ਕਣਕ ਦੇ ਮੰਡੀਕਰਨ ਦੌਰਾਨ ਸਰਕਾਰ ਨੂੰ ਦੇਣੇ ਪੈਣਗੇ ਕਰੜੇ ਇਮਤਿਹਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ, ਆੜ੍ਹਤੀਆਂ, ਟਰਾਂਸਪੋਰਟ ਅਤੇ ਲੇਬਰ ਸਾਹਮਣੇ

File Photo

ਸ੍ਰੀ ਮੁਕਤਸਰ ਸਾਹਿਬ  (ਰਣਜੀਤ ਸਿੰਘ/ਕਸ਼ਮੀਰ ਸਿੰਘ): ਪੰਜਾਬ ਵਿਚ ਕਣਕ ਦੀ ਕਟਾਈ ਸ਼ੁਰੂ ਹੋ ਗਈ ਹੈ ਅਤੇ 15 ਅਪ੍ਰੈਲ ਨੂੰ ਕਣਕ ਦਾ ਮੰਡੀਕਰਨ ਵੀ ਸ਼ੁਰੂ ਹੋ ਜਾਵੇਗਾ। ਸਰਕਾਰ ਨੇ ਕੋਰੋਨਾ ਤੋਂ ਸੁਰੱਖਿਆ ਲਈ ਕਣਕ ਦੀ ਵਾਢੀ ਦੌਰਾਨ ਜਾਰੀ ਐਡਵਾਈਜ਼ਰੀ ਮੁਤਾਬਕ ਕੰਬਾਈਨ ਸਵੇਰੇ 6 ਵਜੇ ਤੋਂ ਸ਼ਾਮ ਦੇ 7 ਵਜੇ ਤਕ ਹੀ ਚੱਲੇਗੀ। ਭਾਵੇਂ ਸਰਕਾਰਾਂ ਵਲੋਂ ਕੋਰੋਨਾ ਬੀਮਾਰੀ ਤੋਂ ਬਚਾਅ ਲਈ ਕਿਸਾਨਾਂ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਹਨ ਪਰ ਸਵੇਰੇ 6 ਵਜੇ ਕੰਬਾਈਨਾਂ ਚਲਾਉਣ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ। 

ਜ਼ਿਕਰਯੋਗ ਹੈ ਕਿ ਇਕੱਲੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਦਾਣਾ ਮੰਡੀ ਵਿਚ 20 ਲੱਖ ਗੱਟਾ ਕਣਕ ਦਾ ਆਉਂਦਾ ਹੈ। ਜੇ ਮੰਡੀ 'ਚ ਰੋਜ਼ਾਨਾ 50 ਹਜ਼ਾਰ ਗੱਟੇ ਦੀ ਖ਼ਰੀਦ ਹੁੰਦੀ ਹੈ ਤਾਂ 40 ਦਿਨ ਲਗਾਤਾਰ ਕਣਕ ਦੀ ਤੁਲਾਈ, ਚੁਕਾਈ ਤੇ ਭਰਾਈ ਮੁਕੰਮਲ ਹੋ ਸਕੇਗੀ। ਕੀ ਕਹਿਣਾ ਇਲਾਕੇ ਦੇ ਕਿਸਾਨਾਂ ਦਾ: ਇਸ ਸਬੰਧੀ ਜਦੋਂ ਇਲਾਕੇ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਵੇਰੇ ਤਰੇਲ ਹੋਣ ਕਰ ਕੇ ਕੰਬਾਈਨਾਂ ਨਹੀਂ ਚਲਦੀਆਂ। ਇਸ ਨਾਲ ਦਾਣਾ ਬੱਲੀ ਵਿਚ ਰਹਿ ਜਾਂਦਾ ਹੈ, ਕਣਕ ਵਿਚ ਨਮੀ ਵੀ ਵਧ ਰਹਿ ਜਾਂਦੀ ਹੈ ਅਤੇ ਮੰਡੀਕਰਨ ਦੀ ਵੀ ਸਮੱਸਿਆ ਆਉਂਦੀ ਹੈ।

ਇਸ ਲਈ ਕੰਬਾਈਨ ਚਲਾਉਣ ਦਾ ਸਮਾਂ ਸਵੇਰੇ 9 ਤੋਂ ਸ਼ਾਮ 8 ਵਜੇ ਦਾ ਹੋਣਾ ਚਾਹੀਦਾ ਹੈ। ਕਿਸਾਨਾਂ ਸਾਹਮਣੇ ਇਹ ਵੀ ਸਮੱਸਿਆ ਹੈ ਕਿ ਜੋ ਕੰਬਾਈਨਾਂ ਦੂਸਰੇ ਸੂਬਿਆਂ ਨੂੰ ਗਈਆਂ ਹਨ, ਉਨ੍ਹਾਂ ਦੀ ਵਾਪਸੀ 'ਤੇ ਸਰਕਾਰ ਵਲੋਂ ਡਰਾਈਵਰਾਂ ਤੇ ਲੇਬਰ ਨੂੰ 14 ਦਿਨਾਂ ਲਈ ਆਈਸੋਲੇਟ ਕੀਤੇ ਜਾਣਾ ਹੈ ਜਿਸ ਦਾ ਅਸਰ ਸਿੱਧੇ ਤੌਰ 'ਤੇ ਕਿਸਾਨਾਂ ਦੇ ਕੰਮਕਾਜ 'ਤੇ ਪਵੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਨ੍ਹਾਂ ਕੰਬਾਈਨ ਚਾਲਕਾਂ ਤੇ ਲੇਬਰ ਨੂੰ ਆਈਸੋਲੇਟ ਕਰਨ ਸਬੰਧੀ ਨੀਤੀ ਬਾਰੇ ਸਪੱਸ਼ਟ ਕਰੇ। ਮਾਹਰਾਂ ਦਾ ਵੀ ਇਹੀ ਕਹਿਣਾ ਹੈ ਕਿ ਕੰਬਾਈਨ ਚੱਲਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤਕ ਹੋਣਾ ਚਾਹੀਦਾ ਹੈ।

ਕੀ ਕਹਿਣਾ ਆੜ੍ਹਤੀਆਂ ਦਾ: ਮੰਡੀ ਦੇ ਆੜ੍ਹਤੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵਲੋਂ ਕਣਕ ਦੀ ਖ਼ਰੀਦ ਲਈ ਅਪਣੇ ਪੱਧਰ 'ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਫਿਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਸਾਹਮਣਾ ਆਉਣ ਵਾਲੇ ਸਮੇਂ 'ਚ ਆੜ੍ਹਤੀਆਂ ਨੂੰ ਕਰਨਾ ਪਵੇਗਾ। ਆੜ੍ਹਤੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਕਤ ਸਮੱਸਿਆਵਾਂ ਸਬੰਧੀ ਆੜ੍ਹਤੀਆਂ ਨਾਲ ਵਿਚਾਰ ਸਾਂਝੇ ਕੀਤੇ ਜਾਣ।

ਕੀ ਕਹਿਣਾ ਸਕੱਤਰ ਮਾਰਕੀਟ ਕਮੇਟੀ ਦਾ: ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਵਿਭਾਗ ਵਲੋਂ ਮੰਡੀ 'ਚ ਰੰਗਾਂ ਨਾਲ 30 ਬਾਈ 30 ਦੇ 300 ਖਾਨੇ ਬਣਾਏ ਗਏ ਹਨ। ਹਰੇਕ ਖਾਨੇ ਵਿਚ 50 ਕੁਇੰਟਲ ਕਣਕ ਢੇਰੀ ਕਰਨ ਦਾ ਸਿਸਟਮ ਰਖਿਆ ਗਿਆ ਹੈ। ਇਸ ਲਈ ਸਭ ਤੋਂ ਪਹਿਲਾਂ 100 ਕਿਸਾਨਾਂ ਨੂੰ ਕਣਕ ਲਿਆਉਣ ਦੇ ਪਾਸ ਜਾਰੀ ਕੀਤੇ ਜਾਣਗੇ, ਹਰ ਸਮੇਂ ਬਾਕੀ 200 ਖਾਨਿਆਂ ਨੂੰ ਖਾਲੀ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲੇ ਦਿਨ ਜਿੰਨੇ ਖਾਨੇ ਖਾਲੀ ਹੋਣਗੇ, ਅਗਲੇ ਦਿਨ ਉਨੇ ਹੀ ਪਾਸ ਦਿਤੇ ਜਾਣਗੇ।