Farmers Protest: ਸ਼ੰਭੂ-ਖਨੌਰੀ ਸਰਹੱਦ 'ਤੇ ਰਾਤ ਗੁਜ਼ਾਰਨਗੇ ਕਿਸਾਨ, ਅੱਜ 100 ਤੋਂ ਵੱਧ ਕਿਸਾਨ ਹੋਏ ਜਖ਼ਮੀ
ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕਰਨ ’ਤੇ ਅੱਠ ਘੰਟਿਆਂ ਤਕ ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ
Farmers Protest: ਚੰਡੀਗੜ੍ਹ : ਬੀਤੀ ਰਾਤ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਵਿਚਕਾਰ ਗੱਲਬਾਤ ਬੇਸਿੱਟਾਂ ਰਹਿਣ ਤੋਂ ਬਾਅਦ ਮੰਗਲਵਾਰ ਸਵੇਰੇ ਕਿਸਾਨਾਂ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ’ਤੇ ਕਾਨੂੰਨ ਦੀ ਮੰਗ ਨੂੰ ਲੈ ਕੇ ਦਿੱਲੀ ਵਲ ਮਾਰਚ ਸ਼ੁਰੂ ਕਰ ਦਿਤਾ। ਹਾਲਾਂਕਿ ਅੰਬਾਲਾ ਨੇੜੇ ਸ਼ੰਭੂ ਵਿਖੇ ਪੁੱਜਣ ’ਤੇ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿਤਾ ਅਤੇ ਪੰਜਾਬ ਨਾਲ ਲਗਦੀ ਸਰਹੱਦ ’ਤੇ ਲਗਾਏ ਗਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ, ਰਬੜ ਦੀਆਂ ਅਤੇ ‘ਅਸਲ ਗੋਲੀਆਂ’ ਵੀ ਚਲਾਈਆਂ ਗਈਆਂ। ਇਸ ਦੌਰਾਨ ਲਗਭਗ 100 ਕਿਸਾਨ ਜ਼ਖ਼ਮੀ ਹੋ ਗਏ।
ਅਧਿਕਾਰਤ ਸੂਤਰਾਂ ਨੇ ਦਸਿਆ ਕਿ ਸ਼ੰਭੂ ਸਰਹੱਦ ਨੇੜੇ ਕੁੱਝ ਕਿਸਾਨਾਂ ਨੂੰ ਹਿਰਾਸਤ ’ਚ ਵੀ ਲਿਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ’ਚ ਸ਼ਾਮਲ ਨੌਜੁਆਨਾਂ ਦੇ ਇਕ ਸਮੂਹ ਨੇ ਅੰਬਾਲਾ ’ਚ ਸ਼ੰਭੂ ਸਰਹੱਦ ’ਤੇ ਲਗਾਏ ਗਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।
ਜਦੋਂ ਕੁੱਝ ਨੌਜੁਆਨਾਂ ਨੇ ਲੋਹੇ ਦੇ ਬੈਰੀਕੇਡ ਤੋੜ ਕੇ ਘੱਗਰ ਦਰਿਆ ਦੇ ਪੁਲ ਤੋਂ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੂੰ ਅੱਥਰੂ ਗੈਸ ਦੇ ਕਈ ਗੋਲੇ ਛੱਡਣੇ ਪਏ। ਬਾਅਦ ਵਿਚ ਉਨ੍ਹਾਂ ਨੇ ਅੱਥਰੂ ਗੈਸ ਦਾ ਗੋਲਾ ਸੁੱਟਣ ਲਈ ਡਰੋਨ ਦੀ ਵਰਤੋਂ ਵੀ ਕੀਤੀ। ਸੂਤਰਾਂ ਅਨੁਸਾਰ ਇਹ ਡਰੋਨ ਹਰਿਆਣਾ ਦੇ ਫ਼ੋਰਸਾਂ ਵਲੋਂ ਲਿਆਂਦੇ ਗਏ ਸਨ ਪਰ ਇਨ੍ਹਾਂ ਨੇ ਪੰਜਾਬ ਦੀ ਸਰਹੱਦ ਅੰਦਰ ਆ ਕੇ ਗੋਲੇ ਛੱਡੇ।
ਵੱਡੀ ਗਿਣਤੀ ’ਚ ਕਿਸਾਨਾਂ ਨੇ ਸਵੇਰੇ 10 ਵਜੇ ਦੇ ਕਰੀਬ ਫਤਿਹਗੜ੍ਹ ਸਾਹਿਬ ਤੋਂ ਅਪਣੇ ਟਰੈਕਟਰ-ਟਰਾਲੀਆਂ ਨਾਲ ਮਾਰਚ ਸ਼ੁਰੂ ਕੀਤਾ ਅਤੇ ਸ਼ੰਭੂ ਬਾਰਡਰ ਰਾਹੀਂ ਦਿੱਲੀ ਵਲ ਜਾ ਰਹੇ ਹਨ। ਫਤਹਿਗੜ੍ਹ ਸਾਹਿਬ ਅਤੇ ਸ਼ੰਭੂ ਬਾਰਡਰ ਵਿਚਕਾਰ ਦੀ ਦੂਰੀ ਲਗਭਗ 35-40 ਕਿਲੋਮੀਟਰ ਹੈ। ਕਿਸਾਨਾਂ ਦਾ ਟਰੈਕਟਰ ਟਰਾਲੀ ਕਾਫਲਾ ਕੌਮੀ ਰਾਜਮਾਰਗ ’ਤੇ ਸ਼ੰਭੂ ਬਾਰਡਰ ਵਲ ਵਧਦਾ ਵੇਖਿਆ ਗਿਆ।
ਟਰੈਕਟਰ-ਟਰਾਲੀ ’ਚ ਬਜ਼ੁਰਗ ਨੌਜੁਆਨ ਅਤੇ ਔਰਤਾਂ ਬੈਠੇ ਨਜ਼ਰ ਆਏ। ਹਰਿਆਣਾ ਵਾਲੇ ਪਾਸੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਪੰਜਾਬ ਵਾਲੇ ਪਾਸੇ ਤੋਂ ਸਰਹੱਦ ’ਤੇ ਆਉਣ ਵਾਲੇ ਨੌਜੁਆਨਾਂ ਦੇ ਇਕ ਸਮੂਹ ਨੂੰ ਸ਼ੰਭੂ ਬਾਰਡਰ ਨੇੜੇ ਬੈਰੀਕੇਡਾਂ ਤੋਂ ਦੂਰ ਰਹਿਣ ਲਈ ਵੀ ਕਿਹਾ। ਹਰਿਆਣਾ ਦੇ ਅਧਿਕਾਰੀਆਂ ਨੇ ਅੰਬਾਲਾ, ਜੀਂਦ, ਫਤਿਹਾਬਾਦ, ਕੁਰੂਕਸ਼ੇਤਰ ਅਤੇ ਸਿਰਸਾ ’ਚ ਕਈ ਥਾਵਾਂ ’ਤੇ ਕੰਕਰੀਟ ਬੈਰੀਅਰਾਂ, ਲੋਹੇ ਦੀਆਂ ਕਿੱਲਾਂ ਅਤੇ ਕੰਡਿਆਲੀ ਤਾਰਾਂ ਦੀ ਵਰਤੋਂ ਕਰ ਕੇ ਪੰਜਾਬ ਨਾਲ ਲਗਦੀਆਂ ਸੂਬੇ ਦੀਆਂ ਸਰਹੱਦਾਂ ਨੂੰ ਮਜ਼ਬੂਤ ਕੀਤਾ ਹੈ।
ਪੰਜਾਬ ਅਤੇ ਹਰਿਆਣਾ ਨਾਲ ਲਗਦੀਆਂ ਸਰਹੱਦਾਂ ’ਤੇ ਕਈ ਥਾਵਾਂ ’ਤੇ ਪਾਣੀ ਦੀਆਂ ਤੋਪਾਂ ਸਮੇਤ ਦੰਗਾ ਰੋਕੂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸੁਰੱਖਿਆ ਕਰਮਚਾਰੀ ਡਰੋਨ ਰਾਹੀਂ ਸੁਰੱਖਿਆ ਦੀ ਨਿਗਰਾਨੀ ਵੀ ਕਰ ਰਹੇ ਹਨ। ਹਰਿਆਣਾ ਸਰਕਾਰ ਨੇ ਅਪਰਾਧਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 144 ਤਹਿਤ 15 ਜ਼ਿਲ੍ਹਿਆਂ ’ਚ ਪਾਬੰਦੀਆਂ ਲਗਾਈਆਂ ਹਨ, ਜੋ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਅਤੇ ਟਰੈਕਟਰ-ਟਰਾਲੀਆਂ ਨਾਲ ਜੁੜੇ ਕਿਸੇ ਵੀ ਪ੍ਰਦਰਸ਼ਨ ’ਤੇ ਪਾਬੰਦੀ ਲਗਾਉਂਦੀ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੰਗਲਵਾਰ ਨੂੰ ‘ਦਿੱਲੀ ਚਲੋ’ ਮਾਰਚ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਲਗਾਏ ਗਏ ਭਾਰੀ ਬੈਰੀਕੇਡਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਰਾਜ ਦੀਆਂ ਸਰਹੱਦਾਂ ‘ਕੌਮਾਂਤਰੀ ਸਰਹੱਦਾਂ’ ਬਣ ਗਈਆਂ ਹਨ। ਉਨ੍ਹਾਂ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ’ਤੇ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਵੀ ਦੋਸ਼ ਲਾਇਆ।
ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਅਰਧ ਸੈਨਿਕ ਬਲਾਂ ਦੀਆਂ 64 ਕੰਪਨੀਆਂ ਅਤੇ ਹਰਿਆਣਾ ਪੁਲਿਸ ਦੀਆਂ 50 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਦਿੱਲੀ ਦੀਆਂ ਸਰਹੱਦਾਂ ’ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ’ਚ ਕਈ ਪੱਧਰੀ ਬੈਰੀਅਰ, ਕੰਕਰੀਟ ਬੈਰੀਕੇਡ, ਲੋਹੇ ਦੇ ਕੀਲ ਅਤੇ ਕੰਟੇਨਰ ਦੀਆਂ ਕੰਧਾਂ ਸ਼ਾਮਲ ਹਨ।
ਸੋਮਵਾਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਟਰੈਕਟਰ-ਟਰਾਲੀਆਂ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ ਬਾਹਰ ਆਈਆਂ। ਟਰੈਕਟਰ ਟਰਾਲੀ ਦੇ ਕਾਫਲੇ ’ਚ ਇਕ ਖੁਦਾਈ ਕਰਨ ਵਾਲੀ ਮਸ਼ੀਨ ਵੀ ਸੀ। ਅੰਮ੍ਰਿਤਸਰ ਦੇ ਇਕ ਕਿਸਾਨ ਨੇ ਕਿਹਾ ਕਿ ਇਸ ਦੀ ਵਰਤੋਂ ਬੈਰੀਕੇਡ ਤੋੜਨ ਲਈ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਐਲਾਨ ਕੀਤਾ ਹੈ ਕਿ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਸਮੇਤ ਅਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ’ਤੇ ਦਬਾਅ ਬਣਾਉਣ ਲਈ ਮੰਗਲਵਾਰ ਨੂੰ ਦਿੱਲੀ ਵਲ ਮਾਰਚ ਕਰਨਗੇ।
ਸ਼ੰਭੂ ਬਾਰਡਰ ਤੋਂ ਬਾਅਦ ਹਰਿਆਣਾ ਦੇ ਜੀਂਦ ਨੇੜੇ ਵੀ ਕਿਸਾਨਾਂ ’ਤੇ ਅੱਥਰੂ ਗੈਸ, ਪਾਣੀ ਦੀਆਂ ਤੋਪਾਂ ਛੱਡੀਆਂ ਗਈਆਂ
ਚੰਡੀਗੜ੍ਹ: ਪੰਜਾਬ ਤੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਮੰਗਲਵਾਰ ਨੂੰ ਹਰਿਆਣਾ ਦੇ ਜੀਂਦ ਨੇੜੇ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਜੀਂਦ ਜ਼ਿਲ੍ਹੇ ਦੇ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਹਰਿਆਣਾ ’ਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਹਰਿਆਣਾ ਦੇ ਅੰਬਾਲਾ ਦੇ ਸ਼ੰਭੂ ਬਾਰਡਰ ’ਤੇ ਵੀ ਕਿਸਾਨਾਂ ਨੂੰ ਇਸੇ ਤਰ੍ਹਾਂ ਦੀ ਪੁਲਿਸ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ। ਕਿਸਾਨ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਰੰਟੀ ਦੇਣ ਵਾਲਾ ਕਾਨੂੰਨ ਬਣਾਉਣ ਸਮੇਤ ਅਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ’ਤੇ ਦਬਾਅ ਬਣਾਉਣ ਲਈ ਦਿੱਲੀ ਵਲ ਮਾਰਚ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਦਾਤਾ ਸਿੰਘਵਾਲਾ-ਖਨੌਰੀ ਸਰਹੱਦ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਨਾਲ ਇਕ ਕਿਸਾਨ ਜ਼ਖਮੀ ਹੋ ਗਿਆ। ਕਿਸਾਨਾਂ ਦੇ ਕਈ ਸਮੂਹ ਦਿੱਲੀ ਵਲ ਮਾਰਚ ਕਰਨ ਤੋਂ ਪਹਿਲਾਂ ਭਾਰੀ ਬੈਰੀਕੇਡਾਂ ਵਾਲੀ ਸਰਹੱਦ ’ਤੇ ਇਕੱਠੇ ਹੋਏ।