Farmers Delhi Chalo Protest: ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ, ਪੰਜਾਬ-ਹਰਿਆਣਾ ਬਾਰਡਰ 'ਤੇ ਹੋਈ ਝੜਪ, ਪੜ੍ਹੋ ਸਾਰੀ ਅਪਡੇਟ
ਬਹੁਤ ਸਾਰੇ ਕਿਸਾਨਾਂ ਨੇ ਸਵੇਰੇ 10 ਵਜੇ ਦੇ ਕਰੀਬ ਫਤਿਹਗੜ੍ਹ ਸਾਹਿਬ ਤੋਂ ਆਪਣੇ ਟਰੈਕਟਰ-ਟਰਾਲੀਆਂ ਨਾਲ ਮਾਰਚ ਸ਼ੁਰੂ ਕੀਤਾ
Farmers Delhi Chalo Protest: ਚੰਡੀਗੜ੍ਹ - ਕਿਸਾਨਾਂ ਨੇ ਅੱਜ ਅਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰ ਲਿਆ ਹੈ ਇਸ ਦੌਰਾਨ ਹਰਿਆਣਾ ਪੁਲਿਸ ਨੇ ਅੰਬਾਲਾ ਨੇੜੇ ਸ਼ੰਭੂ ਵਿਖੇ ਪੰਜਾਬ ਨਾਲ ਲੱਗਦੀ ਸਰਹੱਦ 'ਤੇ ਲਗਾਏ ਗਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸ਼ੰਭੂ ਸਰਹੱਦ ਨੇੜੇ ਕੁਝ ਕਿਸਾਨਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਦੇ 'ਦਿੱਲੀ ਚਲੋ' ਮਾਰਚ 'ਚ ਸ਼ਾਮਲ ਨੌਜਵਾਨਾਂ ਦੇ ਇਕ ਸਮੂਹ ਨੇ ਅੰਬਾਲਾ 'ਚ ਸ਼ੰਭੂ ਸਰਹੱਦ 'ਤੇ ਲਗਾਏ ਗਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਜਦੋਂ ਕੁਝ ਨੌਜਵਾਨਾਂ ਨੇ ਲੋਹੇ ਦੇ ਬੈਰੀਕੇਡ ਤੋੜ ਕੇ ਘੱਗਰ ਦਰਿਆ ਦੇ ਪੁਲ ਤੋਂ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਕਈ ਗੋਲੇ ਛੱਡੇ।
ਬਾਅਦ ਵਿਚ ਉਨ੍ਹਾਂ ਨੇ ਅੱਥਰੂ ਗੈਸ ਦਾ ਗੋਲਾ ਸੁੱਟਣ ਲਈ ਡਰੋਨ ਦੀ ਵਰਤੋਂ ਵੀ ਕੀਤੀ। ਕਿਸਾਨਾਂ ਨੇ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ ਆਪਣੀਆਂ ਮੰਗਾਂ 'ਤੇ ਦੋ ਕੇਂਦਰੀ ਨੇਤਾਵਾਂ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਦਿੱਲੀ ਵੱਲ ਮਾਰਚ ਕਰਨ ਦਾ ਫ਼ੈਸਲਾ ਕੀਤਾ। ਬਹੁਤ ਸਾਰੇ ਕਿਸਾਨਾਂ ਨੇ ਸਵੇਰੇ 10 ਵਜੇ ਦੇ ਕਰੀਬ ਫਤਿਹਗੜ੍ਹ ਸਾਹਿਬ ਤੋਂ ਆਪਣੇ ਟਰੈਕਟਰ-ਟਰਾਲੀਆਂ ਨਾਲ ਮਾਰਚ ਸ਼ੁਰੂ ਕੀਤਾ ਅਤੇ ਸ਼ੰਭੂ ਬਾਰਡਰ ਰਾਹੀਂ ਦਿੱਲੀ ਵੱਲ ਜਾ ਰਹੇ ਹਨ। ਫਤਹਿਗੜ੍ਹ ਸਾਹਿਬ ਅਤੇ ਸ਼ੰਭੂ ਬਾਰਡਰ ਵਿਚਕਾਰ ਦੀ ਦੂਰੀ ਲਗਭਗ 35-40 ਕਿਲੋਮੀਟਰ ਹੈ।
ਕਿਸਾਨਾਂ ਦਾ ਟਰੈਕਟਰ ਟਰਾਲੀ ਕਾਫਲਾ ਰਾਸ਼ਟਰੀ ਰਾਜਮਾਰਗ 'ਤੇ ਸ਼ੰਭੂ ਬਾਰਡਰ ਵੱਲ ਵਧਦਾ ਦੇਖਿਆ ਗਿਆ। ਟਰੈਕਟਰ-ਟਰਾਲੀ 'ਚ ਬਜ਼ੁਰਗ, ਨੌਜਵਾਨ ਅਤੇ ਔਰਤਾਂ ਬੈਠੇ ਨਜ਼ਰ ਆਏ। ਹਰਿਆਣਾ ਵਾਲੇ ਪਾਸੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਪੰਜਾਬ ਵਾਲੇ ਪਾਸੇ ਤੋਂ ਸਰਹੱਦ 'ਤੇ ਆਉਣ ਵਾਲੇ ਨੌਜਵਾਨਾਂ ਦੇ ਇਕ ਸਮੂਹ ਨੂੰ ਸ਼ੰਭੂ ਬਾਰਡਰ ਨੇੜੇ ਬੈਰੀਕੇਡਾਂ ਤੋਂ ਦੂਰ ਰਹਿਣ ਲਈ ਵੀ ਕਿਹਾ।
ਹਰਿਆਣਾ ਦੇ ਅਧਿਕਾਰੀਆਂ ਨੇ ਅੰਬਾਲਾ, ਜੀਂਦ, ਫਤਿਹਾਬਾਦ, ਕੁਰੂਕਸ਼ੇਤਰ ਅਤੇ ਸਿਰਸਾ ਵਿਚ ਕਈ ਥਾਵਾਂ 'ਤੇ ਕੰਕਰੀਟ ਬੈਰੀਕੇਡਾਂ, ਲੋਹੇ ਦੇ ਕਿੱਲ ਅਤੇ ਕੰਡਿਆਲੀ ਤਾਰਾਂ ਦੀ ਵਰਤੋਂ ਕਰਕੇ ਪੰਜਾਬ ਨਾਲ ਲੱਗਦੀਆਂ ਰਾਜ ਦੀਆਂ ਸਰਹੱਦਾਂ ਨੂੰ ਮਜ਼ਬੂਤ ਕੀਤਾ ਹੈ। ਪੰਜਾਬ ਅਤੇ ਹਰਿਆਣਾ ਨਾਲ ਲੱਗਦੀਆਂ ਸਰਹੱਦਾਂ 'ਤੇ ਕਈ ਥਾਵਾਂ 'ਤੇ ਪਾਣੀ ਦੀਆਂ ਤੋਪਾਂ ਸਮੇਤ ਦੰਗਾ ਰੋਕੂ ਵਾਹਨ ਤਾਇਨਾਤ ਕੀਤੇ ਗਏ ਹਨ। ਸੁਰੱਖਿਆ ਕਰਮਚਾਰੀ ਡਰੋਨ ਰਾਹੀਂ ਸੁਰੱਖਿਆ ਦੀ ਨਿਗਰਾਨੀ ਵੀ ਕਰ ਰਹੇ ਹਨ।
ਹਰਿਆਣਾ ਸਰਕਾਰ ਨੇ ਅਪਰਾਧਿਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 144 ਤਹਿਤ 15 ਜ਼ਿਲ੍ਹਿਆਂ ਵਿਚ ਪਾਬੰਦੀਆਂ ਲਗਾਈਆਂ ਹਨ, ਜੋ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਅਤੇ ਟਰੈਕਟਰ-ਟਰਾਲੀਆਂ ਨਾਲ ਜੁੜੇ ਕਿਸੇ ਵੀ ਪ੍ਰਦਰਸ਼ਨ 'ਤੇ ਪਾਬੰਦੀ ਲਗਾਉਂਦੀ ਹੈ। ਦੱਸ ਦਈਏ ਕਿ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੰਗਲਵਾਰ ਨੂੰ 'ਦਿੱਲੀ ਚਲੋ' ਮਾਰਚ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ 'ਤੇ ਲਗਾਏ ਗਏ ਭਾਰੀ ਬੈਰੀਕੇਡਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਰਾਜ ਦੀਆਂ ਸਰਹੱਦਾਂ 'ਅੰਤਰਰਾਸ਼ਟਰੀ ਸਰਹੱਦਾਂ' ਬਣ ਗਈਆਂ ਹਨ।
ਉਨ੍ਹਾਂ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ 'ਤੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਵੀ ਦੋਸ਼ ਲਾਇਆ। ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਪੰਧੇਰ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ ਪੱਤਰਕਾਰਾਂ ਨੂੰ ਕਿਹਾ, "ਅਜਿਹਾ ਨਹੀਂ ਲੱਗਦਾ ਕਿ ਪੰਜਾਬ ਅਤੇ ਹਰਿਆਣਾ ਦੋ ਰਾਜ ਹਨ। ਇੰਝ ਜਾਪਦਾ ਹੈ ਕਿ ਉਹ ਅੰਤਰਰਾਸ਼ਟਰੀ ਸਰਹੱਦਾਂ ਬਣ ਗਈਆਂ ਹਨ। ''
ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਰਧ ਸੈਨਿਕ ਬਲਾਂ ਦੀਆਂ 64 ਕੰਪਨੀਆਂ ਅਤੇ ਹਰਿਆਣਾ ਪੁਲਿਸ ਦੀਆਂ 50 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਦਿੱਲੀ ਦੀਆਂ ਸਰਹੱਦਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ 'ਚ ਕਈ ਪੱਧਰੀ ਬੈਰੀਕੇਡ, ਕੰਕਰੀਟ ਬੈਰੀਕੇਡ, ਲੋਹੇ ਦੇ ਕੀਲ ਅਤੇ ਕੰਟੇਨਰ ਦੀਆਂ ਕੰਧਾਂ ਸ਼ਾਮਲ ਹਨ। ਸੋਮਵਾਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਟਰੈਕਟਰ-ਟਰਾਲੀਆਂ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਣ ਲਈ ਬਾਹਰ ਆਈਆਂ।
(For more Punjabi news apart from 'Farmers Delhi Chalo Protest, stay tuned to Rozana Spokesman)