ਸਾਲਾਨਾ ਇਕ ਲੱਖ ਟਨ ਤੋਂ ਵੱਧ ਪਰਾਲੀ ਦਾ ਹੋਵੇਗਾ ਨਿਬੇੜਾ
ਪਰਾਲੀ ਆਧਾਰਤ 71.68 ਕਰੋੜ ਰੁਪਏ ਦਾ ਬਾਇਉ-ਸੀਐਨਜੀ ਪ੍ਰਾਜੈਕਟ ਪ੍ਰਵਾਨ
ਪੰਜਾਬ ਸਰਕਾਰ ਨੇ ਸਾਲਾਨਾ ਇਕ ਲੱਖ ਟਨ ਪਰਾਲੀ ਦਾ ਨਿਬੇੜਾ ਕਰਨ ਅਤੇ ਰੋਜ਼ਾਨਾ 33.23 ਟਨ ਬਾਇਉ-ਸੀਐਨਜੀ ਦਾ ਉਤਪਾਦਨ ਕਰਨ ਲਈ 71.68 ਕਰੋੜ ਦੀ ਲਾਗਤ ਵਾਲੇ ਬਾਇਉ-ਸੀਐਨਜੀ ਪ੍ਰਾਜੈਕਟ ਦੀ ਅਲਾਟਮੈਂਟ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ਪ੍ਰਾਜੈਕਟ ਦੀ ਰੋਜ਼ਾਨਾ ਸਮਰੱਥਾ 6.7 ਮੈਗਾਵਾਟ ਇਲੈਕਟ੍ਰੀਕਲ ਦੀ ਹੈ।ਇਹ ਫ਼ੈਸਲਾ ਚੇਅਰਮੈਨ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ, ਨਵੇਂ ਤੇ ਨਵਿਆਉਣਯੋਗ ਊਰਜਾ ਸਰੋਤ (ਐਨਆਰਈਐਸ) ਦੀ ਅਗਵਾਈ ਹੇਠ ਇਥੇ ਹੋਈ ਪ੍ਰਾਜੈਕਟ ਅਲਾਟਮੈਂਟ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਤਿਵਾੜੀ ਨੇ ਦਸਿਆ ਕਿ ਇਹ ਪ੍ਰਾਜੈਕਟ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੀ ਨਿਗਰਾਨੀ ਹੇਠ
100 ਫ਼ੀ ਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨਾਲ ਮੈਸਰਜ਼ ਵਰਬਿਉ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਪਿੰਡ ਭੁਟਾਲ ਕਲਾਂ, ਤਹਿਸੀਲ ਲਹਿਰਾਗਾਗਾ, ਜ਼ਿਲ੍ਹਾ ਸੰਗਰੂਰ ਵਿਚ ਐਨਆਰਐਸਈ ਨੀਤੀ-2012 ਅਧੀਨ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸਾਲਾਨਾ ਤਕਰੀਬਨ ਇਕ ਲੱਖ ਟਨ ਪਰਾਲੀ ਦਾ ਨਿਬੇੜਾ ਕਰੇਗਾ ਅਤੇ ਰੋਜ਼ਾਨਾ 33.23 ਟਨ ਬਾਇਉ ਸੀਐਨਜੀ ਦਾ ਉਤਪਾਦਨ ਕਰੇਗਾ। ਇਸ ਤੋਂ ਇਲਾਵਾ ਇਹ ਪ੍ਰਾਜੈਕਟ ਸਾਲਾਨਾ 1.44 ਲੱਖ ਟਨ ਜੈਵਿਕ ਖਾਦ ਵੀ ਪੈਦਾ ਕਰੇਗਾ। ਤਿਵਾੜੀ ਨੇ ਕਿਹਾ ਕਿ ਇਹ ਪ੍ਰਾਜੈਕਟ ਸਿੱਧੇ ਤੌਰ 'ਤੇ 60 ਤਕਨੀਕੀ ਤੇ ਗ਼ੈਰ ਤਕਨੀਕੀ ਵਿਅਕਤੀਆਂ ਅਤੇ ਅਸਿੱਧੇ ਤੌਰ 'ਤੇ ਦੋ ਹਜ਼ਾਰ ਵਿਅਕਤੀਆਂ ਨੂੰ ਰੁਜ਼ਗਾਰ ਦੇਵੇਗਾ।