CM ਰਿਹਾਇਸ਼ ਦੇ ਬਾਹਰ ਡਟੇ ਕਿਸਾਨ 15 ਅਕਤੂਬਰ ਨੂੰ ਮਨਾਉਣਗੇ ‘ਲਲਕਾਰ ਦਿਵਸ’
ਜ਼ੋਰਦਾਰ ਮੀਂਹ ਕਾਰਨ ਕਿਸਾਨਾਂ ਦੀ ਸਟੇਜ ਅਤੇ ਪੰਡਾਲ ਨੁਕਸਾਨੇ ਗਏ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ।
ਸੰਗਰੂਰ: ਕਿਸਾਨ ਆਪਣੀਆਂ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਜ਼ੋਰਦਾਰ ਮੀਂਹ ਕਾਰਨ ਕਿਸਾਨਾਂ ਦੀ ਸਟੇਜ ਅਤੇ ਪੰਡਾਲ ਨੁਕਸਾਨੇ ਗਏ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 7 ਅਕਤੂਬਰ ਦੀ ਮੀਟਿੰਗ ਵਿਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਬਾਰੇ ਚੁੱਪੀ ਧਾਰੀ ਬੈਠੇ ਹਨ।
ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਆਪਣੀ ਚੁੱਪੀ ਨਹੀਂ ਤੋੜੀ ਤਾਂ ਜਥੇਬੰਦੀ ਵੱਲੋਂ 15 ਅਕਤੂਬਰ ਨੂੰ ਮੋਰਚਾ ਸਥਾਨ 'ਤੇ "ਲਲਕਾਰ ਦਿਵਸ" ਮਨਾਇਆ ਜਾਵੇਗਾ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ 7 ਅਕਤੂਬਰ ਦੀ ਮੀਟਿੰਗ ਵਿਚ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਮੁੱਖ ਮੰਤਰੀ ਰਿਹਾਇਸ਼ ਸਾਹਮਣੇ ਪੱਕਾ ਮੋਰਚਾ ਜਾਰੀ ਰਹੇਗਾ।
ਇਹ ਹਨ ਕਿਸਾਨਾਂ ਦੀਆਂ ਮੰਗਾਂ
- ਗੁਲਾਬੀ ਸੁੰਡੀ ਅਤੇ ਭਾਰੀ ਮੀਂਹ ਕਾਰਨ ਖ਼ਰਾਬ ਫ਼ਸਲਾਂ ਦਾ ਮੁਆਵਜ਼ਾ
- ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਦੀ ਮਾਲਕੀ ਕਾਰਪੋਰੇਟਾਂ ਨੂੰ ਸੌਂਪਣ ਵਾਲ਼ੀ ਜਲ ਨੀਤੀ ਰੱਦ ਕਰਨਾ
- ਜ਼ੀਰਾ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਸ਼ਰਾਬ ਫੈਕਟਰੀ ਨੂੰ ਬੰਦ ਕਰਨਾ
-ਭਾਰਤ ਮਾਲ਼ਾ ਹਾਈਵੇ ਪ੍ਰਾਜੈਕਟ ਤਹਿਤ ਕਿਸਾਨਾਂ ਨੂੰ ਮਾਰਕਿਟ ਰੇਟ ਅਨੁਸਾਰ ਮੁਆਵਜ਼ਾ ਅਤੇ 30 ਫੀਸਦ ਉਜਾੜਾ ਭੱਤਾ
-ਪਰਾਲੀ ਪ੍ਰਬੰਧਨ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ
-ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਸਖ਼ਤੀ ਬੰਦ ਕਰਨਾ
-ਹੋਰ ਫਸਲਾਂ ਉੱਤੇ ਵੀ ਐਮਐਸਪੀ ਦਿੱਤਾ ਜਾਵੇ
- ਪਰਾਲੀ ਕੇਸਾਂ ਸਮੇਤ ਕਿਸਾਨਾਂ 'ਤੇ ਦਰਜ ਕੀਤੇ ਮਕੱਦਮੇ ਵਾਪਸ ਲਏ ਜਾਣ