15 ਦਿਨ ਬਾਅਦ ਕਣਕ, ਮੰਡੀਆਂ 'ਚ ਵਿਕਣ ਲਈ ਆਉਣੀ ਸ਼ੁਰੂ ਹੋਵੇਗੀ
33000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਲਈ ਲਿਖਿਆ
ਚੰਡੀਗੜ੍ਹ- ਖ਼ਰਾਬ ਮੌਸਮ ਅਤੇ ਕਰੋਨਾ ਵਾਇਰਸ ਦੇ ਡਰ ਤੋਂ ਸਹਿਮੇ ਸ਼ਹਿਰੀ ਲੋਕ ਤੇ ਕਿਸਾਨ ਸਮੇਤ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਵਿਸ਼ੇਸ਼ ਤੌਰ 'ਤੇ ਅਨਾਜ ਸਪਲਾਈ ਵਿਭਾਗ ਲਈ ਦੋ ਹਫ਼ਤੇ ਮਗਰੋਂ 135 ਲੱਖ ਟਨ ਦੀ ਕਣਕ ਖ਼ਰੀਦ ਅਤੇ ਉਸ ਦੇ ਭੰਡਾਰਨ ਦਾ ਡੂੰਘਾ ਸੰਕਟ ਆਉਣ ਵਾਲਾ ਹੈ।
ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਅਤੇ ਮੰਡੀ ਬੋਰਡ ਦੇ ਫ਼ੀਲਡ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਕੇਂਦਰ ਸਰਕਾਰ ਵਲੋਂ ਤੈਅ ਕੀਤਾ ਘਟੋ-ਘਟ ਸਮਰਥਨ ਮੁੱਲ 1925 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 33475 ਕਰੋੜ ਦੇ ਕਰੀਬ ਕੈਸ਼ ਕ੍ਰੈਡਿਟ ਲਿਮਟ ਦੀ ਮਨਜ਼ੂਰੀ ਲਈ ਪੰਜਾਬ ਸਰਕਾਰ ਨੇ ਲਿਖ ਦਿਤਾ ਹੈ ਪਰ ਅਸਲ ਸੰਕਟ ਤਾਂ ਇਹ ਆਏਗਾ ਕਿ ਇਸ ਦੇ ਸਟੋਰ ਕਰਨ ਦੀ ਜਗਾਂ ਮੰਡੀਆਂ ਵਿਚ ਨਹੀਂ ਹੈ। ਪੰਜਾਬ ਪਾਸ 260 ਲੱਖ ਟਨ ਅਨਾਜ ਸਟੋਰ ਕਰਨ ਦੇ ਗੋਦਾਮ ਹਨ ਜੋ ਨੱਕੋ ਨਕ ਭਰੇ ਹਨ
ਅਤੇ ਫ਼ੂਡ ਕਾਰਪੋਰੇਸ਼ਨ ਮਸਾਂ 10 ਲੱਖ ਟਨ ਅਨਾਜ ਹੀ ਦੂਜੇ ਰਾਜਾਂ ਨੂੰ ਸ਼ਿਫ਼ਟ ਕਰ ਸਕੀ ਹੈ ਕਿਉਂਕਿ ਹੁਣ ਜ਼ਰੂਰਤ ਵਾਲੇ ਸੂਬੇ ਖੁਦ ਕਣਕ ਤੇ ਝੋਨਾ ਪੈਦਾ ਕਰਨ ਲੱਗ ਪਏ ਹਨ। 1500 ਮੰਡੀਆਂ ਸਮੇਤ ਕੁਲ 1832 ਖ਼ਰੀਦ ਕੇਂਦਰਾਂ ਵਿਚ ਅਨਾਜ ਵਾਸਤੇ ਹੀ ਮਸਾਂ ਜਗਾਂ ਹੈ। ਇਸ ਸੰਭਾਵੀ ਸੰਕਟ ਬਾਰੇ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਜੇਵਾਲ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਡੂੰਘੀ ਸਾਜ਼ਿਸ਼ ਤਹਿਤ ਇਹ ਸਾਰਾ ਕੁੱਝ ਹੋ ਰਿਹਾ ਹੈ।
ਪਹਿਲਾਂ ਐਫ਼.ਸੀ.ਆਈ ਨੇ ਪੰਜਾਬ ਹਰਿਆਣਾ ਵਿਚੋਂ ਝੋਨਾ ਕਣਕ ਖ਼ਰੀਦ ਦਾ ਹਿਸਾ 30 ਫ਼ੀ ਸਦੀ ਤੋਂ ਘਟਾ ਕੇ 9 ਫ਼ੀ ਸਦੀ ਕੀਤਾ। ਫਿਰ 3 ਫ਼ੀ ਸਦੀ 'ਤੇ ਆ ਗਏ। ਹੁਣ ਪਿਛਲੇ ਸਾਲ ਤੋਂ ਅਨਾਜ ਇਥੋ ਦੂਜੇ ਸੂਬਿਆਂ ਨੂੰ ਨਹੀਂ ਭੇਜਿਆ, ਸਟੋਰ ਖ਼ਾਲੀ ਨਹੀਂ ਕੀਤੇ ਅਤੇ ਅਗਲਾ ਕਦਮ ਉਨ੍ਹਾਂ ਦਾ ਐਮ.ਐਸ.ਪੀ. ਬੰਦ ਕਰਨਾ ਹੋਵੇਗਾ ਅਤੇ ਮੰਡੀਕਰਨ ਦਾ ਸਰਕਾਰੀ ਸਿਸਟਮ ਬੰਦ ਕਰ ਕੇ ਪ੍ਰਾਈਵੇਟ ਅਦਾਰਿਆਂ ਜਾਂ ਕੰਪਨੀਆਂ ਹਥੋਂ ਖ਼ਰੀਦ ਕਰਾਉਣ ਦਾ ਹੋਵੇਗਾ।
ਦੂਜੇ ਪਾਸੇ ਅਨਾਜ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਨੇ ਦਸਿਆ ਕਿ ਖ਼ਰਾਬ ਮੌਸਮ ਦੇ ਚਲਦਿਆਂ ਕੁਲ 185 ਲੱਖ ਟਨ ਕਣਕ ਦੀ ਪੈਦਾਵਾਰ ਵਿਚੋਂ ਮੰਡੀਆਂ ਵਿਚ 135 ਲੱਖ ਟਨ ਦੀ ਸੰਭਾਵੀ ਖ਼ਰੀਦ ਵਾਸਤੇ ਪੂਰਾ ਬਾਰਦਾਨੇ ਦਾ ਇੰਤਜਾਮ, 4 ਸਰਕਾਰੀ ਏਜੰਸੀਆਂ ਪਨਗ੍ਰੇਨ, ਮਾਰਕਫੈਡ, ਪਨਸਪ ਤੇ ਵੇਅਰਿੰਗ ਹਾਊਸ ਕਾਰਪੋਰੇਸ਼ਨ ਨੇ ਕਰ ਲਿਆ ਹੈ। ਇਹ ਕੁਲ ਖ਼ਰੀਦ ਦਾ ਕੰਮ, ਜੰਗੀ ਪੱਧਰ 'ਤੇ 10 ਮਈ ਤਕ ਮਸਾਂ 25 ਕੁ ਦਿਨ ਹੀ ਚਲਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।