝਾੜ ਵਿਚ ਕਮੀ ਆਉਣ ਤੋਂ ਇਕੱਲੇ ਮਾਲਵੇ ਹੀ ਨਹੀਂ ਪੂਰੇ ਪੰਜਾਬ ਵਿਚ ਇਨਕਾਰ ਨਹੀਂ ਕੀਤਾ ਜਾ ਸਕਦਾ।