ਜੇਕਰ MSP 'ਤੇ ਕਾਨੂੰਨ ਨਾ ਬਣਿਆ ਤਾਂ ਹੋਵੇਗਾ ਤਿੱਖਾ ਸੰਘਰਸ਼ - ਰਾਜਪਾਲ ਮਲਿਕ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕਿਹਾ- ਕਿਸਾਨਾਂ ਦੇ ਨਾਲ ਮੈਂ ਖੁਦ ਮੈਦਾਨ ਵਿਚ ਉਤਰਾਂਗਾ 

satyapal malik

ਸਾਨੂੰ ਦੇਸ਼ ਨੂੰ ਵਿਕਣ ਤੋਂ ਰੋਕਣਾ ਪਵੇਗਾ : ਸੱਤਿਆਪਾਲ ਮਲਿਕ
ਨਵੀਂ ਦਿੱਲੀ :
ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਆਪਣੀ ਹੀ ਪਾਰਟੀ ਦੀ ਕੇਂਦਰ ਸਰਕਾਰ 'ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ, 'ਜੇਕਰ ਸਮੇਂ ਸਿਰ ਘੱਟੋ-ਘੱਟ ਸਮਰਥਨ ਮੁੱਲ (MSP) 'ਤੇ ਕਾਨੂੰਨ ਨਾ ਬਣਾਇਆ ਗਿਆ ਤਾਂ ਦੇਸ਼ ਵਿੱਚ ਕਿਸਾਨਾਂ ਅਤੇ ਸਰਕਾਰ ਵਿਚਕਾਰ ਤਿੱਖਾ ਸੰਘਰਸ਼ ਹੋਵੇਗਾ। ਮੈਂ ਖੁਦ ਆਪਣਾ ਅਸਤੀਫਾ ਜੇਬ 'ਚ ਲੈ ਕੇ ਚਲਦਾ ਹਾਂ, ਕਿਸਾਨਾਂ ਲਈ 4 ਮਹੀਨੇ ਬਾਅਦ ਮੈਦਾਨ 'ਚ ਆ ਜਾਵਾਂਗਾ।''

ਮਲਿਕ ਨੇ ਅੰਬਾਨੀ-ਅਡਾਨੀ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਅਡਾਨੀ ਨੇ ਕਿਸਾਨਾਂ ਦੀਆਂ ਫਸਲਾਂ ਸਸਤੇ ਭਾਅ 'ਤੇ ਖਰੀਦਣ ਅਤੇ ਮਹਿੰਗੇ ਮੁੱਲ 'ਤੇ ਵੇਚਣ ਲਈ ਪਾਣੀਪਤ 'ਚ ਵੱਡਾ ਗੋਦਾਮ ਬਣਾਇਆ ਹੋਇਆ ਹੈ। ਅਡਾਨੀ ਦੇ ਅਜਿਹੇ ਗੋਦਾਮ ਨੂੰ ਪੁੱਟ ਦਿਓ। ਡਰੋ ਨਾ, ਮੈਂ ਤੁਹਾਡੇ ਨਾਲ ਜੇਲ੍ਹ ਤੱਕ ਚੱਲਾਂਗਾ। ਅਡਾਨੀ ਅਤੇ ਅੰਬਾਨੀ ਕਿਵੇਂ ਅਮੀਰ ਹੋ ਗਏ ਹਨ, ਜਦੋਂ ਤੱਕ ਇਨ੍ਹਾਂ 'ਤੇ ਹਮਲਾ ਨਹੀਂ ਹੁੰਦਾ, ਇਹ ਲੋਕ ਨਹੀਂ ਰੁਕਣਗੇ। ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਕਿ ਦੇਸ਼ ਦੇ ਹਵਾਈ ਅੱਡੇ, ਰੇਲਵੇ, ਸ਼ਿਪਯਾਰਡ ਸਰਕਾਰ ਨੇ ਦੋਸਤ ਅਡਾਨੀ ਨੂੰ ਵੇਚੇ ਜਾ ਰਹੇ ਹਨ। ਸਾਨੂੰ ਦੇਸ਼ ਵੇਚਣਾ ਬੰਦ ਕਰਨਾ ਪਵੇਗਾ। ਜਦੋਂ ਹਰ ਕੋਈ ਬਰਬਾਦ ਹੋ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਲੋਕ ਕਿਵੇਂ ਅਮੀਰ ਹੋ ਰਹੇ ਹਨ।

ਮੇਘਾਲਿਆ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਜਦੋਂ ਸਾਡੇ ਲੋਕ ਸੜਕਾਂ 'ਤੇ ਮਰਨ ਲੱਗੇ ਤਾਂ ਮੈਂ ਆਪਣਾ ਅਸਤੀਫਾ ਜੇਬ 'ਚ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਗਿਆ। ਮੈਂ ਉਨ੍ਹਾਂ ਨੂੰ ਸਮਝਾਇਆ ਕਿ ਇਨ੍ਹਾਂ ਲੋਕਾਂ ਨਾਲ ਅੱਤਿਆਚਾਰ ਹੋ ਰਿਹਾ ਹੈ। ਕੁਝ ਲੈ ਦੇ ਕੇ ਉਨ੍ਹਾਂ ਨੂੰ ਹਟਾਓ। ਉਨ੍ਹਾਂ ਨੇ ਕਿਹਾ ਕਿ ਉਹ ਚਲੇ ਜਾਣਗੇ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਉਨ੍ਹਾਂ ਨੂੰ ਨਹੀਂ ਜਾਣਦੇ। ਉਹ ਉਦੋਂ ਜਾਣਗੇ ਜਦੋਂ ਤੁਸੀਂ ਚਲੇ ਜਾਓਗੇ। ਫਿਰ ਵੀ ਉਹ ਨਹੀਂ ਮੰਨੇ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਮਝ ਆਇਆ। ਫਿਰ ਪ੍ਰਧਾਨ ਮੰਤਰੀ ਨੇ ਮੁਆਫੀ ਮੰਗੀ ਅਤੇ ਕਾਨੂੰਨ ਵਾਪਸ ਲੈ ਲਏ।

ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਕਿ ਮੇਰੇ ਕੋਲ ਗਵਰਨਰ ਵਜੋਂ 4 ਮਹੀਨੇ ਬਾਕੀ ਹਨ। ਮੈਂ ਆਪਣੀ ਜੇਬ ਵਿੱਚ ਅਸਤੀਫਾ ਲੈ ਕੇ ਘੁੰਮਦਾ ਹਾਂ, ਮੈਂ ਆਪਣੀ ਮਾਂ ਦੀ ਕੁੱਖੋਂ ਹਾਕਮ ਬਣ ਕੇ ਨਹੀਂ ਆਇਆ। ਇਸ ਲਈ ਮੈਂ ਸੋਚਿਆ ਹੈ ਕਿ ਸੇਵਾਮੁਕਤ ਹੋਣ ਤੋਂ ਬਾਅਦ ਮੈਂ ਕਿਸਾਨਾਂ ਦੇ ਹੱਕਾਂ ਲਈ ਪੂਰੀ ਤਾਕਤ ਨਾਲ ਲਾਮਬੰਦ ਹੋਵਾਂਗਾ। ਮੇਰਾ ਦੋ ਕਮਰਿਆਂ ਵਾਲਾ ਘਰ ਮੇਰੀ ਤਾਕਤ ਹੈ, ਇਸ ਲਈ ਮੈਂ ਕਿਸੇ ਨਾਲ ਵੀ ਪੰਗਾ ਲੈ ਲੈਂਦਾ ਹਾਂ।