ਭਾਜਪਾ ਦੀ ਟ੍ਰੈਕਟਰ ਰੈਲੀ ਦਾ ਹਰਿਆਣਾ ਦੇ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਕੀਤੀ ਨਾਅਰੇਬਾਜ਼ੀ

Farmers raised black flags

ਝੱਜਰ: ਜਿੱਥੇ ਇਕ ਪਾਸੇ ਦੇਸ਼ ਭਰ ਵਿਚ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਉਥੇ ਹੀ ਭਾਜਪਾ ਵੱਲੋਂ ਇਨ੍ਹਾਂ ਕਾਨੂੰਨਾਂ ਦੇ ਸਮਰਥਨ ਵਿਚ ਰੈਲੀਆਂ ਕੱਢੀਆਂ ਜਾ ਰਹੀਆਂ ਹਨ।

ਇਸੇ ਤਰ੍ਹਾਂ ਦੀ ਇਕ ਟ੍ਰੈਕਟਰ ਰੈਲੀ ਭਾਜਪਾ ਵੱਲੋਂ ਹਰਿਆਣਾ ਵਿਚ ਵੀ ਕੱਢੀ ਗਈ, ਜਿਵੇਂ ਹੀ ਭਾਜਪਾ ਦੀ ਇਹ ਰੈਲੀ ਜ਼ਿਲ੍ਹਾ ਝੱਜਰ ਦੇ ਪਿੰਡ ਦੀਘਲ ਵਿਚ ਪੁੱਜੀ, ਵੱਡੀ ਗਿਣਤੀ ਵਿਚ ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਇਸ ਰੈਲੀ ਦਾ ਜ਼ਬਰਦਸਤ ਵਿਰੋਧ ਕੀਤਾ।

ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ, ਪਰ ਕਿਸਾਨਾਂ ਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਖੱਟੜ ਸਰਕਾਰ ਅਤੇ ਪੀਐਮ ਮੋਦੀ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਫੋਰਸ ਦੇ ਜਵਾਨ ਲਗਾਤਾਰ ਕਿਸਾਨਾਂ ਨੂੰ ਪਿੱਛੇ ਹਟਾਉਣ ਵਿਚ ਲੱਗੇ ਹੋਏ ਸਨ।

ਇਸ ਮੌਕੇ ਬੋਲਦਿਆਂ ਹਰਿਆਣਾ ਭਾਜਪਾ ਦੇ ਪ੍ਰਧਾਨ ਓਪੀ ਧਨਖੜ ਨੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਕਾਂਗਰਸ ਜਾਣਬੁੱਝ ਕੇ ਕਿਸਾਨਾਂ ਨੂੰ ਭਟਕਾਉਣ ਵਿਚ ਲੱਗੀ ਹੋਈ ਹੈ ਜਦਕਿ ਸਰਕਾਰ ਭਾਜਪਾ ਸਰਕਾਰ ਕਿਸਾਨਾਂ ਦਾ ਇਕ ਇਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ।

ਭਾਵੇਂ ਕਿ ਹਰਿਆਣਾ ਭਾਜਪਾ ਦੇ ਸੁਬਾ ਪ੍ਰਧਾਨ ਓਪੀ ਧਨਖੜ ਵੱਲੋਂ ਇਸ ਟ੍ਰੈਕਟਰ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ ਪਰ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਉਹ ਕੁੱਝ ਸਮਾਂ ਹੀ ਟ੍ਰੈਕਟਰ 'ਤੇ ਬੈਠੇ ਅਤੇ ਰੈਲੀ ਦੇ ਚੌਂਕ ਵਿਚ ਪੁੱਜਣ ਤੋਂ ਪਹਿਲਾਂ ਰਫ਼ੂ ਚੱਕਰ ਹੋ ਗਏ।

ਇਸ ਮਗਰੋਂ ਵੀ ਕਿਸਾਨਾਂ ਨੇ ਅਪਣੀ ਨਾਅਰੇਬਾਜ਼ੀ ਜਾਰੀ ਰੱਖੀ। ਇਸ ਤੋਂ ਇਲਾਵਾ ਹਾਂਸੀ ਵਿਚ ਵੀ ਕਿਸਾਨਾਂ ਵੱਲੋਂ ਭਾਜਪਾ ਦੀ ਰੈਲੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ।

ਦੱਸ ਦਈਏ ਕਿ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿਚ ਜ਼ਬਦਸਤ ਰੋਸ ਪਾਇਆ ਜਾ ਰਿਹਾ, ਜਿਸ ਨੂੰ ਲੈ ਕੇ ਦੋਵੇਂ ਸੂਬਿਆਂ ਦੇ ਕਿਸਾਨਾਂ ਵੱਲੋਂ ਥਾਂ 'ਤੇ ਸੜਕਾਂ ਅਤੇ ਰੇਲ ਟ੍ਰੈਕ ਜਾਮ ਕੀਤੇ ਹੋਏ ਨੇ।