ਸਿਰਫ ਕਰਫ਼ਿਊ ਪਾਸਾਂ ਸਮੇਤ ਹੀ ਮੰਡੀ ਵਿਚ ਹੋ ਸਕਣਗੇ ਦਾਖ਼ਲ ਕਿਸਾਨ, ਆੜ੍ਹਤੀ ਅਤੇ ਲੇਬਰ ਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

15 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਕਣਕ ਦੀ ਖ਼ਰੀਦ ਦੇ ਸੀਜ਼ਨ ਦੌਰਾਨ ਆੜ੍ਹਤੀ ਅਤੇ ਕਿਸਾਨ ਸਿਰਫ ਕਰਫ਼ਿਊ ਪਾਸਾਂ ਨਾਲ ਹੀ ਮੰਡੀ ਵਿਚ ਦਾਖ਼ਲ ਹੋ ਸਕਣਗੇ।

File Photo

ਮੋਗਾ, 13 ਅਪ੍ਰੈਲ (ਅਮਜਦ ਖ਼ਾਨ/ਹਰਦੀਪ ਧੰਮੀ): 15 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਕਣਕ ਦੀ ਖ਼ਰੀਦ ਦੇ ਸੀਜ਼ਨ ਦੌਰਾਨ ਆੜ੍ਹਤੀ ਅਤੇ ਕਿਸਾਨ ਸਿਰਫ ਕਰਫ਼ਿਊ ਪਾਸਾਂ ਨਾਲ ਹੀ ਮੰਡੀ ਵਿਚ ਦਾਖ਼ਲ ਹੋ ਸਕਣਗੇ। ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜ਼ਿਲ੍ਹਾ ਮੰਡੀ ਅਫ਼ਸਰ ਜਸਵਿੰਦਰ ਸਿੰਘ ਅਤੇ ਵੱਖ-ਵੱਖ ਖੇਤਰ ਦੀਆਂ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਕਿਸਾਨ, ਆੜ੍ਹਤੀ ਅਤੇ ਮਜ਼ਦੂਰ ਅਪਣੇ ਖਾਣ-ਪੀਣ ਆਦਿ ਦੇ ਪ੍ਰਬੰਧ ਦੀ ਜਿੰਮੇਵਾਰੀ ਆਪ ਲੈਣਗੇ। ਉਨ੍ਹਾਂ ਦਸਿਆ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਜਾਂ ਪਾਣੀ, ਚਾਹ ਆਦਿ ਵੇਚਣ ਵਾਲੀ ਕੋਈ ਵੀ ਰੇਹੜੀ ਜਾਂ ਅਸਥਾਈ ਸਟਾਲ ਮੰਡੀ 'ਚ ਚਲਾਉਣ ਦੀ ਸਖ਼ਤ ਮਨਾਹੀ ਹੈ। 

ਡਿਪਟੀ ਕਮਿਸ਼ਨਰ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਹਰ ਇਕ ਵਿਅਕਤੀ ਨੂੰ ਮਾਸਕ ਪਾਉਣਾ ਲਾਜ਼ਮੀ ਕਰ ਦਿਤਾ ਗਿਆ ਹੈ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਕਿਸੇ ਨੂੰ ਵੀ ਖੁੱਲ੍ਹੀ ਜਗ੍ਹਾ 'ਤੇ ਇਸਤੇਮਾਲ ਕਰਨ ਵਾਲੇ ਮਾਸਕ ਨੂੰ ਸੁੱਟਣ ਦੀ ਆਗਿਆ ਨਹੀਂ ਦਿਤੀ ਜਾਵੇਗੀ। ਮਾਰਕੀਟ ਕਮੇਟੀਆਂ ਦੇ ਸਾਰੇ ਸੈਕਟਰੀਆਂ ਨੂੰ ਡਸਟਬਿਨ ਮੁਹਈਆ ਕਰਵਾਉਣ ਲਈ ਕਿਹਾ ਗਿਆ ਹੈ ਜਿਥੇ ਲੋਕ ਵਰਤੇ ਹੋਏ ਮਾਸਕ ਸੁੱਟ ਸਕਦੇ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਸਬੰਧਤ ਸਥਾਨਕ ਮਾਰਕਿਟ ਕਮੇਟੀਆਂ ਵਲੋਂ ਜਾਰੀ ਕੀਤੇ ਕਰਫ਼ਿਊ ਪਾਸ ਲੈ ਕੇ ਮੰਡੀ ਵਿਚ ਆਉਣ ਦੇ ਨਿਰਦੇਸ਼ ਜਾਰੀ ਹੋਏ ਹਨ। ਆੜ੍ਹਤੀਏ ਕਿਸਾਨਾਂ ਦੇ ਪਾਸ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਬਾਅਦ ਆੜ੍ਹਤੀਏ ਲੋੜ ਅਨੁਸਾਰ ਕਿਸਾਨਾਂ ਨੂੰ ਪਾਸ ਜਾਰੀ ਕਰਨਗੇ ਅਤੇ ਹਰ ਕਿਸਾਨ ਨੂੰ ਮੋਬਾਈਲ ਫ਼ੋਨ 'ਤੇ ਇਕ ਸੰਦੇਸ਼ ਰਾਹੀਂ ਵਾਰੀ ਸਿਰ ਮੰਡੀ ਵਿਚ ਬੁਲਾਉਣਗੇ। ਡਿਪਟੀ ਕਮਿਸ਼ਨਰ ਨੇ ਸਾਰਿਆਂ ਨੂੰ ਕਰਫ਼ਿਊ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ।