ਪੀ.ਏ.ਯੂ. ਦਾ ਖੇਤੀ ਸਾਹਿਤ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਤੱਕ ਪੁੱਜੇਗਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਖੇਤੀ ਸਾਹਿਤ ਹੁਣ ਪੰਜਾਬ ਦੀਆਂ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਤੱਕ ਪਹੁੰਚੇਗਾ ।

Punjab Agriculture University

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਖੇਤੀ ਸਾਹਿਤ ਹੁਣ ਪੰਜਾਬ ਦੀਆਂ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਤੱਕ ਪਹੁੰਚੇਗਾ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਬਿਜ਼ਨਸ ਮੈਨੇਜਰ ਮਿਸ ਗੁਲਨੀਤ ਚਾਹਲ ਨੇ ਦੱਸਿਆ ਕਿ ਇੱਕ ਟੀਮ ਨੇ ਸਹਿਕਾਰੀ ਸੁਸਾਇਟੀਆਂ ਦੇ ਡਿਪਟੀ ਰਜਿਸਟਰਾਰ ਸ੍ਰੀ ਸੰਗਰਾਮ ਸਿੰਘ ਸੰਧੂ ਨਾਲ ਬੀਤੇ ਦਿਨੀਂ ਇੱਕ ਮੀਟਿੰਗ ਕੀਤੀ।

ਇਸ ਮੀਟਿੰਗ ਦੌਰਾਨ ਸ੍ਰੀ ਸੰਗਰਾਮ ਸਿੰਘ ਸੰਧੂ ਨੂੰ ਯੂਨੀਵਰਸਿਟੀ ਦੇ ਖੇਤੀ ਸਾਹਿਤ ਤੋਂ ਜਾਣੂੰ ਕਰਵਾਇਆ ਗਿਆ । ਉਹਨਾਂ ਨੂੰ ਫ਼ਸਲੀ ਮੌਸਮਾਂ ਲਈ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਵੱਖ-ਵੱਖ ਵਿਸ਼ਿਆਂ ਦੇ ਸਾਹਿਤ ਅਤੇ ਮਾਸਿਕ ਰਸਾਲਿਆਂ ਚੰਗੀ ਖੇਤੀ/ ਪ੍ਰੋਗਰੈਸਿਵ ਫਾਰਮਿੰਗ ਤੋਂ ਇਲਾਵਾ ਸਮੇਂ-ਸਮੇਂ ਤੇ ਹੋਰ ਵਿਗਿਆਨਕ ਜਾਣਕਾਰੀ ਭਰਪੂਰ ਸਾਹਿਤ ਦੀਆਂ ਵੰਨਗੀਆਂ ਦਿਖਾਈਆਂ ਗਈਆਂ।

ਸ੍ਰੀ ਸੰਧੂ ਨੇ ਪੀ.ਏ.ਯੂ. ਅਤੇ ਸਹਿਕਾਰੀ ਸੁਸਾਇਟੀਆਂ ਵਿਚਕਾਰ ਮਜ਼ਬੂਤ ਤਾਲਮੇਲ ਦੀ ਲੋੜ ਉਪਰ ਜ਼ੋਰ ਦਿੰਦਿਆਂ ਆਉਣ ਵਾਲੇ ਦਿਨਾਂ ਵਿੱਚ ਸਹਿਕਾਰੀ ਸੁਸਾਇਟੀਆਂ ਰਾਹੀਂ ਪੀ.ਏ.ਯੂ. ਦੇ ਸਾਹਿਤ ਨੂੰ ਕਿਸਾਨਾਂ ਤੱਕ ਪਹੁੰਚਾਉਣ ਦਾ ਅਹਿਦ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪੀ.ਏ.ਯੂ. ਦੇ ਖੇਤੀ ਸਾਹਿਤ ਦੀ ਪ੍ਰਕਾਸ਼ਨ ਕਮੇਟੀ ਨੇ ਇੱਕ ਮੀਟਿੰਗ ਕੋਆਪਰੇਟਿਵ ਸੁਸਾਇਟੀਆਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਅਤੇ ਨਿਰਦੇਸ਼ਕ ਖੇਤੀਬਾੜੀ ਪੰਜਾਬ ਡਾ. ਰਾਜੇਸ਼ ਵਸ਼ਿਸ਼ਟ ਨਾਲ ਵੀ ਕੀਤੀ। ਇਸ ਮੀਟਿੰਗ ਵਿੱਚ ਪੀ.ਏ.ਯੂ. ਦੇ ਖੇਤੀ ਸਾਹਿਤ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪਹਿਲਕਦਮੀ ਕਰਨ ਦਾ ਭਰੋਸਾ ਦਿਵਾਇਆ।