ਪੰਜਾਬ ਸਰਕਾਰ ਬਾਗਬਾਨੀ ਖੇਤਰ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ: ਮੋਹਿੰਦਰ ਭਗਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਬਾਗਬਾਨੀ ਮੰਤਰੀ ਵੱਲੋ ‘ਆਪਣਾ ਪਿੰਡ ਆਪਣਾ ਬਾਗ਼’ ਯੋਜਨਾ ਤਹਿਤ ਹੋਈ ਪ੍ਰਗਤੀ ਦਾ ਜਾਇਜ਼ਾ, ਵਿਭਾਗ ਦੇ ਹੋਰ ਅਹਿਮ ਮੁੱਦਿਆਂ ਤੇ ਵੀ ਹੋਈ ਵਿਸ਼ੇਸ਼ ਚਰਚਾ

Punjab government is working fast to promote horticulture sector and increase farmers' income: Mohinder Bhagat

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਾਗ਼ਬਾਨੀ ਖੇਤਰ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।ਇਸੇ ਮੰਤਵ ਦੇ ਮੱਦੇਨਜ਼ਰ ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਬਾਗਬਾਨੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਅੱਜ ਪੰਜਾਬ ਭਵਨ, ਚੰਡੀਗੜ੍ਹ ਵਿਖੇ ਵਿਸੇਸ਼ ਮੀਟਿੰਗ ਕੀਤੀ।

ਮੰਤਰੀ ਸ਼੍ਰੀ ਭਗਤ ਨੇ ਮੀਟਿੰਗ ਦੌਰਾਨ ਬਾਗ਼ਬਾਨੀ ਵਿਭਾਗ ਦੀ ਯੋਜਨਾ ‘ਆਪਣਾ ਪਿੰਡ ਆਪਣਾ ਬਾਗ਼’ ਅਧੀਨ ਹੋਈ ਪ੍ਰਗਤੀ ਅਤੇ ਵਿਭਾਗ ਵਿੱਚ ਚੱਲ ਰਹੇ ਹੋਰ ਅਹਿਮ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਮੰਤਰੀ ਨੇ ਵੱਖ ਵੱਖ ਜਿਲ੍ਹਾ ਅਧਿਕਾਰੀਆਂ ਤੋਂ ਪ੍ਰਗਤੀ ਅਧੀਨ ਪ੍ਰੋਜੈਕਟਾਂ ਜਿਨ੍ਹਾਂ ਵਿੱਚ ਪੌਲੀ ਹਾਊਸਾਂ ਤੋਂ ਇਲਾਵਾ ਸੂਬੇ ਵਿੱਚ ਫਲਾਂ ਅਤੇ ਸਬਜ਼ੀਆਂ ਸਬੰਧੀ ਉਤਪਾਦਨ ਦਾ ਵੀ ਵਿਸ਼ੇਸ਼ ਜਾਇਜ਼ਾ ਲਿਆ।

ਇਸ ਮੌਕੇ ਸ੍ਰੀ ਭਗਤ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਤੇ ਫ਼ਲਦਾਰ ਪੌਦੇ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਉਨ੍ਹਾ ਦੱਸਿਆ ਕਿ ਪੰਚਾਇਤੀ ਜ਼ਮੀਨਾਂ ਤੇ ਲੱਗਣ ਵਾਲੇ ਫ਼ਲਦਾਰ ਬਾਗਾਂ ਤੋਂ ਹੋਣ ਵਾਲੀ ਆਮਦਨ ਪਿੰਡਾਂ ਦੇ ਵਿਕਾਸ ਲਈ ਵਰਤੀ ਜਾਵੇਗੀ। ਜਿਸ ਨਾਲ ਸੂਬੇ ਦੇ ਪਿੰਡ ਆਰਥਿਕ ਪੱਖੋਂ ਆਤਮਨਿਰਭਰ ਹੋਣਗੇ।

ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਬਾਗ਼ਬਾਨੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਅਤੇ ਡਾਇਰੈਕਟਰ ਸ਼੍ਰੀਮਤੀ ਸ਼ੈਲੇਂਦਰ ਕੌਰ ਵਲੋਂ ਵਿਭਾਗ ਅਧੀਨ ਪ੍ਰੋਜੈਕਟਾਂ ਦੀ ਪ੍ਰਗਤੀ ਅਤੇ ਖਾਲੀ ਅਸਾਮੀਆਂ ਨੂੰ ਭਰਨ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਮੰਤਰੀ ਨੂੰ ਵਿਸ਼ੇਸ਼ ਤੌਰ ‘ਤੇ ਜਾਣੂ ਕਰਵਾਇਆ। ਇਸ ਮੌਕੇ ਮੰਤਰੀ ਸ਼੍ਰੀ ਭਗਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਗ਼ਬਾਨੀ ਵਿਭਾਗ ਅਧੀਨ ਪ੍ਰਗਤੀ ਹੇਠ ਸਾਰੇ ਪ੍ਰੋਜੈਕਟਾਂ‘ ਨੂੰ ਮਿੱਥੇ ਸਮੇਂ ਵਿੱਚ ਪੂਰਾ ਕੀਤਾ ਜਾਵੇ। ਉਨ੍ਹਾ ਕਿਹਾ ਕਿ ਅਧਿਕਾਰੀ ਸਥਾਨਕ ਪੰਚਾਇਤਾਂ ਅਤੇ ਕਿਸਾਨਾਂ ਨਾਲ ਨਿੱਜੀ ਤੌਰ ਤੇ ਰਾਬਤਾ ਕਾਇਮ ਕਰਨ ਅਤੇ ਕਿਸਾਨਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਹਰ ਸੰਭਵ ਸਹਾਇਤਾ ਦੇਣ। ਅਧਿਕਾਰੀਆਂ ਵੱਲੋਂ ਕੈਬਨਿਟ ਮੰਤਰੀ ਨੂੰ ਹਰ ਕੰਮ ਸਮੇਂ ਸਿਰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ।