ਬੇਮੌਸਮੇ ਮੀਂਹ ਨੇ ਵਿਛਾ ਦਿਤੀਆਂ ਕਣਕਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਰਵੀਂ ਫ਼ਸਲ ਦੇ ਕਿਆਫ਼ਿਆਂ 'ਤੇ ਫਿਰਿਆ ਪਾਣੀ

Crops Destroyed

ਪਿਛਲੇ ਦੋ ਤਿੰਨ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਨੂੰ ਚਿੰਤਾ ਵਿਚ ਡੋਬ ਦਿਤਾ ਹੈ। ਪੱਕਣ ਲਈ ਬਿਲਕੁਲ ਤਿਆਰ ਖੜੀ ਕਣਕ ਦੀ ਫ਼ਸਲ ਕਈ ਥਾਈਂ ਤਬਾਹ ਹੋ ਗਈ ਹੈ। ਖੇਤੀ ਮਾਹਰਾਂ ਦਾ ਅਨੁਮਾਨ ਸੀ ਕਿ ਇਸ ਵਾਰ ਮੌਸਮ ਦੇ ਸਾਥ ਸਦਕਾ ਝਾੜ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੋਵੇਗਾ ਪਰ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਸਾਰੀਆਂ ਆਸਾਂ ਉਮੀਦਾਂ 'ਤੇ ਪਾਣੀ ਫੇਰ ਦਿਤਾ ਹੈ। ਥੋੜੇ ਢਾਰਸ ਵਾਲੀ ਗੱਲ ਇਹ ਹੈ ਕਿ ਮੀਂਹ ਨੇ ਪੂਰੇ ਜ਼ਿਲ੍ਹੇ ਅੰਦਰ ਇਕਸਾਰ ਤਬਾਹੀ ਨਹੀਂ ਮਚਾਈ ਸਗੋਂ ਟੁਟਵੇਂ ਖੇਤਰਾਂ ਵਿਚ ਹੀ ਕਰੋਪੀ ਵਰਤਾਈ ਹੈ। ਇਸ ਪ੍ਰਤੀਨਿਧ ਨੇ ਸਰਹੱਦੀ ਪਿਡਾਂ ਦਾ ਦੌਰਾ ਕੀਤਾ ਤਾਂ ਅਪਣੀਆਂ ਤਬਾਹ ਹੋਈਆਂ ਫ਼ਸਲਾਂ ਲਾਗੇ ਵੱਟਾਂ 'ਤੇ ਕਿਸਾਨ ਮਸੋਸੇ ਬੈਠੇ ਸਨ ਜਿਵੇਂ ਉਨ੍ਹਾਂ ਦੀ ਖਾਨਿਉਂ ਚਿੱਤ ਹੋ ਗਈ ਹੋਵੇ।

ਪਿੰਡ ਹਰੂਵਾਲ ਦੇ ਕਿਸਾਨ ਜੋਗਿੰਦਰ ਸਿੰਘ, ਬਿਕਰਮਜੀਤ ਸਿੰਘ , ਗੁਰਦੀਪ ਸਿੰਘ ,ਗੁਰਦਿਆਲ ਸਿੰਘ, ਦਰਸ਼ਨ ਸਿੰਘ, ਹਰਦੇਵ ਸਿੰਘ ਅਤੇ ਪ੍ਰੀਤਮ ਸਿੰਘ ਸਮੇਤ ਦਰਜਨਾਂ ਪ੍ਰਭਾਵਤ ਕਿਸਾਨਾਂ ਨੇ ਦਸਿਆ ਕਿ ਇਸ ਵਾਰ ਕਣਕ ਦੀ ਭਰਵੀਂ ਫ਼ਸਲ ਵੇਖਦਿਆਂ ਖ਼ੁਸ਼ੀ ਹੋ ਰਹੀ ਸੀ ਪਰ ਬੀਤੀ ਰਾਤ ਉਨ੍ਹਾਂ ਵਾਸਤੇ ਕਹਿਰ ਹੀ ਲੈ ਕੇ ਆਈ ਜਦ ਹਨੇਰੀ, ਝੱਖੜ, ਤੂਫ਼ਾਨ ਨੇ ਫ਼ਸਲ ਪੂਰੀ ਤਰ੍ਹਾਂ ਜ਼ਮੀਨ 'ਤੇ ਲੰਮਿਆਂ ਪਾ ਦਿਤੀ। ਕਣਕ ਦੇ ਜ਼ਮੀਨ 'ਤੇ ਡਿੱਗਣ ਕਾਰਨ ਝਾੜ ਤਾਂ ਮਸਾਂ ਅੱਧਾ ਕੁ ਰਹਿ ਗਿਆ ਹੈ। ਦਾਣੇ ਵੀ ਕਾਲੇ ਪੈ ਜਾਣਗੇ। ਕਿਸਾਨਾਂ ਨੇ ਇਕਮੁੱਠ ਆਵਾਜ਼ ਵਿਚ ਕਿਹਾ ਕਿ ਪੈਣ ਵਾਲੇ ਘਾਟੇ ਨਾਲ ਕਿਸਾਨਾਂ ਦੇ ਫ਼ਸਲਾਂ ਦੀ ਬਿਜਾਈ ਤਕ ਲੱਗੇ ਖ਼ਰਚੇ ਵੀ ਪੂਰੇ ਨਹੀਂ ਹੋ ਸਕਦੇ। ਕਿਸਾਨ ਆਗੂਆਂ ਸਤਿਬੀਰ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਜਿਥੇ ਕਿਸਾਨ ਪਹਿਲਾਂ ਹੀ ਆਰਥਿਕਤਾ ਦੇ ਲਤਾੜੇ ਹੋਏ ਹਨ, ਉਥੇ ਕਿਸਾਨਾਂ ਦੀ ਆਰਥਕ ਹਾਲਤ ਹੋਰ ਵੀ ਨਿੱਘਰ ਜਾਵੇਗੀ। ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।