ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਿਚ ਇਕ ਵੱਡੇ ਘਪਲੇ ਦਾ ਪਰਦਾਫਾਸ਼
31.1 ਲੱਖ ਲਾਭਪਾਤਰੀਆਂ ਦੇ ਪਤੀ-ਪਤਨੀ ਹੋਣ ਦਾ ਸ਼ੱਕ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਿਚ ਇਕ ਵੱਡੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਅਜਿਹੇ 31.1 ਲੱਖ ਮਾਮਲਿਆਂ ਦੀ ਪਛਾਣ ਕੀਤੀ ਹੈ। ਇਨ੍ਹਾਂ ਮਾਮਲਿਆਂ ’ਚ, ਪਤੀ-ਪਤਨੀ ਦੋਵੇਂ ਇਕੋ ਸਮੇਂ ਯੋਜਨਾ ਦਾ ਲਾਭ ਲੈ ਰਹੇ ਸਨ। ਇਹ ਗੱਲ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਲੋਂ ਕੀਤੀ ਗਈ ਇਕ ਵਿਆਪਕ ਜਾਂਚ ਦੌਰਾਨ ਸਾਹਮਣੇ ਆਈ ਹੈ। ਕੇਂਦਰ ਨੇ ਇਸ ਨੂੰ ‘ਸ਼ੱਕੀ ਲਾਭਪਾਤਰੀ’ ਵਜੋਂ ਸ਼੍ਰੇਣੀਬੱਧ ਕੀਤਾ ਹੈ ਅਤੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਂਚ ਪੂਰੀ ਕਰਨ ਦਾ ਹੁਕਮ ਦਿਤਾ ਹੈ। ਮੰਤਰਾਲੇ ਨੇ ਕਿਹਾ ਹੈ ਕਿ 19.02 ਲੱਖ ਮਾਮਲਿਆਂ ਦੀ ਜਾਂਚ ਪੂਰੀ ਵੀ ਹੋ ਗਈ ਹੈ, ਜਿਨ੍ਹਾਂ ’ਚੋਂ 17.87 ਲੱਖ ਯਾਨੀ ਲਗਭਗ 94% ਮਾਮਲਿਆਂ ’ਚ, ਪਤੀ-ਪਤਨੀ ਦੋਵੇਂ ਲਾਭਪਾਤਰੀ ਪਾਏ ਗਏ। ਕੇਂਦਰ ਨੇ ਸੂਬਿਆਂ ਨੂੰ ਬਾਕੀ ਜਾਂਚ ਪੂਰੀ ਕਰਨ ਅਤੇ 15 ਅਕਤੂਬਰ ਤਕ ਰੀਪੋਰਟ ਭੇਜਣ ਲਈ ਕਿਹਾ ਹੈ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਉਦੇਸ਼ ਜ਼ਮੀਨ ਮਾਲਕ ਕਿਸਾਨਾਂ ਦੇ ਪਰਵਾਰਾਂ ਨੂੰ ਸਾਲਾਨਾ 6,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਰਕਮ ਤਿੰਨ ਕਿਸਤਾਂ ਵਿਚ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾਂਦੀ ਹੈ। ਨਿਯਮਾਂ ਅਨੁਸਾਰ ਪਤੀ, ਪਤਨੀ ਅਤੇ ਨਾਬਾਲਗ ਬੱਚਿਆਂ ਵਾਲੇ ਪਰਵਾਰ ਵਿਚ ਸਿਰਫ਼ ਇਕ ਵਿਅਕਤੀ ਹੀ ਇਹ ਲਾਭ ਪ੍ਰਾਪਤ ਕਰ ਸਕਦਾ ਹੈ। ਪਰ ਜਾਂਚ ਵਿਚ ਪਾਇਆ ਗਿਆ ਕਿ ਲੱਖਾਂ ਪਰਵਾਰਾਂ ’ਚ, ਪਤੀ-ਪਤਨੀ ਦੋਵੇਂ ਵੱਖ-ਵੱਖ ਨਾਵਾਂ ਹੇਠ ਰਜਿਸਟਰਡ ਸਨ ਅਤੇ ਇਕੱਠੇ ਲਾਭ ਪ੍ਰਾਪਤ ਕਰ ਰਹੇ ਸਨ। ਮੰਤਰਾਲੇ ਨੇ ਇਨ੍ਹਾਂ ਮਾਮਲਿਆਂ ਦੀ ਪਛਾਣ ਕੀਤੀ ਹੈ ਅਤੇ ਸੂਬਿਆਂ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਸੂਤਰਾਂ ਅਨੁਸਾਰ, ਜਾਂਚ ਦੌਰਾਨ, ਮੰਤਰਾਲੇ ਨੇ ਇਹ ਵੀ ਪਾਇਆ ਕਿ 1.76 ਲੱਖ ਮਾਮਲਿਆਂ ’ਚ, ਨਾਬਾਲਗ ਬੱਚੇ ਅਤੇ ਹੋਰ ਪਰਵਾਰਕ ਜੀਅ ਵੀ ਲਾਭ ਪ੍ਰਾਪਤ ਕਰ ਰਹੇ ਸਨ। ਇਸ ਦੌਰਾਨ, 33.34 ਲੱਖ ਸ਼ੱਕੀ ਮਾਮਲੇ ਪਾਏ ਗਏ ਜਿਨ੍ਹਾਂ ਵਿਚ ਸਾਬਕਾ ਜ਼ਮੀਨ ਮਾਲਕਾਂ ਦਾ ਡੇਟਾ ‘ਨਾਜਾਇਜ਼ ਜਾਂ ਖਾਲੀ’ ਪਾਇਆ ਗਿਆ।
ਕਈ ਮਾਮਲਿਆਂ ’ਚ, ਇਹ ਵੀ ਸਾਹਮਣੇ ਆਇਆ ਕਿ ਸਾਬਕਾ ਅਤੇ ਮੌਜੂਦਾ ਦੋਵੇਂ ਜ਼ਮੀਨ ਮਾਲਕ ਇਕੋ ਸਮੇਂ ਪ੍ਰਧਾਨ ਮੰਤਰੀ-ਕਿਸਾਨ ਫੰਡ ਪ੍ਰਾਪਤ ਕਰ ਰਹੇ ਸਨ। ਅਜਿਹੇ ਮਾਮਲਿਆਂ ਦੀ ਗਿਣਤੀ 8.11 ਲੱਖ ਹੋਣ ਦਾ ਅਨੁਮਾਨ ਹੈ। ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਈ ਕਦਮ ਚੁਕੇ ਹਨ ਕਿ ਲਾਭ ਸਹੀ ਕਿਸਾਨਾਂ ਤਕ ਪਹੁੰਚਣ। 1 ਜਨਵਰੀ, 2025 ਤੋਂ ਨਵੇਂ ਲਾਭਪਾਤਰੀਆਂ ਲਈ ਕਿਸਾਨ ਆਈ.ਡੀ. ਲਾਜ਼ਮੀ ਕਰ ਦਿਤੇ ਗਏ ਹਨ। ਇਹ ਇਕੋ ਪਰਵਾਰ ਜਾਂ ਵਿਅਕਤੀ ਵਲੋਂ ਦੂਜੀ ਰਜਿਸਟ੍ਰੇਸ਼ਨ ਦੀ ਸੰਭਾਵਨਾ ਨੂੰ ਖਤਮ ਕਰ ਦੇਵੇਗਾ।